ਲੰਡਨ – 18 ਜੂਨ ਦਿਨ ਐਤਵਾਰ ਨੂੰ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਮੈਚ ਵਿੱਚ ਪਾਕਿਸਤਾਨ ਨੇ ਰਵਾਇਤੀ ਵਿਰੋਧੀ ਭਾਰਤ ਨੂੰ 180 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਖ਼ਿਤਾਬ ਉੱਤੇ ਕਬਜ਼ਾ ਕਰ ਲਿਆ। ਗੌਰਤਲਬ ਹੈ ਕਿ ਭਾਰਤ ਨੇ ਕਿਸੇ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹਿਲੀ ਵਾਰ ਪਾਕਿਸਤਾਨ ਹੱਥੋਂ ਮਾਤ ਖਾਂਦੀ ਹੈ। ਪਾਕਿਸਤਾਨ ਦੀ ਇਹ 2009 ਟੀ ਟਵੰਟੀ ਵਿਸ਼ਵ ਕੱਪ ਤੋਂ ਬਾਅਦ ਤੀਜੀ ਵੱਡੀ ਖ਼ਿਤਾਬੀ ਜਿੱਤ ਹੈ। ਇਹ ਉਸ ਦਾ 50 ਓਵਰਾਂ ਦੇ ਕ੍ਰਿਕਟ ਮੈਚ ਵਿੱਚ ਦੂਜਾ ਆਈਸੀਸੀ ਖ਼ਿਤਾਬ ਹੈ।
ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਪਾਕਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 50 ਓਵਰ ਵਿੱਚ 4 ਵਿਕਟਾਂ ਉੱਤੇ 338 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ, ਜਿਸ ਵਿੱਚ ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ ਨੇ ਸੈਂਕੜੇ ਨਾਲ 114, ਅਜ਼ਹਰ ਅਲੀ ਨੇ 59, ਮੁਹੰਮਦ ਹਫੀਜ਼ ਨੇ ਨਾਬਾਦ 57, ਬਾਬਰ ਆਜ਼ਮ ਨੇ 46 ਅਤੇ ਇਮਾਦ ਵਸੀਮ ਨੇ ਨਾਬਾਦ 25 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਗੇਂਦਬਾਜ਼ਾਂ ਦਾ ਲੱਚਰ ਪ੍ਰਦਰਸ਼ਨ ਉਨ੍ਹਾਂ ਨੂੰ ਲੈ ਡੁੱਬਿਆ, ਰਵੀਚੰਦਰਨ ਅਸ਼ਵਿਨ ਨੇ 10 ਓਵਰਾਂ ਵਿੱਚ 70, ਜਡੇਜਾ ਨੇ 8 ਓਵਰਾਂ ਵਿੱਚ 67, ਬੁਮਰਾਹ ਨੇ 9 ਓਵਰਾਂ ਵਿੱਚ 68 ਅਤੇ ਭੁਵਨੇਸ਼ਵਰ ਨੇ 10 ਓਵਰਾਂ ਵਿੱਚ 44 ਦੌੜਾਂ ਦੇ ਕੇ 1 ਵਿਕਟ, ਪੰਡਿਆ ਨੇ 10 ਓਵਰਾਂ ਵਿੱਚ 53 ਦੌੜਾਂ ਦੇ ਕੇ 1 ਵਿਕਟ ਲਿਆ ਅਤੇ ਕੇਦਾਰ ਜਾਧਵ ਨੇ 3 ਓਵਰਾਂ ਵਿੱਚ 27 ਦੌੜਾਂ ਦੇ ਕੇ 1 ਵਿਕਟ ਲਿਆ।
ਪਾਕਿਸਤਾਨ ਵੱਲੋਂ ਮਿਲੇ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਅਤੇ ਫਾਈਨਲ ਜਿੱਤਣ ਦੇ ਇਰਾਦੇ ਨਾਲ ਉੱਤਰੀ ਭਾਰਤੀ ਦੀ ਪੂਰੀ ਟੀਮ 30.3 ਓਵਰ ਵਿੱਚ 118 ਦੌੜਾਂ ਉੱਤੇ ਢੇਰ ਹੋ ਗਈ। ਭਾਰਤ ਵੱਲੋਂ ਹਾਰਦਿਕ ਪੰਡਿਆ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਾਂ ਜਦੋਂ ਕਿ ਯੁਵਰਾਜ ਸਿੰਘ 22, ਸਿਖਰ ਧਵਨ 21 ਅਤੇ ਰਵਿੰਦਰ ਜਡੇਜਾ ਨੇ 15 ਦੌੜਾਂ ਬਣਾਈਆਂ। ਭਾਰਤ ਦੇ ਬਾਕੀ ਬੱਲੇਬਾਜ਼ ਦੂਹਰੇ ਅੰਕਾਂ ਦਾ ਅੰਕੜਾ ਤੱਕ ਛੁਹ ਨਹੀਂ ਸੱਕੇ। ਪਾਕਿਸਤਾਨੀ ਗੇਂਦਬਾਜ਼ਾਂ ਵਿੱਚ ਮੁਹੰਮਦ ਆਮਿਰ ਨੇ 3, ਹਸਨ ਅਲੀ ਨੇ ੩ ਅਤੇ ਸ਼ਾਦਾਬ ਖਾਨ ਨੇ 2 ਵਿਕਟਾਂ ਲਈਆਂ।
ਚੈਂਪੀਅਨਜ਼ ਟਰਾਫ਼ੀ ‘ਚ ਭਾਰਤ ਦੇ ਸ਼ਿਖਰ ਧਵਨ ਨੂੰ ਸਭ ਤੋਂ ਵਧ 338 ਦੌੜਾਂ ਬਣਾਉਣ ਲਈ ‘ਗੋਲਡਨ ਬੈਟ’ ਦਾ ਐਵਾਰਡ ਅਤੇ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੂੰ ਟੂਰਨਾਮੈਂਟ ਵਿੱਚ ਸਭ ਤੋਂ ਵਧ 13 ਵਿਕਟਾਂ ਲੈਣ ਲਈ ‘ਗੋਲਡਨ ਬਾਲ’ ਦਾ ਐਵਾਰਡ ਦਿੱਤਾ ਗਿਆ। ਪਾਕਿਸਤਾਨ ਦੇ ਹਸਨ ਅਲੀ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ‘ਮੈਨ ਆਫ਼ ਦੀ ਮੈਚ ਟੂਰਨਾਮੈਂਟ’ ਅਤੇ ਫਾਈਨਲ ਵਿੱਚ ਸੈਂਕੜਾ ਬਣਾਉਣ ਵਾਲੇ ਫ਼ਖ਼ਰ ਜਮਾਨ ਨੂੰ ‘ਮੈਨ ਆਫ਼ ਦਿ ਮੈਚ’ ਦਾ ਐਵਾਰਡ ਦਿੱਤਾ ਗਿਆ।
Cricket ਪਾਕਿਸਤਾਨ ਦਾ ਚੈਂਪੀਅਨਜ਼ ਟਰਾਫ਼ੀ ‘ਤੇ ਪਹਿਲੀ ਵਾਰ ਕਬਜ਼ਾ