ਅੰਮ੍ਰਿਤਸਰ, 13 ਦਸੰਬਰ – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਸ਼੍ਰੋਮਣੀ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈੱਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਬੋਰਡ ਦੇ ਡਾਇਰੈਕਟਰ ਡਾ. ਬ੍ਰਿਜਪਾਲ ਸਿੰਘ, ਸ੍ਰੀਮਤੀ ਜਸਬੀਰ ਕੌਰ, ਡਾ. ਬੂਟਾ ਸਿੰਘ ਬਰਾੜ, ਡਾ. ਸੁਰਿੰਦਰਪਾਲ ਸਿੰਘ ਮੰਡ, ਸ੍ਰੀ ਹਰਜਿੰਦਰ ਸਿੰਘ ਸੂਰਜੇਵਾਲੀਆ ਤੇ ਡਾ. ਜੀਤ ਸਿੰਘ ਜੋਸ਼ੀ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਅੱਜ ਭੰਵਰ ਸਾਹਿਬ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਕੀਤੇ ਸਾਹਿਤਕ ਕਾਰਜ ਤੇ ਪ੍ਰਕਾਸ਼ਿਤ ਪੁਸਤਕਾਂ ਜਿਵੇਂ ਪੰਜਾਬ ਦਾ ਲੋਕ-ਨਾਇਕ, ਸਾਕਾ ਨੀਲਾ ਤਾਰਾ ਬਾਰੇ ਡਾਇਰੀ ਦੇ ਪੰਨੇ, ਨਾਰੀਅਲ ਦੀ ਧਰਤੀ ‘ਤੇ, ਸੋਭਾ ਸਿੰਘ (ਜੀਵਨ ਤੇ ਕਲਾ), ਮੇਰੀ ਕੈਨੇਡਾ ਫੇਰੀ ਆਦਿ ਉਨ੍ਹਾਂ ਦੇ ਨਾਂ ਨੂੰ ਹਮੇਸ਼ਾ ਕਾਇਮ ਰੱਖਣਗੀਆਂ। ਉਨ੍ਹਾਂ ਦੇ ਚਲੰਤ ਮਾਮਲਿਆਂ ਤੇ ਸਿੱਖ ਧਰਮ ਬਾਰੇ ਅਕਸਰ ਦੇਸ਼ ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਛਪਦੇ ਰਹਿੰਦੇ ਸਨ। ਉਨ੍ਹਾਂ ਪ੍ਰੋ. ਪੁਰਦਮਨ ਸਿੰਘ ਬੇਦੀ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਮਿਲ ਕੇ ਸ਼ੋਭਾ ਸਿੰਘ ਚਿੱਤਰਕਾਰ ਸਿਮ੍ਰਿਤੀ ਗ੍ਰੰਥ 2003 ਵਿੱਚ ਸੰਪਾਦਿਤ ਕੀਤਾ। ਉਨ੍ਹਾਂ ਨੇ ਦਿ ਟ੍ਰਿਬਿਊਨ, ਬੀਬੀਸੀ, ਪੰਜਾਬੀ ਜਾਗਰਣ ਤੇ ਦੈਨਿਕ ਜਾਗਰਣ ਅਖ਼ਬਾਰਾਂ ਲਈ ਕੰਮ ਕੀਤਾ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਮੀਡੀਆ ਸਲਾਹਕਾਰ ਨੌਕਰੀ ਕੀਤੀ।
ਉਹ ਦੇਸ਼-ਵਿਦੇਸ਼ ਘੁੰਮੇ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਅਤੇ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਚੰਡੀਗੜ੍ਹ ਦੇ ਜੀਵਨ ਮੈਂਬਰ ਸਨ। ਪ੍ਰੈੱਸ ਕਲੱਬ ਪਟਿਆਲਾ ਤੇ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਰਹਿ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ “ਐਨਸਾਈਕਲੋਪੀਡੀਆ ਆਫ਼ ਸਿਖ਼ਿਜ਼ਮ” ਦੀ ਨਵੀਂ ਐਡੀਸ਼ਨ ਲਈ “ਅਪਰੇਸ਼ਨ ਬਲਿਊ ਸਟਾਰ” ਬਾਰੇ “ਐਂਟਰੀ” ਲਿਖ ਕੇ ਦਿੱਤੀ। ਉਨ੍ਹਾਂ ਨੂੰ ਦੋ ਦਰਜਨ ਤੋਂ ਵੱਧ ਸਾਹਿੱਤਕ, ਧਾਰਮਿਕ ਅਤੇ ਪੱਤਰਕਾਰਤਾ ਨਾਲ ਜੁੜੀਆਂ ਜੱਥੇਬੰਦੀਆਂ ਵੱਲੋਂ ਸਮੇਂ ਸਮੇਂ ਸਨਮਾਨਿਤ ਕੀਤਾ ਗਿਆ। ਇੰਡੀਅਨ ਮੀਡੀਆ ਸੈਂਟਰ ਲੁਧਿਆਣਾ ਵੱਲੋਂ ਆਪ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਐਵਾਰਡ’ ਨਾਲ ਨਿਵਾਜਿਆ ਗਿਆ।
ਜਾਰੀ ਕਰਤਾ ਡਾ. ਚਰਨਜੀਤ ਸਿੰਘ ਗੁਮਟਾਲਾ, +91-9417533060
Home Page ਪਰਕਸ ਵੱਲੋਂ ਸ਼੍ਰੋਮਣੀ ਪੱਤਰਕਾਰ ਸ. ਹਰਬੀਰ ਸਿੰਘ ਭੰਵਰ ਦੇ ਅਕਾਲ ਚਲਾਣੇ ‘ਤੇ...