ਪੁਲਿਸ ਅਧਿਕਾਰੀ ਵੀ ਲਪੇਟ ‘ਚ ਆਏ, ਮਾਸਕ ਤੇ ਹੋਰ ਸਮਾਨ ਦੀ ਅਜੇ ਵੀ ਕਮੀ
ਕੈਲੀਫੋਰਨੀਆ, 12 ਅਪ੍ਰੈਲ (ਹੁਸਨ ਲਡ਼ੋਆ ਬੰਗਾ) – ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਰੇ 50 ਰਾਜਾਂ ‘ਚ ਹੰਗਾਮੀ ਸਥਿੱਤੀ ਐਲਾਨੀ ਗਈ ਹੈ। ਇਹ ਪ੍ਰਗਟਾਵਾ ਵਾਈਟ ਹਾਊਸ ਦੇ ਡਿਪਟੀ ਪ੍ਰੈੱਸ ਸਕੱਤਰ ਜੂਡ ਡੀਰ ਨੇ ਕੀਤਾ ਹੈ। ਇਹ ਖ਼ਬਰ ਦੇਸ਼ ਭਰ ‘ਚ ਕੋਰੋਨਾਵਾਇਰਸ ਨਾਲ ਰੋਜਾਨਾ 2000 ਦੇ ਕਰੀਬ ਮੌਤਾਂ ਹੋਣ ਤੇ ਮੌਤਾਂ ਦੇ ਮਾਮਲੇ ਵਿੱਚ ਵਿਸ਼ਵ ‘ਚ ਅਮਰੀਕਾ ਪਹਿਲੇ ਸਥਾਨ ‘ਤੇ ਪੁੱਜ ਜਾਣ ਦੇ ਦਰਮਿਆਨ ਆਈ ਹੈ। ਮੌਤਾਂ ਦੀ ਗਿਣਤੀ 20580 ਹੋ ਗਈ ਹੈ ਜਦ ਕਿ ਕੋਰੋਨਾਵਾਇਰਸ ਨਾਲ ਪੀਡ਼ਤ ਲੋਕਾਂ ਦੀ ਗਿਣਤੀ 533,111 ਹੋ ਗਈ ਹੈ। ਪਿਛਲੇ 4 ਦਿਨਾਂ ਦੌਰਾਨ ਤਕਰੀਬਨ 2000 ਮੌਤਾਂ ਰੋਜਾਨਾ ਹੋਈਆਂ ਹਨ। ਇਕੱਲੇ ਨਿਊਯਾਰਕ ‘ਚ 8627 ਮੌਤਾਂ ਹੋ ਚੁੱਕੀਆਂ ਹਨ ਜਦ ਕਿ ਪੀਡ਼ਤਾਂ ਦੀ ਗਿਣਤੀ 1,81,144 ਹੈ।
ਪੁਲਿਸ ਅਧਿਕਾਰੀ ਪ੍ਰਭਾਵਿਤ :
ਪੱਛਮੀ ਮਿਸ਼ੀਗਨ ਦੇ 6000 ਦੀ ਆਬਾਦੀ ਵਾਲੇ ਮਨੀਸਟੀ ਕਸਬੇ ਵਿਚ 6 ਪੁਲਿਸ ਅਧਿਕਾਰੀ ਵੀ ਕੋਰੋਨਾਵਾਇਰਸ ਦੀ ਲਪੇਟ ‘ਚ ਆ ਗਏ ਹਨ। 3 ਪੁਲਿਸ ਅਧਿਕਾਰੀਆਂ ਦਾ ਟੈਸਟ ਪੌਜ਼ਟਿਵ ਆਇਆ ਹੈ ਜਦ ਕਿ 3 ਹੋਰ ਸ਼ੱਕੀ ਅਧਿਕਾਰੀਆਂ ਨੂੰ ਇਕਾਂਤਵਾਸ ਵਿਚ ਭੇਜ ਦਿੱਤਾ ਹੈ। ਕਸਬੇ ਵਿੱਚ ਇਕੱਲਾ ਕਾਰਜਕਾਰੀ ਪੁਲਿਸ ਮੁਖੀ ਟਿਮੋਥੀ ਕੋਜ਼ਲ ਹੀ ਰਹਿ ਗਿਆ ਹੈ ਜਿਸ ਨੇ ਦਸਿਆ ਕਿ ਮੈ ਪਿਛਲੇ 31 ਸਾਲ ਤੋਂ ਲਾਅ ਇਨਫੋਰਸਮੈਂਟ ਨਾਲ ਜੁਡ਼ਿਆ ਹੋਇਆ ਹਾਂ। ਮੈ ਹਰ ਸੰਭਵ ਤਰੀਕੇ ਨਾਲ ਲੋਕਾਂ ਦੀ ਮੱਦਦ ਕਰ ਰਿਹਾ ਹਾਂ। ਉਨ•ਾਂ ਕਿਹਾ ਕਿ ਪੁਲਿਸ ਲੋਕਾਂ ਦੇ ਫੋਨਾਂ ਦਾ ਜਵਾਬ ਦੇ ਰਹੀ ਹੈ ਤੇ ਪੁਲਿਸ ਅਧਿਕਾਰੀ ਵੀ ਹੋਰਨਾਂ ਲੋਕਾਂ ਵਾਂਗ ਖਤਰੇ ਦੇ ਸਾਏ ਹੇਠ ਹਨ। ਸ਼ਹਿਰਾਂ ਵਾਂਗ ਦਿਹਾਤੀ ਖੇਤਰਾਂ ਵਿਚ ਪੁਲਿਸ ਨੂੰ ਆਪਣੀ ਹਿਫ਼ਾਜਤ ਲਈ ਮਾਸਕ ਤੇ ਹੋਰ ਸਮਾਨ ਨਹੀਂ ਮਿਲ ਰਿਹਾ। ਕੋਜ਼ਲ ਅਨੁਸਾਰ ਮਨੀਸਟੀ ਪੁਲਿਸ ਵਿਭਾਗ ਕੋਲ ਇਕ ਪੁਲਿਸ ਅਧਿਕਾਰੀ ਲਈ ਕੇਵਲ ਇਕ ਐਨ 95 ਮਾਸਕ ਹੈ ਇਸ ਲਈ ਉਹ ਸਧਾਰਨ ਸਰਜੀਕਲ ਮਾਸਕ ਨਾਲ ਬੁਤਾ ਸਾਰ ਰਹੇ ਹਨ। ਇਹ ਹੀ ਹਾਲ ਬਾਕੀ ਥਾਵਾਂ ‘ਤੇ ਹੈ।
ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ :
ਈਲੋਏ ਐਰੀਜ਼ੋਨਾ ਵਿੱਚ ਦੋ ਬੰਦੀ ਕੇਂਦਰਾਂ ਦੇ ਬਾਹਰਵਾਰ ਮਨੁੱਖੀ ਅਧਿਕਾਰਾਂ ਪਖੀ ਕਾਰਕੁੰਨਾ ਨੇ ਪ੍ਰਦਰਸ਼ਨ ਕੀਤਾ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਡਿਟੈਨਸ਼ਨ ਸੈਂਟਰਾਂ ਵਿੱਚ ਬੰਦ ਲੋਕਾਂ ਨੂੰ ਰਿਹਾਅ ਕੀਤਾ ਜਾਵੇ। 100 ਕਾਰਾਂ ਦੇ ਕਾਫ਼ਲੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੈਦੀਆਂ ‘ਚ ਕੋਰੋਨਾਵਾਇਰਸ ਫੈਲ ਜਾਣ ਦਾ ਖਤਰਾ ਹੈ। ਕੈਦੀ ਇਕ ਦੂਸਰੇ ਤੋਂ ਫਾਸਲਾ ਬਣਾਕੇ ਨਹੀਂ ਰਹਿ ਸਕਦੇ। ਐਰੀਜ਼ੋਨਾ ‘ਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਕੈਦੀਆਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ। ਕੈਦੀਆਂ ਵੱਲੋਂ ਸਾਬਣ, ਮਾਸਕ ਤੇ ਦਸਤਾਨੇ ਆਦਿ ਨਾ ਮਿਲਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ।
Home Page ਪਹਿਲੀ ਵਾਰ ਸਮੁੱਚੇ ਅਮਰੀਕਾ ‘ਚ ਹੰਗਾਮੀ ਸਥਿੱਤੀ ਐਲਾਨੀ, ਹੁਣ ਤੱਕ 20580 ਤੋਂ...