ਚੇਨੱਈ, 12 ਸਤੰਬਰ (ਏਜੰਸੀ) – ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਮਾਤ ਦੇ ਕੇ ਟੀਮ ਇੰਡੀਆ ਦਾ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਸਿਹਤਮੰਦ ਹੋ ਕੇ ਮੁੜ ਮੈਦਾਨ ‘ਤੇ ਪਰਤ ਆਇਆ ਹੈ। ਬੀਤੀ ਰਾਤ ਨਿਊਜ਼ੀਲੈਂਡ ਖਿਲਾਫ਼ ਹੋਏ ਟਵੰਟੀ-20 ਮੈਚ ਵਿੱਚ ਯੁਵਰਾਜ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਸਭ ਨੂੰ ਪ੍ਰਭਾਵਿਤ ਕੀਤਾ। ਯੁਵਰਾਜ ਦੀ ਖੇਡ ਵਿੱਚ ਕੋਈ ਤਬਦੀਲੀ ਨਹੀਂ ਆਈ। ਉਸ ਦੀ ਫੀਲਡਿੰਗ ਅਤੇ ਗੇਂਦਬਾਜ਼ੀ ਪਹਿਲਾਂ ਵਾਂਗ ਹੀ ਲਾਜਵਾਬ ਹੈ। ਜਦੋਂ ਕਿ ਬੱਲੇਬਾਜ਼ੀ ਵੀ ਉਸ ਦੀ ਹੋਰ ਆਕ੍ਰਮਕ ਹੋ ਗਈ ਹੈ।
ਬੀਤੀ ਰਾਤ ਯੁਵਰਾਜ ਸਿੰਘ ਨੇ 26 ਗੇਂਦਾਂ ਵਿੱਚ 34 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ ਉਸ ਨੇ 2 ਛੱਕੇ ਅਤੇ ੧ ਚੌਕਾ ਲਗਾਇਆ। ਯੁਵਰਾਜ ਸਿੰਘ ਨੇ 2 ਓਵਰ ਵੀ ਸੁੱਟੇ, ਜਿਸ ਵਿੱਚ ਉਸ ਨੇ ਕੇਵਲ 12 ਰਨ ਹੀ ਦਿੱਤੇ। ਹਾਲਾਂਕਿ ਯੁਵਰਾਜ ਸਿੰਘ ਦੇ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਟੀਮ ਇੰਡੀਆ ਇਹ ਮੈਚ 1 ਦੌੜ ਨਾਲ ਹਾਰ ਗਈ। ਪਰ ਯੁਵਰਾਜ ਸਿੰਘ ਦੀ ਚੰਗੀ ਫਾਰਮ ਨੇ ਇਹ ਸਾਬਤ ਕਰ ਦਿੱਤਾ ਹੈ ਆਉਣ ਵਾਲੇ ਟਵੰਟੀ-20 ਵਿਸ਼ਵ ਕੱਪ ਵਿਚ ਭਾਰਤ ਦਾ ਦਾਅਵਾ ਮਜ਼ਬੂਤ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਯੁਵਰਾਜ ਸਿੰਘ ਕੈਂਸਰ ਦਾ ਇਲਾਜ ਕਰਾਉਣ ਲਈ ਅਮਰੀਕਾ ਚਲਾ ਗਿਆ ਸੀ। ਉਹ ਤਕਰੀਬਨ 300 ਦਿਨਾਂ ਬਾਅਦ ਮੈਦਾਨ ‘ਤੇ ਪਰਤਿਆ ਹੈ।
Sports ਪਰਤ ਆਇਆ ਯੁਵਰਾਜ ਸਿੰਘ