-ਮਾਤਾ ਪਿਤਾ ਦੀ ਸਿੱਖਿਆ ਨੇ ਸਿੱਖੀ ਵਿਚ ਪ੍ਰਵੇਸ਼ ਕਰਵਾਇਆ
ਆਕਲੈਂਡ, 7 ਜੂਨ (ਹਰਜਿੰਦਰ ਸਿੰਘ ਬਸਿਆਲਾ) – ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਇਕ ਸ਼ਬਦ ਹੈ ‘ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ, ਜਿਸ ਨੋ ਕਰਮਿ ਪਰਾਪਤਿ ਹੋਵੈ ਜੋ ਜਨੁ ਨਿਰਮਲੁ ਥੀਵੈ॥ ਗੁਰਬਾਣੀ ਸੁਨਣਾ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਅਤੇ ਜਿਹੜਾ ਗੁਰਬਾਣੀ ਕੀਰਤਨ ਅਤੇ ਕਥਾ ਨਾਲ ਸਰਵਣ ਕਰਵਾਉਂਦਾ ਹੈ ਉਸ ਉੱਤੇ ਪਰਮਾਤਮਾ ਦੀ ਵੱਡੀ ਕ੍ਰਿਪਾ ਹੀ ਹੋ ਸਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰੋਕਾਰਾਂ ਦੇ ਵਿਚ ਸਿੰਧ ਪ੍ਰਾਂਤ ਦੇ ਬਹੁਤ ਸਾਰੇ ਲੋਕ ਉਸ ਵੇਲੇ ਸ਼ਾਮਿਲ ਹੋਏ ਜਦੋਂ ਗੁਰੂ ਸਾਹਿਬ ਸਿੰਧ ਪ੍ਰਾਂਤ ਦੇ ਵਿਚ ਗਏ ਸਨ। ਉਨ੍ਹਾਂ ਦੀ ਸ਼ਰਧਾ ਅੱਜ ਵੀ ਉਸੇ ਪ੍ਰਕਾਰ ਹੈ ਅਤੇ ਬਾਬਾ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਸਤਿਕਾਰ ਦਿੰਦੇ ਹਨ। ਯੂ. ਟਿਊਬ ਉੱਤੇ ਬਹੁਤ ਸਾਰਿਆਂ ਨੇ ਵੇਖਿਆ ਹੋਵੇਗਾ ਕਿ ਇਕ ਸਿੰਧ ਪ੍ਰਾਂਤ ਦੀ ਬੀਬੀ ਬਹੁਤ ਸੋਹਣਾ ਕੀਰਤਨ ਅਤੇ ਕਥਾ ਕਰਦੀ ਹੈ, ਪਰ ਕਈ ਵਾਰ ਉਸ ਦੀ ਬੋਲੀ ਪੰਜਾਬੀ ਦੇ ਨਾਲ-ਨਾਲ ਦੂਜੀ ਹੋਰ ਬੋਲੀ ਚਲਦੀ ਹੈ। ਇਸ ਬੀਬੀ (ਮਹਿਮਾ ਕੌਰ) ਜੀ ਬਾਰੇ ਹੌਲੀ-ਹੌਲੀ ਜਾਣਕਾਰੀ ਕੱਢ ਕੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਆਸ ਹੈ ਪਸੰਦ ਆਵੇਗੀ।
ਬੀਬੀ ਮਹਿਮਾ ਕੌਰ ਕੰਧਕੋਟ: ਆਪਣੇ ਬਜ਼ੁਰਗਾਂ ਤੋਂ ਗੱਲ ਸ਼ੁਰੂ ਕਰਨ ਵਾਲੀ ਬੀਬੀ ਮਹਿਮਾ ਕੌਰ (22) ਨੇ ਦੱਸਿਆ ਕਿ ਉਹ ਨਾਨਾ ਸਵ. ਰਾਮ ਚੰਦ ਲਾਲ ਤੇ ਨਾਨੀ ਸੁਸ਼ੀਲਾ ਦੀ ਦੋਹਤੀ ਹੈ। ਪਿਤਾ ਸ੍ਰੀ ਵਾਰਿਆਲ ਦਾਸ ਅਤੇ ਮਾਤਾ ਸ੍ਰੀਮਤੀ ਸੁਨੀਤਾ ਵਾਲੇਚਾ ਹੈ। ਪਰਿਵਾਰ ਦੇ ਵਿਚ ਉਹ ਵੱਡੀ ਹੈ ਅਤੇ ਇਕ ਛੋਟਾ ਭਰਾ ਕਰਾਚੀ ਵਿਖੇ ਪੜ੍ਹਾਈ ਕਰਦਾ ਹੈ। ਉਨ੍ਹਾਂ ਬੀ.ਕਾਮ ਪਾਸ ਕੀਤੀ ਹੋਈ ਹੈ। ਉਸ ਦੀ ਮਾਤਾ ਸ਼ਾਦੀ ਤੋਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚ ਅਥਾਹ ਸ਼ਰਧਾ ਤੇ ਸਤਿਕਾਰ ਰੱਖਦੇ ਸਨ। ਸ਼ਾਦੀ ਤੋਂ ਬਾਅਦ ਉਸ ਨੇ ਆਪਣੇ ਪਤੀ ਨੂੰ ਐਨਾ ਪ੍ਰਭਾਵਿਤ ਕੀਤਾ ਕਿ ਉਹ ਵੀ ਸਿੱਖੀ ਵਾਲੇ ਪਾਸੇ ਆ ਗਏ ਤੇ ਪਰਿਵਾਰ ਦੇ ਵਿਚ ਸਿੱਖੀ ਦਾ ਬੂਟਾ ਲੱਗ ਗਿਆ। ਇਹ ਪਰਿਵਾਰ ਸ਼ਹਿਰ ਕੰਧਕੋਟ ਤਹਿਸੀਲ ਤੇ ਜ਼ਿਲ੍ਹਾ ਕਸ਼ਮੋਰ ਵਿਖੇ ਰਹਿੰਦਾ ਹੈ। ਭਾਈ ਪਿੰਦਰਪਾਲ ਸਿੰਘ 2020 ਦੇ ਵਿਚ ਡਹਿਰੀਕੀ ਵਿਖੇ ਤੁਹਾਨੂੰ ਮਿਲੇ ਅਤੇ ਭਾਈ ਹਰਜਿੰਦਰ ਸਿੰਘ ਦੇ ਵਿਚ ਇਨ੍ਹਾਂ ਨੂੰ ਮਿਲੇ ਸਨ। ਮਹਿਮਾ ਕੌਰ ਨੂੰ ਸਿੱਖੀ ਦੀ ਲਗਨ ਆਪਣੇ ਮਾਂ-ਪਿਉ ਤੋਂ ਲੱਗੀ ਸੀ। ਸਾਢੇ ਤਿੰਨ ਸਾਲ ਦੀ ਉਮਰ ਵਿਚ ਉਨ੍ਹਾਂ ਭਾਈ ਰਵਿੰਦਰ ਸਿੰਘ ਦਾ ਗਾਇਆ ਸ਼ਬਦ ‘ਨਾਨਕ ਨਾਮ ਮਿਲੇ ਤਾਂ ਜੀਵਾ’ ਕੈਸਿਟ ਦੇ ਰਾਹੀਂ ਸੁਣਿਆ ਤਾਂ ਉਸ ਨੂੰ ਬਹੁਤ ਚੰਗਾ ਲੱਗਾ। ਇਹ ਗੱਲ 2004 ਦੀ ਹੈ। ਉਨ੍ਹਾਂ ਆਪਣੀ ਮਾਤਾ ਨੂੰ ਪੁੱਛਿਆ ਸੀ ਕਿ ਇਹ ਸ਼ਬਦ ਕਿਸ ਨੇ ਗਾਇਆ।? ਇਸ ਸ਼ਬਦ ਨਾਲ ਐਨਾ ਪਿਆਰ ਸੀ ਕਿ ਇਹ ਬੱਚੀ ਦਿਨੇ ਰਾਤ ਇਹੀ ਸ਼ਬਦ ਸੁਣਦੀ, ਗੁਣਗੁਣਾਉਂਦੀ ਤੇ ਇਹ ਸ਼ਬਦ ਸੁਣ ਕੇ ਸੌਂਇਆਂ ਕਰਦੀ ਸੀ। ਵਾਹਿਗੁਰੂ ਦੀ ਕ੍ਰਿਪਾ ਕੇ ਉਸੇ ਸਾਲ ਉਹ ਆਪਣੇ ਮਾਤਾ-ਪਿਤਾ ਅਤੇ ਇਕ ਜੱਥੇ ਨਾਲ ਸ੍ਰੀ ਖਡੂਰ ਸਾਹਿਬ (ਪੰਜਾਬ) ਵਿਖੇ ਕੀਰਤਨ ਦਾ ਪ੍ਰੋਗਰਾਮ ਸੁਣਨ ਆਏ ਸੀ। ਕੁਦਰਤੀ ਗੱਲ ਹੋਈ ਕਿ ਉੱਥੇ ਭਾਈ ਰਵਿੰਦਰ ਸਿੰਘ ਕੀਰਤਨ ਕਰਨ ਆਏ ਅਤੇ ਓਹੀ ਸ਼ਬਦ ‘ਨਾਨਕ ਨਾਮ ਮਿਲੇ ਤਾਂ ਜੀਵਾ’ ਤਾਂ ਇਹ ਬੱਚੀ ਮਗਰ ਪੈ ਗਈ ਕਿ ਮੈਂ ਉਨ੍ਹਾਂ ਨੂੰ ਮਿਲਣਾ ਹੈ। ਬੱਚੀ ਨੇ ਜ਼ਿੱਦ ਕੀਤੀ, ਪਰਿਵਾਰ ਸਟੇਜ ਪਿੱਛੇ ਜਾ ਕੇ ਖੜ ਗਿਆ ਤੇ ਆਖ਼ਿਰ ਭਾਈ ਸਾਹਿਬ ਨਾਲ ਮਿਲਾਪ ਹੋ ਗਿਆ। ਕੀਰਤਨ ਦੀ ਐਸੀ ਲਗਨ ਲੱਗੀ ਕਿ ਬਿਨਾਂ ਹਾਰਮੋਨੀਅਮ ਕੀਰਤਨ ਵਾਂਗ ਸ਼ਬਦ ਗਾਉਣ ਲੱਗੀ। ਫਿਰ ਅੰਮ੍ਰਿਤ ਕੀਰਤਨ ਗੁਟਕੇ ਤੋਂ ਹੋਰ ਪੜ੍ਹਨ ਲੱਗੀ। ਰੋਜ਼ਾਨਾ ਨਿੱਤਨੇਮ ਕਰਨਾ ਅਤੇ ਕੀਰਤਨ ਸਿੱਖਣ ਦੀ ਲਾਲਸਾ ਨੇ ਉਸ ਨੂੰ ਕੀਰਤਨ ਦਾ ਰਾਹ ਤੋਰ ਲਿਆ। ਕੀਰਤਨ ਉਨ੍ਹਾਂ ਆਪਣੇ ਮੂੰਹ ਬੋਲੇ ਭਾਈ ਅਨੀਲ ਕੁਮਾਰ ਹੋਰਾਂ ਕੋਲੋਂ ਸਿੱਖਿਆ ਤੇ ਫਿਰ ਆਨ ਲਾਈਨ ਕਲਾਸਾਂ ਲੈ ਕੇ ਸਿੱਖਿਆ। ਕੁਝ ਰਾਗ ਸਿੱਖੇ ਅਤੇ ਫਿਰ ਰੀਤਾਂ ਵਿਚ ਸਿੱਖਿਆ। ਪੜ੍ਹਾਈ ਦੇ ਨਾਲ-ਨਾਲ ਉਹ ਕੁ ਸਾਲ ਦੀ ਉਮਰ ਵਿਚ ਕਰਨਾ ਤਾਂ ਕੀਰਤਨ ਹੀ ਚਾਹੁੰਦੇ ਸਨ ਪਰ ਵਾਹਿਗੁਰੂ ਨੇ ਕਥਾ ਵੀ ਨਾਲ ਸ਼ਾਮਿਲ ਕਰਵਾ ਲਈ। ਉਹ ਭਾਈ ਪਿੰਦਰਪਾਲ ਹੋਰਾਂ ਦੀ ਕਥਾ ਸਰਵਣ ਕਰਦੇ ਅਤੇ ਹੋਰ ਸਿੱਖਦੇ ਰਹਿੰਦੇ।
ਬੀਬੀ ਮਹਿਮਾ ਕੌਰ ਦੀ ਇਸ ਵੇਲੇ ਮੰਗਣੀ ਸ੍ਰੀ ਵਿਸ਼ਾਲ ਜਡਵਾਨੀ ਨਾਲ ਹੋਈ ਹੈ। ਉਹ ਵੀ ਗੁਰੂ ਘਰ ਦੇ ਸੇਵਕ ਹਨ। ਉਹ ਬੀਬੀ ਮਹਿਮਾ ਕੌਰ ਨੂੰ ਕੀਰਤਨ ਅਤੇ ਕਥਾ ਵਿਚ ਪੂਰਨ ਸਹਿਯੋਗ ਕਰ ਰਹੇ ਹਨ। ਬੀਬੀ ਮਹਿਮਾ ਕੌਰ ਨੇ ਦੱਸਿਆ ਕਿ ਇੱਥੇ ਇਕ ਮਹਿਲਾ ਲਈ ਇਕੱਲੀ ਬਾਹਰ ਨਿਕਲਣਾ ਮੁਸ਼ਕਿਲ ਹੈ, ਪਰ ਗੁਰੂ ਦੀ ਕ੍ਰਿਪਾ ਸਦਕਾ ਅਤੇ ਪਰਿਵਾਰ ਦੇ ਸਹਿਯੋਗ ਸਦਕਾ ਉਹ ਦੂਰ-ਦੂਰ ਤੱਕ ਕੀਰਤਨ ਕਥਾ ਦੇ ਜਾਂਦੇ ਰਹਿੰਦੇ ਹਨ। ਪੂਰੇ ਸਿੰਧ ਦੇ ਵਿਚ ਉਹ ਸੇਵਾ ਕਰਨ ਜਾਂਦੇ ਹਨ। ਸੰਗਤ ਰੂਪ ਵਿਚ ਜਿੱਥੇ ਵੀ ਸਮਾਗਮ ਹੁੰਦਾ ਹੈ ਉੱਥੇ ਬੀਬੀ ਜੀ ਜਾਂਦੇ ਹਨ। ਪੰਜਾਬੀ ਭਾਸ਼ਾ ਅਤੇ ਸਿੰਧੀ ਭਾਸ਼ਾ ਦੇ ਵਿਚ ਕੀਰਤਨ ਦੇ ਨਾਲ-ਨਾਲ ਕਥਾ ਕਰਕੇ ਸੰਗਤ ਨੂੰ ਸਮਝਾਉਂਦੇ ਹਨ। ਗੁਰ ਸੰਗਤ ਯੂ. ਟਿਊਬ ਉੱਤੇ ਇਨ੍ਹਾਂ ਦੀਆਂ ਵੀਡੀਉਜ਼ ਵੇਖੀਆਂ ਜਾ ਸਕਦੀਆਂ ਹਨ। ਕੀਰਤਨ ਸੇਵਾ ਜੋ ਵੀ ਭੇਟਾ ਮਿਲਦੀ ਹੈ, ਉਹ ਲੈਂਦੇ ਅਤੇ ਕੋਈ ਮੰਗ ਨਹੀਂ ਕਰਦੇ। ਲਗਪਗ ਇਹ ਸਾਰੀ ਭੇਟਾ ਦੁਬਾਰਾ ਸੇਵਾ ਵਿਚ ਹੀ ਚਲੇ ਜਾਂਦੀ ਹੈ ਤੇ ਸਿਰਫ਼ ਜ਼ਰੂਰੀ ਖ਼ਰਚੇ ਹੀ ਉਹ ਕਰਦੇ ਹਨ। ਬੀਬੀ ਮਹਿਮਾ ਕੌਰ ਦਾ ਸਾਥ ਦੇਣ ਵਿਚ ਨੈਣਾ ਕੁਮਾਰੀ ਅਤੇ ਅਸ਼ੀਸ਼ ਕੁਮਾਰ (ਤਬਲਾ ਵਾਦਕ) ਹਨ। ਬੀਬੀ ਮਹਿਮਾ ਕੌਰ ਅਤੇ ਸਿੰਧ ਪ੍ਰਾਂਤ ਦੇ ਵਿਚ ਸਿੱਖੀ ਦਾ ਬੋਲਬਾਲਾ ਕਰਨਾ ਸੱਚਮੁੱਚ ਸਿੱਖ ਕੌਮ ਦੇ ਲਈ ਮਾਣ ਕਰਨ ਵਾਲੀ ਗੱਲ ਹੈ। ਵਾਹਿਗੁਰੂ ਬੀਬੀ ਮਹਿਮਾ ਕੌਰ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਬਖ਼ਸ਼ੇ ਅਤੇ ਇਹ ਸੇਵਾ ਕਰਦੇ ਰਹਿਣ।
ਗੁਰਦੁਆਰਾ ਸੇਵਾ ਵਿਚ ਕਿਵੇਂ ਲੱਗਾ ਪਰਿਵਾਰ: ਇਸ ਸ਼ਹਿਰ ਦੇ ਵਿਚ ਸਿੰਧੀ ਪਰਿਵਾਰ (ਲਗਭਗ 5000) ਤਾਂ ਬਹੁਤ ਸਨ ਪਰ ਗੁਰਦੁਆਰਾ ਸਾਹਿਬ ਨੇੜੇ ਨਹੀਂ ਸੀ, ਜਿਸ ਕਰਕੇ ਇੱਥੇ ਰਹਿੰਦੇ ਪਰਿਵਾਰਾਂ ਨੇ ਇਕ ਆਲੀਸ਼ਾਨ ਤਿੰਨ ਮੰਜ਼ਿਲੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ। ਇਸ ਗੁਰਦੁਆਰਾ ਸਾਹਿਬ ਦਾ ਨਾਂਅ ਰੱਖਿਆ ਗਿਆ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸਿੱਖ ਸਭਾ ਕੰਧਕੋਟ। ਇਸ ਦੀ ਨੀਂਹ 2011 ਦੇ ਵਿਚ ਬਾਬਾ ਹੇਮ ਸਿੰਘ ਦਿੱਲੀ ਵਾਲੇ ਰੱਖ ਕੇ ਗਏ ਉਸ ਵੇਲੇ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ ਵੀ ਆਏ ਸਨ। 2013 ਦੇ ਇਹ ਗੁਰਦੁਆਰਾ ਸਾਹਿਬ 6-7 ਕਰੋੜ ਦੀ ਲਾਗਤ ਨਾਲ ਤਿਆਰ ਹੋ ਗਿਆ ਅਤੇ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਹਿਰ ਡਹਿਰਕੀ ਤੋਂ ਲਿਆ ਕੇ ਪ੍ਰਕਾਸ਼ ਕੀਤਾ ਗਿਆ। ਇਸ ਵੇਲੇ ਇੱਥੇ ਚਾਰ ਸਰੂਪ ਹਨ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਵੀ ਹੁੰਦੇ ਹਨ। ਪੰਜਾਬੀ ਪੜ੍ਹੇ ਲਿਖੇ ਕਾਫ਼ੀ ਲੋਕ ਹਨ, ਬੱਚੇ ਅੱਗੇ ਸਿੱਖ ਰਹੇ ਹਨ। ਇੱਥੇ ਬੱਚੇ ਬੱਚੀਆਂ ਨੂੰ ਪੰਜਾਬੀ ਸਿਖਾ ਕੇ ਟੈੱਸਟ ਲਿਆ ਜਾਂਦਾ ਹੈ, ਫਿਰ ਪਾਠ ਕਰਨਾ ਸਿਖਾਇਆ ਜਾਂਦਾ ਹੈ ਅਤੇ ਪਾਠੀ ਬਣਾਇਆ ਜਾਂਦਾ ਹੈ। ਇੱਥੇ ਸਾਰੇ ਰਲ ਕੇ ਨਿਸ਼ਕਾਮ ਸੇਵਾ ਕਰਦੇ ਹਨ। ਇਸ ਸ਼ਹਿਰ ਦੇ ਵਿਚ ਸਾਬਤ ਸੂਰਤ ਸਿੱਖ ਮਸਾਂ 3-4 ਹੀ ਹਨ ਜੋ ਕਿ ਸਿੱਖੀ ਜੀਵਨ ਵਿਚ ਪੂਰਨ ਤੌਰ ‘ਤੇ ਹੁਣ ਪ੍ਰਵੇਸ਼ ਕਰ ਗਏ ਹਨ। ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਭਲਾਈ ਕੇਂਦਰ ਟਰੱਸਟ ਗੁਰਦੁਆਰਾ ਸਾਹਿਬ ਦਾ ਪ੍ਰਬੰਧਨ ਕਰਦਾ ਹੈ। ਟਰੱਸਟ ਵੱਲੋਂ ਵਿਧਵਾ ਔਰਤਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਦਿੱਤੇ ਜਾਂਦੇ ਹਨ। ਟਰੱਸਟ ਦੇ ਵਿਚੋਂ ਹੀ 80 ਦੇ ਕਰੀਬ ਗ਼ਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ 12ਵੀਂ ਕਲਾਸ ਤੱਕ ਕਰਦੇ ਹਨ। ਇਸ ਗੁਰਦੁਆਰਾ ਸਾਹਿਬ ਵਿਖੇ ਇਕ ਹੋਰ ਟਰੱਸਟ ਚਲਦਾ ਹੈ ਜਿਸ ਦਾ ਨਾਂਅ ਹੈ ਗੁਰੂ ਕਲਗ਼ੀਧਰ ਮਹਾਰਾਜ ਦੁੱਖ ਦਾਰੂ ਟਰੱਸਟ। ਇਸ ਦੇ ਅਧੀਨ ਦੁਖੀ ਅਤੇ ਮਰੀਜ਼ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਸਾਰਾ ਇਲਾਜ ਕਰਵਾਇਆ ਜਾਂਦਾ ਹੈ। ਸਿੰਧੀ ਸੰਗਤ ਪੂਰਨ ਤੌਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ, ਦਾਨ ਦੇਣ ਵਿਚ ਹਮੇਸ਼ਾ ਸਾਥ ਦਿੰਦੀ ਹੈ। ਇੱਥੇ ਅਨਾਜ ਮੰਡੀ ਹੈ ਇੱਥੇ ਵਪਾਰ ਦਾ ਕੰਮ ਜ਼ਿਆਦਾ ਹੈ। ਇੱਥੇ ਕਦੇ ਵੀ ਮੁਸਲਿਮ ਅਤੇ ਸਿੰਧੀ ਪਰਿਵਾਰ ਦਾ ਆਪਸੀ ਝਗੜਾ ਨਹੀਂ ਹੋਇਆ।
ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਵਜੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਫਿਰ ਪੰਜ ਬਾਣੀਆਂ ਦਾ ਨਿੱਤਨੇਮ ਅਤੇ ਆਸਾ ਦੀ ਵਾਰ ਹੁੰਦੀ ਹੈ। ਸ਼ੁੱਕਰਵਾਰ ਸ਼ਾਮ ਨੂੰ ਸਿਰਫ਼ ਬੀਬੀਆਂ ਦਾ ਸੁਖਮਨੀ ਸਾਹਿਬ ਪਾਠ ਕਰਨ ਦਾ ਪ੍ਰੋਗਰਾਮ ਹੁੰਦਾ ਜਿਸ ਦੇ ਵਿਚ 600-700 ਬੀਬੀਆਂ ਦਾ ਇਕੱਠ ਹੋ ਜਾਂਦਾ ਹੈ। ਸਾਰੀਆਂ ਬੀਬੀਆਂ ਇਸ ਦਿਨ ਸਾਦਗੀ ਵਜੋਂ ਚਿੱਟੇ ਰੰਗ ਦੇ ਕੱਪੜੇ ਪਹਿਨਦੀਆਂ ਹਨ ਤਰਕ ਹੈ ਕਿ ਗੁਰਦੁਆਰਾ ਸਾਹਿਬ ਆ ਕੇ ਸਭ ਨੂੰ ਇਕ ਜਿਹਾ ਪ੍ਰਤੀਤ ਹੋਵੇ। ਕੱਪੜਿਆਂ ਕਰਕੇ ਕੋਈ ਆਪਣੇ ਆਪ ਨੂੰ ਵੱਡਾ ਛੋਟਾ ਮਹਿਸੂਸ ਨਾ ਕਰੇ। । ਇਹ ਵੀ ਖ਼ਾਸ ਗੱਲ ਹੈ ਕਿ 250-300 ਸਿੰਧੀ ਇਸਤਰੀਆਂ ਨੂੰ ਸੁਖਮਨੀ ਸਾਹਿਬ ਪਾਠ ਕੰਠ ਹੈ ਤੇ ਸਾਰੇ ਮੂੰਹ ਜ਼ੁਬਾਨੀ ਪਾਠ ਕਰਦੇ ਹਨ। ਕੀਰਤਨ ਵੀ ਬੀਬੀਆਂ ਕਰਦੀਆਂ। ਕੁਝ ਇੱਥੇ ਰਾਗੀ ਸਿੰਘਾਂ ਦੇ ਜੱਥੇ ਵੀ ਹਨ। ਸ਼ਰਧਾ ਦੀ ਮਿਸਾਲ ਹੀ ਹੈ ਕਿ ਲੋਕ ਆਪਣੇ ਘਰਾਂ ਦੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕੁਝ ਦਿਨਾਂ ਲਈ ਸਤਿਕਾਰ ਵਜੋਂ ਲਿਜਾਂਦੇ ਹਨ, ਪਾਠ ਕਰਦੇ ਹਨ ਸੇਵਾ ਕਰਦੇ ਹਨ। ਇੱਥੇ ਕੋਈ ਵੀ ਸ਼ੁੱਭ ਕੰਮ ਆਰੰਭ ਹੁੰਦਾ ਹੈ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ। ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਲੰਗਰ ਬਣਦਾ ਹੈ, ਗ਼ਰੀਬ ਲੋਕ ਬਰਤਨ ਲੈ ਕੇ ਆਉਂਦੇ ਨੇ ਅਤੇ ਘਰ ਲੈ ਕੇ ਜਾਂਦੇ ਹਨ। ਗੁਰਦੁਆਰਾ ਸਾਹਿਬ ਦੇ ਧਰਾਤਲ ਉੱਤੇ ਲੰਗਰ ਹਾਲ ਹੈ, ਪਹਿਲੀ ਮੰਜ਼ਿਲ ਉੱਤੇ ਦਰਬਾਰ ਹਾਲ ਅਤੇ ਤੀਜੀ ਮੰਜ਼ਿਲ ਉੱਤੇ ਸੁੱਖ ਅਸਥਾਨ ਅਤੇ ਗੈਲਰੀ ਹੈ। ਸਿੰਧੀ ਪਰਿਵਾਰ ਦੇ ਵਿਚ ਵੀ ਅਨੰਦ ਕਾਰਜ ਹੀ ਹੁੰਦੇ ਹਨ। ਜਦੋਂ ਇਸ ਗੁਰਦੁਆਰਾ ਸਾਹਿਬ ਨੂੰ ਚਲਾਉਣ ਦੀ ਗੱਲ ਚੱਲੀ ਤਾਂ ਇਹ ਸੇਵਾ ਬੀਬੀ ਮਹਿਮਾ ਕੌਰ ਦੇ ਪਿਤਾ ਜੀ ਦੇ ਹਿੱਸੇ ਆ ਗਈ ਅਤੇ ਹੁਣ ਤੱਕ ਕਰ ਰਹੇ ਹਨ। ਬਹੁਤ ਸਮਾਂ ਪਹਿਲਾਂ ਉਹ ਨੌਕਰੀ ਕਰਦੇ ਸਨ ਪਰ ਗੁਰੂ ਕ੍ਰਿਪਾ ਨਾਲ ਉਹ ਹੁਣ ਆਪਣਾ ਖ਼ੁਦ ਦਾ ਕਾਰੋਬਾਰ ਕਰਦੇ ਹਨ। ਗੁਰਦੁਆਰਾ ਸਾਹਿਬ ਦੀ ਕਮਾਲ ਦੀ ਸੋਹਣੀ ਹੈ ਅਤੇ ਪਾਕਿਸਤਾਨ ਯਾਤਰਾ ਕਰਨ ਵਾਲਿਆਂ ਨੂੰ ਇੱਥੇ ਵੀ ਬਣਦਾ ਗੇੜਾ ਲਾਉਣਾ ਚਾਹੀਦਾ ਹੈ।
Home Page ਪਾਕਿਸਤਾਨ ਦੇ ਸਿੰਧ ਪ੍ਰਾਂਤ ‘ਚ ਕਥਾ-ਕੀਰਤਨ ਨਾਲ ਸਿੱਖੀ ਪ੍ਰਚਾਰ ਦੀ ਪਛਾਣ ਹੈ...