ਦੁਨੀਆ ਭਰ ‘ਚ 12 ਜੁਲਾਈ ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ, 6 ਜੁਲਾਈ – ਪੰਜਾਬੀ ਸਿਨੇਮਾ ਯਾਨੀ ਪਾਲੀਵੁੱਡ ਮੌਜੂਦਾ ਸਮੇਂ ‘ਚ ਬੁਲੰਦੀਆਂ ‘ਤੇ ਹੈ। ਕਾਮੇਡੀ ਭਰਪੂਰ ਬਹੁਤੀਆਂ ਫਿਲਮਾਂ ਦਰਸ਼ਕਾਂ ਦੇ ਪੈਸੇ ਦਾ ਮੁੱਲ ਮੋੜ ਰਹੀਆਂ ਹਨ। ਜੀ-ਨੈਕਸਟ ਮੀਡੀਆ ਦੇ ਪੀਟੀਸੀ ਮੋਸ਼ਨ ਪਿਕਚਰਜ਼ ਵਲੋਂ ‘ਫੇਰ ਮਾਮਲਾ ਗੜਬੜ ਗੜਬੜ’ ਫਿਲਮ ਪੰਜਾਬ ਸਮੇਤ ਦੁਨੀਆ ਭਰ ‘ਚ ੧੨ ਜੁਲਾਈ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਹ ਫਿਲਮ ਇੱਕ ਰੋਮਾਂਟਿਕ ਕਾਮੇਡੀ, ਮੌਕੇ ਅਨੁਸਾਰ ਹਾਸਾ ਉਪਜਾਉਣ ਵਾਲੀ ਕਾਮੇਡੀ ਅਤੇ ਬਾਕੀ ਪੰਜਾਬੀ ਫਿਲਮਾਂ ਤੋਂ ਹਟਕੇ ਹੈ। ਫਿਲਮ ਦੇ ਮੁੱਖ ਅਦਾਕਾਰ ਸਥਾਪਤ ਐਕਟਰ ਤੇ ਨਾਮੀ ਗਾਇਕ ਰੋਸ਼ਨ ਪ੍ਰਿੰਸ ਹਨ ਜੋ ਕਿ ਇਸ ਤੋਂ ਪਹਿਲਾਂ ‘ਲੱਗਦਾ ਇਸ਼ਕ ਹੋ ਗਿਆ’ ਅਤੇ ‘ਸਿਰਫਿਰੇ’ ਫਿਲਮਾਂ ‘ਚ ਆਪਣਾ ਲੋਹਾ ਮੰਨਵਾ ਚੁੱਕੇ ਹਨ। ਇਸ ਤੋਂ ਇਲਾਵਾ ਫਿਲਮ ‘ਚ ਮੁੱਖ ਭੂਮਿਕਾਵਾਂ ਜਪੁਜੀ ਖਹਿਰਾ, ਭਾਨੂਸ਼੍ਰੀ ਮਹਿਰਾ, ਰਾਣਾ ਰਣਬੀਰ ਅਤੇ ਬੀ. ਐਨ. ਸ਼ਰਮਾ ਨੇ ਨਿਭਾਈਆਂ ਹਨ।
ਪੀਟੀਸੀ ਮੋਸ਼ਨ ਪਿਕਚਰ ਨੇ ਫਿਲਮ ਨੂੰ ਦੁਨੀਆ ਭਰ ‘ਚ ਵੱਸਦੇ ਪੰਜਾਬੀ ਭਾਈਚਾਰੇ ਤੱਕ ਪਹੁੰਚਾਉਣ ਲਈ ਇਸ ਨੂੰ ਰਿਲੀਜ਼ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਹੈ। ਫਿਲਮ 12 ਜੁਲਾਈ, 2013 ਨੂੰ ਪੰਜਾਬ ਤੇ ਭਾਰਤ ਸਮੇਤ ਆਸਟਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ‘ਚ ਰਿਲੀਜ਼ ਕੀਤੀ ਜਾਵੇਗੀ।
ਪੀਟੀਸੀ ਮੋਸ਼ਨ ਪਿਕਚਰ ਦੀ ਪਲੇਠੀ ਫਿਲਮ ‘ਫੇਰ ਮਾਮਲਾ ਗੜਬੜ ਗੜਬੜ’ ਦੀ ਸਟਾਰ ਕਾਸਟ ਵਲੋਂ ਲੁਧਿਆਣਾ, ਅੰਮ੍ਰਿਤਸਰ, ਪਠਾਨਕੋਟ, ਮੁਕੇਰੀਆ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਬੰਗਾ ਅਤੇ ਫਗਵਾੜਾ ਖੇਤਰਾਂ ‘ਚ ਪ੍ਰਚਾਰ ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਫੇਰੀ ਪਾਈ ਗਈ। ਰੋਸ਼ਨ ਪ੍ਰਿੰਸ, ਜਪੁਜੀ ਖਹਿਰਾ, ਭਾਨੂਸ਼੍ਰੀ ਅਤੇ ਪੀਟੀਸੀ ਮੋਸ਼ਨ ਪਿਕਚਰਜ਼ ਦੀ ਟੀਮ ਵਲੋਂ 11 ਦਿਨ ਦੀ ਇਹ ਪ੍ਰਚਾਰ ਮੁਹਿੰਮ 30 ਜੂਨ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਰੂ ਕੀਤੀ ਗਈ ਸੀ।
ਸੰਗੀਤ ਪੱਖੋਂ ਇਸ ਸਾਲ ਦੀ ਸਭ ਤੋਂ ਬਿਹਤਰੀਨ ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਵੀਡੀਓ ਡਾਇਰੈਕਟਰ ਜੋੜੀ ਰਿੰਪੀ-ਪ੍ਰਿੰਸ ਨੇ ਕੀਤਾ ਹੈ। ਇਸ ਤੋਂ ਪਹਿਲਾਂ ਇਹ ਜੋੜੀ ਗੁਰਦਾਸ ਮਾਨ ਦੀ ਅਦਾਕਾਰੀ ਵਾਲੀ ‘ਮਿੰਨੀ ਪੰਜਾਬ’ ਨਾਂ ਦੀ ਫਿਲਮ ਦਾ ਨਿਰਦੇਸ਼ਨ ਵੀ ਕਰ ਚੁੱਕੀ ਹੈ। ਕਾਬਿਲੇਗੌਰ ਹੈ ਕਿ ਰਿੰਪੀ-ਪ੍ਰਿੰਸ ਪਹਿਲਾਂ ਹੀ ਰੋਮਾਂਟਿਕ ਅਤੇ ਨੌਜਵਾਨਾਂ ਨੂੰ ਪਸੰਦ ਆਉਣ ਵਾਲੀਆਂ ਸ਼ਾਨਦਾਰ ਵਿਡੀਓਜ਼ ਬਣਾਉਣ ਲਈ ਜਾਣੇ ਜਾਂਦੇ ਹਨ। ਫਿਲਮ ਦਾ ਸੰਗੀਤ ਇਸ ਦੀ ਜਾਨ ਹੈ ਅਤੇ ‘ਫੇਰ ਮਾਮਲਾ ਗੜਬੜ ਗੜਬੜ’ ਦੇ ਗਾਣਿਆਂ ਨੇ ਸਭ ਪਾਸੇ ਪਹਿਲਾਂ ਹੀ ਧੁੰਮਾਂ ਪਾ ਦਿੱਤੀਆਂ ਹਨ। ਇਸ ਸਬੰਧੀ ਗੱਲ ਕਰਦਿਆਂ ਫਿਲਮ ਦੇ ਸੰਗੀਤਕਾਰ ਜਗੀ ਸਿੰਘ ਨੇ ਦੱਸਿਆ ਕਿ ਫਿਲਮ ‘ਚ ਹਰੇਕ ਮੂਡ ਉਦਾਸ, ਰੋਮਾਂਟਿਕ, ਬੀਟ ਅਤੇ ਪਰੰਪਰਾਵਾਦੀ ਸੰਗੀਤ ਨਾਲ ਲਬਰੇਜ਼ ੯ ਗਾਣੇ ਹਨ। ਜ਼ਿਕਰਯੋਗ ਹੈ ਕਿ ਜਗੀ ਸਿੰਘ ਨੇ ਇਸ ਤੋਂ ਪਹਿਲਾਂ ਫਿਲਮ ਤੇਰਾ ਮੇਰਾ ਕੀ ਰਿਸ਼ਤਾ ਅਤੇ ਮਿੰਨੀ ਪੰਜਾਬ ਦੇ ਗਾਣੇ ਵੀ ਲਿਖੇ ਸਨ।
ਰਾਜੀ ਐਮ ਸ਼ਿੰਦੇ, ਸੀਈਓ ਅਤੇ ਡਾਇਰੈਕਟਰ ਪੀਟੀਸੀ ਨੈੱਟਵਰਕ ਨੇ ਫਿਲਮ ਦੀ ਸਾਰੀ ਟੀਮ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪੀਟੀਸੀ ਨੈੱਟਵਰਕ ਦੇ ਗੁਲਦਸਤੇ ‘ਚ ਪੀਟੀਸੀ ਮੋਸ਼ਨ ਪਿਕਚਰ ਨਾਮੀ ਇਕ ਹੋਰ ਫੁੱਲ ਸਜ ਗਿਆ ਹੈ ਜਿਸ ਰਾਹੀਂ ਫਿਲਮ ਨਿਰਮਾਣ, ਪ੍ਰਮੋਸ਼ਨ ਅਤੇ ਰਿਲੀਜ਼ ਸਬੰਧੀ ਪੈਂਤੜੇ ਬਣਾਏ ਜਾਣਗੇ ਅਤੇ ‘ਫੇਰ ਮਾਮਲਾ ਗੜਬੜ ਗੜਬੜ’ ਤੋਂ ਇਸ ਦਾ ਆਗਾਜ਼ ਕੀਤਾ ਜਾ ਰਿਹਾ ਹੈ। ਰਾਬਿੰਦਰ ਨਰਾਇਣਨ, ਪ੍ਰਧਾਨ ਪੀਟੀਸੀ ਨੈੱਟਵਰਕ ਨੇ ਕਿਹਾ ਕਿ ਪੀਟੀਸੀ ਮੋਸ਼ਨ ਪਿਕਚਰ ਵਲੋਂ ਹਰ ਸਾਲ ੩ ਤੋਂ ੪ ਪੰਜਾਬੀ ਫਿਲਮਾਂ ਰਿਲੀਜ਼ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਨਵੇਂ ਉੱਦਮ ਰਾਹੀਂ ਉਹ ਸਥਾਪਤ ਕਲਾਕਾਰਾਂ ਦੇ ਨਾਲ-ਨਾਲ ਨਵੇਂ ਕਲਾਕਾਰਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਦੇਣਗੇ।
Entertainment ਪੀਟੀਸੀ ਮੋਸ਼ਨ ਪਿਕਚਰਜ਼ ਦੀ ਫਿਲਮ ‘ਫੇਰ ਮਾਮਲਾ ਗੜਬੜ ਗੜਬੜ’ ਦੇ ਕਲਾਕਾਰਾਂ ਵਲੋਂ...