ਪਿਸ਼ਾਵਰ, 30 ਜਨਵਰੀ – ਪਿਸ਼ਾਵਰ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜ਼ੋਨ ਵਿਚ ਪੈਂਦੀ ਮਸਜਿਦ ਵਿੱਚ ਅੱਜ ਆਤਮਘਾਤੀ ਬੰਬਾਰ ਵੱਲੋਂ ਕੀਤੇ ਧਮਾਕੇ ਵਿੱਚ ਘੱਟੋ-ਘੱਟ 61 ਵਿਅਕਤੀਆਂ ਦੀ ਮੌਤ ਅਤੇ 150 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਧਮਾਕੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇਸ ਘਟਨਾ ਪਿਛਲੇ ਹਮਲਾਵਰਾਂ ਦਾ ‘ਇਸਲਾਮ ਨਾਲ ਕੋਈ ਲਾਗਾ ਦੇਗਾ ਨਹੀਂ ਹੈ।’ ਉਨ੍ਹਾਂ ਕਿਹਾ ਦਹਿਸ਼ਤਗਰਦ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਜੋ ਪਾਕਿਸਤਾਨ ਨੂੰ ਬਚਾਉਣ ਦਾ ਆਪਣਾ ਫ਼ਰਜ਼ ਨਿਭਾ ਰਹੇ ਹਨ। ਅਜਿਹੇ ਹਮਲਿਆਂ ਰਾਹੀਂ ਉਹ ਇਨ੍ਹਾਂ ਲੋਕਾਂ ਦੇ ਮਨਾਂ ’ਚ ਖ਼ੌਫ਼ ਪੈਦਾ ਕਰਨਾ ਚਾਹੁੰਦੇ ਹਨ। ਪੂਰਾ ਮੁਲਕ ਅਤਿਵਾਦ ਦੀ ਅਲਾਮਤ ਖਿਲਾਫ਼ ਇਕਜੁੱਟ ਹੋ ਕੇ ਖੜ੍ਹਾ ਹੈ। ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਵੀ ਹਮਲੇ ਦੀ ਨਿਖੇਧੀ ਕੀਤੀ। ਸੁਰੱਖਿਆ ਤੇ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀਆਂ ’ਚ ਬਹੁਗਿਣਤੀ ਪੁਲੀਸ ਮੁਲਾਜ਼ਮਾਂ ਦੀ ਹੈ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ, ਕਿਉਂਕਿ ਜ਼ਖ਼ਮੀਆਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਉਧਰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਜਥੇਬੰਦੀ ਨੇ ਦਾਅਵਾ ਕੀਤਾ ਕਿ ਉਸ ਨੇ ਆਤਮਘਾਤੀ ਹਮਲਾ ਕਰਕੇ ਆਪਣੇ ਮਰਹੂਮ ਕਮਾਂਡਰ ਉਮਰ ਖਾਲਿਦ ਖੁਰਾਸਾਨੀ ਦੀ ਮੌਤ ਦਾ ਬਦਲਾ ਲਿਆ ਹੈ। ਖੁਰਾਸਾਨੀ ਪਿਛਲੇ ਸਾਲ ਅਗਸਤ ਵਿੱਚ ਅਫ਼ਗ਼ਾਨਿਸਤਾਨ ’ਚ ਮਾਰਿਆ ਗਿਆ ਸੀ।
ਉਧਰ ਪਿਸ਼ਾਵਰ ਦੇ ਹਸਪਤਾਲਾਂ ’ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਹਸਪਤਾਲ ਨੇ ਸ਼ਹਿਰੀਆਂ ਨੂੰ ਖੂਨ ਦਾਨ ਕੀਤੇ ਜਾਣ ਦੀ ਅਪੀਲ ਕੀਤੀ ਹੈ। ਇਹਤਿਆਤ ਵਜੋਂ ਰਾਜਧਾਨੀ ਇਸਲਾਮਾਬਾਦ ਸਣੇ ਹੋਰਨਾਂ ਪ੍ਰਮੱਖ ਸ਼ਹਿਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿਖੇਧੀ ਕਰਦਿਆਂ ਸੂਹੀਆ ਤੰਤਰ ਵਿੱਚ ਸੁਧਾਰ ’ਤੇ ਜ਼ੋਰ ਦਿੱਤਾ ਹੈ।
ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਧਮਾਕਾ ਬਾਅਦ ਦੁਪਹਿਰ 1:40 ਵਜੇ ਦੇ ਕਰੀਬ ਪੁਲੀਸ ਲਾਈਨਜ਼ ਇਲਾਕੇ ਵਿਚਲੀ ਮਸਜਿਦ ਵਿੱਚ ਹੋਇਆ। ਦੁਪਹਿਰ ਦੀ ਨਮਾਜ਼ (ਜ਼ੁਹਰ) ਮੌਕੇ ਪਹਿਲੀ ਕਤਾਰ ਵਿੱਚ ਮੌਜੂਦ ਖ਼ੁਦਕੁਸ਼ ਬੰਬਾਰ ਨੇ ਖੁ਼ਦ ਨੂੰ ਉਡਾ ਲਿਆ। ਪਿਸ਼ਾਵਰ ਦੇ ਕਮਿਸ਼ਨਰ ਰਿਆਜ਼ ਮਹਿਸੂਦ ਨੇ ਕਿਹਾ ਕਿ ਮਸਜਿਦ ਵਿੱਚ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵੀ ਮਸਜਿਦ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਿਛਲੇ ਸਾਲ ਪਿਸ਼ਾਵਰ ਸ਼ਹਿਰ ਦੇ ਕੂਚਾ ਰਿਸਾਲਦਾਰ ਇਲਾਕੇ ਵਿੱਚ ਸ਼ੀਆ ਮਸਜਿਦ ਵਿੱਚ ਹੋਏ ਮਿਲਦੇ ਜੁਲਦੇ ਹਮਲੇ ’ਚ 63 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ।
Home Page ਪਿਸ਼ਾਵਰ ਦੀ ਮਸਜਿਦ ’ਚ ਆਤਮਘਾਤੀ ਹਮਲਾ, 61 ਵਿਅਕਤੀਆਂ ਦੀ ਮੌਤ ਅਤੇ 150...