ਪਾਪਾਟੋਏਟੋਏ, 1 ਮਾਰਚ – ਲੁੱਟ-ਖੋਹ ਕਰਨ ਵਾਲਿਆਂ ਦੇ ਹੌਸਲੇ ਇੰਨੇ ਵੱਧ ਗਏ ਹਨ ਕੇ ਦਿਨ ਦਿਹਾੜੇ ਭਰੀਆਂ ਸੜਕਾਂ ਉੱਤੇ ਵੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣ ਲੱਗ ਪਿਆ ਹੈ। ਅੱਜ ਸਵੇਰੇ 9.15 ਦੇ ਆਸ-ਪਾਸ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਕੋਲਮਰ ਰੋਡ ਦੇ ਸਾਹਮਣੇ ਸੜਕ ਦੇ ਪਾਰ ਵਾਲੇ ਫੁੱਟਪਾਥ ਉੱਤੇ ਪੰਜਾਬੀ ਕੁੜੀ ਜਾ ਰਹੀ ਸੀ ਤਾਂ ਉਸ ਨੂੰ ਦੋ ਸਥਾਨਕ ਕੁੜੀਆਂ ਨੇ ਗੁਰਦੁਆਰੇ ਵਾਲੀ ਸਾਈਡ ਦੇ ਫੁੱਟਪਾਥ ਤੋਂ ਜਾ ਘੇਰਿਆ ਤੇ ਉਸ ਦੀ ਕੁੱਟ ਮਾਰ ਕਰਨ ਦੇ ਨਾਲ ਲੁੱਟ-ਖੋਹ ਕੀਤੀ ਅਤੇ ਉਨ੍ਹਾਂ ਵਿਚੋਂ ਇੱਕ ਕੁੜੀ ਉਸ ਦਾ ਪਰਸ ਖੋਹ ਕੇ ਭੱਜ ਗਈ। ਜਦੋਂ ਕਿ ਪੰਜਾਬੀ ਕੁੜੀ ਨੇ ਦਲੇਰੀ ਕਰਦੇ ਹੋਏ ਇੱਕ ਕੁੜੀ ਨੂੰ ਕਾਬੂ ਕਰ ਲਿਆ। ਪੰਜਾਬੀ ਕੁੜੀ ਦੀ ਮਦਦ ਲਈ ਉਸ ਵੇਲੇ ਮੱਥਾ ਟੇਕਣ ਆਏ ਦੋ ਪੰਜਾਬੀ ਮੁੰਡਿਆਂ ਨੇ ਦੇਖਿਆ ਕਿ ਪੰਜਾਬੀ ਕੁੜੀ ਨਾਲ ਵਾਰਦਾਤ ਹੋ ਰਹੀ ਹੈ ਤਾਂ ਉਨ੍ਹਾਂ ਨੇ ਉਸ ਦੀ ਮਦਦ ਕੀਤੀ। ਜਦੋਂ ਸਥਾਨਕ ਕੁੜੀਆਂ ਉਸ ਨਾਲ ਲੁੱਟ-ਖੋਹ ਕਰ ਰਹੀਆਂ ਹਨ ਤਾਂ ਇਹ ਉਸ ਦੀ ਮਦਦ ਲਈ ਬਹੁੜੇ, ਪਰ ਇਸ ਦੇ ਬਾਵਜੂਦ ਇੱਕ ਸਥਾਨ ਕੁੜੀ ਪਰਸ ਲੈ ਕੇ ਭੱਜਣ ਵਿੱਚ ਕਾਮਯਾਬ ਰਹੀ। ਪਰਸ ਵਿੱਚ ਉਸ ਦਾ ਮੋਬਾਈਲ ਅਤੇ ਹੋਰ ਸਮਾਨ ਸੀ। ਮੌਕੇ ਉੱਤੇ ਪਹੁੰਚੀ ਪੁਲਿਸ ਤੇ ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬੀ ਕੁੜੀ ਦੀ ਮੁੱਢਲੀ ਸਹਾਇਤਾ ਕੀਤੀ, ਪੁਲਿਸ ਨੇ ਕਾਬੂ ਕੀਤੀ ਸਥਾਨ ਕੁੜੀ ਨੂੰ ਗ੍ਰਿਫ਼ਤਾਰ ਕਰ ਲਿਆ।
ਗੌਰਤਲਬ ਹੈ ਕਿ ਪਾਪਾਟੋਏਟੋਏ ਵਿੱਚ ਅਜਿਹੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕਾਨੂੰਨ ਘੜਨ ਵਾਲਿਆਂ ਨੂੰ ਅਜਿਹੇ ਕਾਨੂੰਨ ਬਣਾਉਣ ਦੀ ਲੋੜ ਹੈ ਜਿਸ ਨਾਲ ਅਜਿਹੀਆਂ ਵਾਰਦਾਤਾਂ ਨੂੰ ਕੰਟਰੋਲ ਕੀਤਾ ਜਾ ਸੱਕੇ। ਕੂਕ ਪੰਜਾਬੀ ਸਮਾਚਾਰ ਨਾਲ ਗੱਲ ਕਰਦਿਆਂ ਮੌਕੇ ਉੱਤੇ ਪਹੁੰਚੇ ਪੁਲਿਸ ਅਫ਼ਸਰ ਨੇ ਕਿਹਾ ਕਿ ਵਾਰਦਾਤ ਭਾਵੇਂ ਛੋਟੀ ਜਾਂ ਵੱਡੀ ਹੋਵੇ ਉਸ ਦੀ ਸ਼ਿਕਾਇਤ ਪੁਲਿਸ ਵਿੱਚ ਦਰਜ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਉੱਤੇ ਅੱਗੇ ਕਾਰਵਾਈ ਕੀਤੀ ਜਾਏਗੀ।
Home Page ਪਾਪਾਟੋਏਟੋਏ ਵਿਖੇ ਦਿਨ ਦਿਹਾੜੇ ਹੀ ਪਰਸ ਖੋਹਣ ਦੀ ਵਾਰਦਾਤ