ਇਸਲਾਮਾਬਾਦ, 9 ਅਪ੍ਰੈਲ – ਅੱਜ ਪਾਕਿਸਤਾਨ ਦੀ ਕੌਮੀ ਅਸੈਂਬਲੀ ‘ਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ। ਇਮਰਾਨ ਖ਼ਿਲਾਫ਼ 174 ਵੋਟਾਂ ਪਈਆਂ, ਜਿਸ ਨਾਲ ਮੁਲਕ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਅਗਵਾਈ ਹੇਠਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਰਕਾਰ ਡਿਗ ਗਈ ਹੈ।
ਇਮਰਾਨ ਖ਼ਾਨ ਦੀ ਹਾਰ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਆਗੂ ਸ਼ਾਹਬਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਵੋਟਿੰਗ ਦੇ ਨਤੀਜੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਹਾਊਸ ਤੋਂ ਨਿਕਲ ਗਏ ਸਨ। ਇਸੇ ਦੌਰਾਨ ਇਸਲਾਮਾਬਾਦ ਹਾਈ ਕੋਰਟ ‘ਚ ਇਮਰਾਨ ਖ਼ਾਨ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਜਿਸ ‘ਤੇ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ। ਇਮਰਾਨ ਖ਼ਾਨ ਦੇ ਮੁਲਕ ਛੱਡ ਕੇ ਜਾਣ ‘ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਵੋਟਿੰਗ ਤੋਂ ਪਹਿਲਾਂ ਹੀ ਇਮਰਾਨ ਦੀ ਪਾਰਟੀ ਪੀਟੀਆਈ ਦੇ ਸੰਸਦ ਮੈਂਬਰ ਅਸੈਂਬਲੀ ਛੱਡ ਕੇ ਚਲੇ ਗਏ ਸਨ। ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਦੇਰ ਰਾਤ ਤੱਕ ਸਿਆਸੀ ਡਰਾਮਾ ਚੱਲਦਾ ਰਿਹਾ।
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦੇ ਮਤੇ ‘ਤੇ ਵੋਟਿੰਗ ਲਈ ਸ਼ੁਰੂ ਹੋਏ ਕੌਮੀ ਅਸੈਂਬਲੀ ਦੇ ਸੈਸ਼ਨ ਦੀ ਕਾਰਵਾਈ ਵਾਰ ਵਾਰ ਮੁਲਤਵੀ ਹੁੰਦੀ ਰਹੀ। ਵੋਟਿੰਗ ਤੋਂ ਪਹਿਲਾਂ ਸਦਨ ਦੇ ਸਪੀਕਰ ਅਸਦ ਕੈਸਰ ਤੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਅਸਤੀਫ਼ਾ ਦੇ ਦਿੱਤਾ ਜਿਸ ਮਗਰੋਂ ਪੀਐੱਮਐੱਲਐੱਨ ਦੇ ਆਗੂ ਅਯਾਜ਼ ਸਾਦਿਕ ਨੂੰ ਸਦਨ ਦਾ ਸਪੀਕਰ ਬਣਾਇਆ ਗਿਆ। ਦੂਜੇ ਪਾਸੇ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੀ ਕੈਬਨਿਟ ਨਾਲ ਹੰਗਾਮੀ ਮੀਟਿੰਗ ਵੀ ਕੀਤੀ ਸੀ। ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਸਾਰੇ ਹਵਾਈ ਅੱਡਿਆਂ ‘ਤੇ ਅਲਰਟ ਜਾਰੀ ਕਰਦਿਆਂ ਇਸਲਾਮਾਬਾਦ ਦੇ ਸਾਰੇ ਰਾਹ ਵੀ ਸੀਲ ਕਰ ਦਿੱਤੇ ਸਨ।
Home Page ਪਾਕਿਸਤਾਨ ਸਿਆਸਤ: ਅਸੈਂਬਲੀ ‘ਚ ਇਮਰਾਨ ਖ਼ਾਨ ਖ਼ਿਲਾਫ਼ ਲਿਆਂਦਾ ਬੇਭਰੋਸਗੀ ਮਤਾ ਪਾਸ, ਇਮਰਾਨ...