ਆਕਲੈਂਡ – ਪ੍ਰਧਾਨ ਮੰਤਰੀ ਜੌਨ ਕੀ ਵਲੋਂ ‘ਯੰਗ ਪ੍ਰੋਫੈਸ਼ਨਲਸ’ ਲਈ ਰੱਖੇ ਰਾਤਰੀ ਭੌਜ ਵਿੱਚ ਤੈਰਾਕੀ ਵਿੱਚ ‘ਕਾਉਂਟੀ ਮੈਨੂਕਾਓ’ ਰਿਕਾਰਡ ਧਾਰਕ ਪਰਲ ਹਾਂਸ ਨੂੰ ਵੀ ਸਦਾ ਦਿੱਤਾ ਗਿਆ ਜਿੱਥੇ ਉਸ ਦੀ ਮੁਲਾਕਾਤ ਪ੍ਰਧਾਨ ਮੰਤਰੀ ਨਾਲ ਹੋਈ।
ਜ਼ਿਕਰਯੋਗ ਹੈ ਕਿ 17 ਸਾਲਾ ਪਰਲ ਹਾਂਸ ਨੇ ੧੦੦ ਮੀਟਰ ਬੈੱਸਟ ਸਟ੍ਰੋਕ ਵਿੱਚ 1 ਮਿੰਟ ਤੇ 14 ਸੈਕੰਡ ਦਾ ਸਮਾਂ ਕੱਢ ਕੇ ਕਾਉਂਟੀ ਮੈਨਕਾਓ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਪਰਲ ਹਾਂਸ ਭਾਰਤੀ ਤੈਰਾਕ ਪ੍ਰੀਯਾ ਦਰਸ਼ਨੀ ਤੋਂ ਕਿਧਰ ਜਿਆਦਾ ਤੇਜ਼ ਹੈ ਕਿਉਂਕਿ ਪ੍ਰੀਯਾ ਦਰਸ਼ਨੀ ਇਸੇ ਵਰਗ ਦੇ ਮੁਕਾਬਲੇ ਵਿੱਚ 1 ਮਿੰਟ ਤੇ 16 ਸੈਕੰਡ ਨਾਲ ‘ਭਾਰਤੀ ਓਪਨ’ ਰਿਕਾਰਡ ਧਾਰਕ ਹੈ। ਜਦੋਂ ਕਿ ਪਰਲ ਹਾਂਸ ਨੇ 30 ਸਤੰਬਰ ਨੂੰ ਵੈਲਿੰਗਟਨ ਵਿਖੇ ਹੋਏ ਸ਼ਾਰਟ ਟਰਮ ਕੋਰਸ ਵਿੱਚ 2 ਸੈਕੰਡ ਦਾ ਸਮਾਂ ਘੱਟ ਕਢਿਆ ਹੈ।
ਪਰਲ ਹਾਂਸ ਦੇ ਪਿਤਾ ਅਵਤਾਰ ਹਾਂਸ ਨੇ ਦੱਸਿਆ ਕਿ ਪਰਲ ਦਾ ਜਨਮ ਪੰਜਾਬ ਵਿੱਚ ਹੋਇਆ ਤੇ ਪਰਲ 1995 ਵਿੱਚ ਪਰਿਵਾਰ ਨਾਲ ਪੰਜਾਬ ਤੋਂ ਨਿਊਜ਼ੀਲੈਂਡ ਆ ਗਈ ਸੀ ਜਦੋਂ ਉਹ ੪ ਸਾਲ ਦੀ ਸੀ। ਉਸ ਨੇ 7 ਸਾਲ ਦੀ ਉਮਰ ਵਿੱਚ ਤੈਰਾਕੀ ਸਿੱਖਣੀ ਸ਼ੁਰੂ ਕੀਤੀ ਅਤੇ 10 ਸਾਲਾਂ ਵਿੱਚ ਉਹ ਇਸ ਮੁਕਾਮ ਤੱਕ ਪਹੁੰਚ ਗਈ ਅਤੇ ਉਸ ਨੇ ਹਾਲੇ ਹੋਰ ਅੱਗੇ ਜਾਣ ਦਾ ਟੀਚਾ ਮਿਥਿਆ ਹੈ। ਸਕੂਲ ਵਿੱਚ ਪੜਾਈ ਪੱਖੋਂ ਵੀ ਚੰਗੀ ਪੁਜ਼ੀਸ਼ਨ ਹਾਸਲ ਕਰਨ ਦੇ ਨਾਲ-ਨਾਲ ਉਹ ਆਪਣੇ ਕੋਚ ਪਾਸੋਂ 4-5 ਘੰਟੇ ਤੈਰਾਕੀ ਦੀ ਸਿਖਲਾਈ ਲੈਂਦੀ ਹੈ।
ਹਾਲ ਹੀ ਵਿੱਚ ਪਰਲ ਨਿਊਜ਼ੀਲੈਂਡ ਦੀਆਂ ਪਹਿਲੀਆਂ 10 ਤੈਰਾਕਾਂ ਦੀ ਦਰਜਾਬੰਦੀ ਵਿੱਚ ਸ਼ਾਮਿਲ ਹੋ ਗਈ ਹੈ। ਉਸ ਨੇ ਪਿਛਲੇ ਸਾਲ ਲੰਡਨ ਉਲੰਪਿਕਸ ਗਈ ਟੀਮ ਲਈ ਟਰੈਲ ਦਿੱਤੇ ਸਨ ਪਰ ਕਾਮਯਾਬ ਨਹੀਂ ਹੋਈ। ਪਰ ਹੁਣ ਪਰਲ ਜੋ ਇਸ ਵੇਲੇ ਕੋਚਿੰਗ ਲੈ ਰਹੀ ਹੈ ਉਸ ਦਾ ਮਕਸਦ ਅਗਲੇ ਤਿੰਨ ਸਾਲਾਂ ਬਾਅਦ ਹੋਣ ਵਾਲੀਆਂ 2016 ਦੀ ਬ੍ਰਾਜ਼ੀਲ ਉਲੰਪਿਕਸ ਖੇਡਾਂ ਵਿੱਚ ਭਾਗ ਲੈਣਾ ਹੈ। ਉਹ ਨਿਊਜ਼ੀਲੈਂਡ ਜਾਂ ਭਾਰਤ ਵਲੋਂ ਬ੍ਰਾਜ਼ੀਲ ਉਲੰਪਿਕਸ ਵਿੱਚ ਨੁਮਾਇੰਦਗੀ ਕਰਨਾ ਚਾਹੁੰਦੀ ਹੈ।
ਪਰਲ ਦੇ ਪਿਤਾ ਅਵਤਾਰ ਹਾਂਸ ਦਾ ਕਹਿਣਾ ਹੈ ਕਿ ਸਾਡੇ ਸਾਰੇ ਪਰਿਵਾਰ ਨੂੰ ਪਰਲ ਦੀ ਇਸ ਕਾਮਯਾਬੀ ‘ਤੇ ਮਾਣ ਹੈ ਕਿ ਉਹ ਆਪਣੀ ਪੜਾਈ ਦੇ ਨਾਲ ਤੈਰਾਕੀ ਵਿੱਚ ਵੀ ਚੰਗਾ ਨਾਂਅ ਕਮਾ ਰਹੀ ਹੈ। ਉਸ ਨੂੰ ਕਾਮਯਾਬੀ ਮਿਲੇ।
NZ News ਤੈਰਾਕੀ ਵਿੱਚ ‘ਕਾਉਂਟੀ ਮੈਨੂਕਾਓ’ ਰਿਕਾਰਡ ਧਾਰਕ ਪਰਲ ਹਾਂਸ ਦੀ ਪ੍ਰਧਾਨ ਮੰਤਰੀ ਨਾਲ...