ਮੋਗਾ ਨੇੜੇ ਬੱਸ-ਕਾਰ ਦੀ ਟੱਕਰ 4 ਜਣਿਆਂ ਦੀ ਮੌਤਾਂ
ਆਕਲੈਂਡ, ੬ ਅਕਤੂਬਰ (ਕੂਕ ਸਮਾਚਾਰ) – ਇੱਥੇ ਦੇ ਪਾਪਾਟੋਏਟੋਏ ਰਹਿੰਦੇ ਪੰਜਾਬੀ ਪਰਿਵਾਰ ਇੰਦਰਪ੍ਰੀਤ ਕੌਰ (ਧੀ) ਅਤੇ ਹਰਮੀਕ ਸਿੰਘ (ਪੁੱਤਰ) ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪੰਜਾਬ ਰਹਿੰਦੇ ਪਿਤਾ ਗੁਰਪ੍ਰੀਤ ਸਿੰਘ, ਮਾਤਾ ਗੁਰਦੀਪ ਕੌਰ, ਚਾਚੀ ਮਨਜੀਤ ਕੌਰ ਅਤੇ ਇੱਕ ਹੋਰ ਬੱਚੀ ਅਮਨਦੀਪ ਕੌਰ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ।
ਖ਼ਬਰ ਦੇ ਮੁਤਾਬਿਕ ੫ ਅਕਤੂਬਰ ਦੀ ਸਵੇਰ ਨੂੰ ਲੁਧਿਆਣਾ ਕੌਮੀ ਸ਼ਾਹ ਮਾਰਗ ਉੱਪਰ ਥਾਣਾ ਮਹਿਣਾ ਕੋਲ ਬੱਸ ਅਤੇ ਕਾਰ ਦੀ ਟੱਕਰ ਹੋਈ ਜਿਸ ਵਿੱਚ ਇਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਕਾਰ ਚਾਲਕ ਪ੍ਰਤੀਕ ਸਿੰਘ ਨੂੰ ਲੁਧਿਆਣਾ ਵਿਖੇ ਡੀਐਮਸੀ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਹੈ। ਹਾਦਸੇ ਵਿੱਚ ਕਾਰ ਸਵਾਰ 55 ਸਾਲਾ ਗੁਰਪ੍ਰੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ, ਸ੍ਰੀ ਮੁਕਤਸਰ ਸਾਹਿਬ ਉਨ੍ਹਾਂ ਦੀ ਪਤਨੀ ਗੁਰਦੀਪ ਕੌਰ ਤੇ ਭਰਜਾਈ ਮਨਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜ਼ਖ਼ਮੀ ਹੋਈ 15 ਸਾਲਾ ਅਮਨਦੀਪ ਕੌਰ ਨੇ ਲੁਧਿਆਣਾ ਦੇ ਡੀਐਮਸੀ ਵਿੱਚ ਦਮ ਤੋੜਿਆ ਜਦੋਂ ਕਿ ਕਾਰ ਚਾਲਕ 20 ਸਾਲਾ ਪ੍ਰਤੀਕ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਖ਼ਬਰ ਮੁਤਾਬਿਕ ਕਾਰ ਦੀ ਟੱਕਰ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਚੰਡੀਗੜ੍ਹ ਜਾ ਰਹੀ ਪਨਬੱਸ ਨਾਲ ਹੋ ਗਈ। ਟੱਕਰ ਤੋਂ ਬਾਅਦ ਕਾਰ ਪੁਲ ਤੋਂ ਹੇਠਾਂ ਜਾ ਡਿੱਗੀ ਅਤੇ ਬੱਸ ਵੀ ਕਾਰ ਉੱਪਰ ਜਾ ਕੇ ਪਲਟ ਗਈ।
ਜ਼ਿਕਰਯੋਗ ਹ ਕਿ ਜਗਰਾਉਂ ਨੇੜੇ ਨਾਨਕਸਰ ਵਿਖੇ 4 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਗੁਰਪ੍ਰੀਤ ਸਿੰਘ ਆਪਣੀ ਪਤਨੀ ਗੁਰਦੀਪ ਕੌਰ, ਭਰਜਾਈ ਮਨਜੀਤ ਕੌਰ ਤੇ ਭਤੀਜੇ ਪ੍ਰਤੀਕ ਸਿੰਘ ਅਤੇ ਘਰ ‘ਚ ਕੰਮ ਕਰਦੀ ਲੜਕੀ ਅਮਨਦੀਪ ਕੌਰ ਨਾਲ ਬਰਸੀ ਸਮਾਗਮ ਵਿੱਚ ਹਿੱਸਾ ਲੈਣ ਲਈ ਆਏ ਹੋਏ ਸਨ। ਇੱਥੇ ਰਾਤ ਠਹਿਰਣ ਮਗਰੋਂ ਸਵੇਰੇ ਉਹ ਕਾਰ ਵਿੱਚ ਮੁਕਤਸਰ ਪਰਤ ਰਹੇ ਸਨ ਤਾਂ ਰਾਹ ਵਿੱਚ ਹਾਦਸਾ ਵਾਪਰ ਗਿਆ। ਥਾਣਾ ਮਹਿਣਾ ਦੇ ਐਸਐਚਓ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੱਸ ਤੇਜ਼ ਰਫ਼ਤਾਰ ਸੀ ਅਤੇ ਉਸ ਨੇ ਗਲਤ ਸਾਈਡ ‘ਤੇ ਜਾ ਕੇ ਕਾਰ ਵਿੱਚ ਟੱਕਰ ਮਾਰੀ ਹੈ। ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਗੁਰਪ੍ਰੀਤ ਸਿੰਘ ਜੋ ਸ੍ਰੀ ਦਰਬਾਰ ਸਾਹਿਬ ਨੇੜੇ ਭਾਈ ਕਰਤਾਰ ਸਿੰਘ ਸਟਰੀਟ ਵਿਖੇ ਰਹਿੰਦੇ ਸਨ ਅਤੇ ਉਨ੍ਹਾਂ ਦੀ ਧੀ ਇੰਦਰਪ੍ਰੀਤ ਕੌਰ ਅਤੇ ਪੁੱਤ ਹਰਮੀਕ ਸਿੰਘ ਨਿਊਜ਼ੀਲੈਂਡ ਵਿਖੇ ਪਾਪਾਟੋਏਟੋਏ ਵਿੱਚ ਰਹਿੰਦੇ ਹਨ। ਗੌਰਤਲਬ ਹੈ ਕਿ ਹਰਮੀਕ ਸਿੰਘ ਪਾਪਾਟੋਏਟੋਏ ਤੋਂ ਚੱਲਦੇ ਪੰਜਾਬੀ ਰੇਡੀਓ ਸਪਾਈਸ ਤੋਂ ਪੇਸ਼ਕਾਰੀ ਵੀ ਦਿੰਦੇ ਹਨ। ਪਰਿਵਾਰ ਨਾਲ ਵਾਪਰੇ ਇਸ ਦਰਦਨਾਕ ਹਾਦਸੇ ‘ਤੇ ਪੰਜਾਬੀ ਮੀਡੀਆ ਵੱਲੋਂ ਅਫ਼ਸੋਸ ਜ਼ਾਹਿਰ ਕੀਤਾ ਜਾਂਦਾ ਹੈ।
NZ News ਪਾਪਾਟੋਏਟੋਏ ਰਹਿੰਦੇ ਪੰਜਾਬੀ ਪਰਿਵਾਰ ਨੂੰ ਗਹਿਰਾ ਸਦਮਾ