ਪਾਪਾਟੋਏਟੋਏ ਵਿਖੇ ‘ਐਨਜ਼ੈਕ ਡੇ’ ਵਾਲੇ ਦਿਨ ਜੰਗੀ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ

25 ਅਪ੍ਰੈਲ ਨੂੰ ਪਾਪਾਟੋਏਟੋਏ ਵਿਖੇ 'ਐਨਜ਼ੈਕ ਡੇ' ਵਾਲੇ ਦਿਨ ਜੰਗੀ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ - (ਕੂਕ ਪੰਜਾਬੀ ਸਮਾਚਾਰ) 25-4-2022

ਪਾਪਾਟੋਏਟੋਏ, 25 ਅਪ੍ਰੈਲ (ਕੂਕ ਪੰਜਾਬੀ ਸਮਾਚਾਰ) – 25 ਅਪ੍ਰੈਲ ਨੂੰ ‘ਐਨਜ਼ੈਕ ਡੇ’ ਵਾਲੇ ਦਿਨ ‘ਪਹਿਲੀ ਵਿਸ਼ਵ ਜੰਗ’ ਵਿੱਚ ਨਿਊਜ਼ੀਲੈਂਡ, ਆਸਟਰੇਲੀਆ ਤੇ ਭਾਰਤੀ ਖ਼ਾਸ ਕਰਕੇ ਸਿੱਖਾਂ ਵੱਲੋਂ ਗੋਲੀਪਲੀ ਦੀ ਜੰਗ ਦੌਰਾਨ ਸ਼ਹਾਦਤ ਦਾ ਜਾਮਾ ਪਹਿਨਣ ਵਾਲੇ ਤੇ ਜ਼ਖ਼ਮੀ ਫ਼ੌਜੀਆਂ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰਾਨ ਸ਼ਰਧਾਂਜਲੀ ਦਿੱਤੀ ਗਈ ਅਤੇ ਇਸ ਕੌਮੀ ਛੁੱਟੀ ਵਾਲੇ ਦਿਨ ਦੇਸ਼ ਭਰ ‘ਚ ਵੱਖ-ਵੱਖ ਥਾਵਾਂ ਉੱਤੇ ਲੋਕ ਸੁਰੱਖਿਆ ਫ਼ੌਜਾਂ ਦੇ ਸ਼ਰਧਾਂਜਲੀ ਪਰੇਡ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਜ਼ਿਕਰਯੋਗ ਹੈ ਕੋਰੋਨਾ ਮਹਾਂਮਾਰੀ ਦੇ ਕਰਕੇ ਇਸ ਵਾਰ ਪੂਰਾ ਦੇਸ਼ ਔਰੇਂਜ (ਸੰਤਰੀ) ਟ੍ਰੈਫ਼ਿਕ ਲਾਈਟ ਸੈਟਿੰਗ ‘ਚ ਚੱਲ ਰਿਹਾ ਹੈ, ਇਸ ਦੇ ਨਿਯਮਾਂ ਅਨੁਸਾਰ ਹੀ ਸ਼ਰਧਾਂਜਲੀ ਪਰੇਡ ਸਮਾਗਮ ਕੀਤੇ ਗਏ।
ਇਸ ਮੌਕੇ ਸੂਰਜ ਚੜ੍ਹਨ ਤੋਂ ਪਹਿਲਾ ਦੇਸ਼ ਭਰ ਵਿੱਚ ‘ਡਾਨ ਸਰਵਿਸ’ ਅਦਾ ਕਰਕੇ ਸ਼ਹੀਦਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਦਿੱਤੀ ਗਈ। ਪਾਪਾਟੋਏਟੋਏ ਵਿਖੇ ਪਹਿਲਾਂ ਮੈਨੂਕਾਓ ਮੈਮੋਰੀਅਲ ਗਾਰਡਨ ਵਿਖੇ ਸਵੇਰੇ ਡਾਨ ਸਰਵਿਸ ਦੀ ਰਸਮ ਨਿਭਾਈ ਗਈ ਅਤੇ ਬਾਅਦ ਵਿੱਚ10 ਵਜੇ ਦੇ ਲਗਭਗ ਪਰੇਡ ਆਰੰਭ ਕਰਕੇ ਆਰਐੱਸਏ ਤੇ ਪਾਪਾਟੋਏਟੋਏ ਲਾਇਬ੍ਰੇਰੀ ਵਿਖੇ ਪਰੇਡ ਨੇ ਪੁੱਜ ਕੇ ਮੈਮੋਰੀਅਲ ਸਰਵਿਸ ਅਦਾ ਕੀਤੀ। ਗੌਰਤਲਬ ਹੈ ਕਿ ਸਮਾਪਤੀ ਤੋਂ ਪਹਿਲਾਂ ਕੌਮੀ ਝੰਡੇ ਨੂੰ ਹੇਠਾਂ ਕਰਕੇ ਕੇ ਮੁੜ ਲਹਿਰਾਇਆ ਗਿਆ। ਪਰੇਡ ਵਿੱਚ ਬੈਂਡ, ਛਾਤੀ ਉੱਤੇ ਤਗਮੇ ਸਜਾਈ ਤਿੰਨੇ ਫ਼ੌਜਾਂ ਦੇ ਮੌਜੂਦਾ ਤੇ ਸਾਬਕਾ ਫ਼ੌਜੀ, ਭਾਰਤੀ ਫ਼ੌਜੀ, ਸਿੱਖ ਤੇ ਭਾਰਤੀ ਭਾਈਚਾਰੇ ਦੇ ਲੋਕ, ਹੋਪ ਐਨ ਹੈਲਪ, ਸਕਾਊਟ ਦੇ ਬੱਚੇ ਅਤੇ ਹੋਰ ਭਾਈਚਾਰੇ ਦੇ ਬੱਚੇ, ਵੱਡੇ ਅਤੇ ਹੋਰ ਲੋਕ ਸ਼ਾਮਿਲ ਹੋਏ।