ਜੰਮੂ/ਨਵੀਂ ਦਿੱਲੀ, 6 ਅਗਸਤ – ਖ਼ਬਰ ਹੈ ਕਿ ਤੜਕਸਾਰ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਪਾਕਿਸਤਾਨੀ ਫੌਜੀਆਂ ਵਲੋਂ ਭਾਰਤੀ ਇਲਾਕੇ ‘ਚ ਦਾਖਲ ਹੋ ਕੇ ਇਕ ਗਸ਼ਤੀ ਟੁਕੜੀ ‘ਤੇ ਘਾਤ ਲਗਾ ਕੇ ਕੀਤੇ ਹਮਲੇ ਵਿੱਚ 5 ਭਾਰਤੀ ਫੌਜੀ ਮਾਰੇ ਗਏ। ਇਹ ਮਾਰੇ ਗਏ ਫੌਜੀ ਜਵਾਨ 21 ਬਿਹਾਰ ਰੈਜੀਮੈਂਟ ਨਾਲ ਸਬੰਧਿਤ ਸਨ ਜੋ ਪੁਣਛ ਵਿੱਚ ਚਾਕਾਂ ਕਾ ਬਾਗ ਖੇਤਰ ‘ਚ ਅਸਲ ਕੰਟਰੋਲ ਰੇਖਾ ‘ਤੇ ਤਾਇਨਾਤ ਸਨ। ਉਨ੍ਹਾਂ ਦੀ ਪਛਾਣ ਨਾਇਕ ਪ੍ਰੇਮ ਨਾਥ ਸਿੰਘ, ਲਾਂਸ ਨਾਇਕ ਸ਼ੰਭੂ ਸੂਰਨ ਰਾਏ, ਸਿਪਾਹੀ ਰਵੀਨੰਦ ਪ੍ਰਸਾਦ, ਸਿਪਾਹੀ ਵਿਜੈ ਕੁਮਾਰ ਰਾਏ ਅਤੇ ਕੁਲੀਨ ਮਨਈ ਵਜੋਂ ਹੋਈ ਹੈ। ਸਵੇਰੇ ਲਗਭਗ 5.30 ਵਜੇ ਇਕ ਗਸ਼ਤ ਟੁਕੜੀ ਨੂੰ ਇਹ ਪੰਜੇ ਲਾਸ਼ਾਂ ਬਰਾਮਦ ਹੋਈਆਂ ਅਤੇ ਇਕ ਜਵਾਨ ਜ਼ਖਮੀ ਸੀ। ਇਹ ਹਮਲਾ ਅਸਲ ਕੰਟਰੋਲ ਰੇਖਾ ਤੋਂ 450 ਮੀਟਰ ਅੰਦਰ ਭਾਰਤੀ ਖੇਤਰ…………….. ਵਿੱਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਮੁੱਦਾ ਪਾਰਲੀਮੈਂਟ ਦੇ ਦੋਵੇਂ ਸਦਨਾਂ ਵਿੱਚ ਚੁੱਕਿਆ ਗਿਆ ਅਤੇ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਸਰਕਾਰ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਭਾਰਤੀ ਜਵਾਨਾਂ ‘ਤੇ ਜੰਮੂ ‘ਚ ਹੋਏ ਹਮਲੇ ਬਾਰੇ ਰੱਖਿਆ ਤਰਜਮਾਨ ਐਸ. ਐਨ. ਆਚਾਰੀਆ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਤੜਕੇ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਦੇ ਨੇੜੇ ਭਾਰਤੀ ਫੌਜ ਦੀ ਇਕ ਗਸ਼ਤ ਟੁਕੜੀ ਉਪਰ ਘਾਤ ਲਗਾ ਕੇ ਹਮਲਾ ਕੀਤਾ ਗਿਆ। ਮਗਰੋਂ ਹੋਈ ਗੋਲੀ ਬਾਰੀ ਵਿੱਚ ਪੰਜ ਭਾਰਤੀ ਜਵਾਨ ਸ਼ਹੀਦ ਹੋ ਗਏ। ਇਸ ਹਮਲੇ ‘ਚ ਪਾਕਿਸਤਾਨੀ ਫੌਜ ਦੇ ਜਵਾਨਾਂ ਸਮੇਤ ਕੁਝ ਹਥਿਆਰਬੰਦ ਅਤਿਵਾਦੀ ਸ਼ਾਮਲ ਸਨ। ਰੱਖਿਆ ਮੰਤਰੀ ਏ. ਕੇ. ਐਂਟਨੀ ਨੇ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿਆਨ ਦਿੰਦਿਆਂ ਕਿਹਾ ਕਿ ਹਮਲਾਵਰ ਦਹਿਸ਼ਤਗਰਦਾਂ ਦੇ ਨਾਲ ਪਾਕਿਸਤਾਨੀ ਫੌਜ ਦੀ ਵਰਦੀਆਂ ‘ਚ ਕੁਝ ਬੰਦੇ ਵੀ ਸਨ। ਉਨ੍ਹਾਂ ਕਿਹਾ ਕਿ ਭਾਰਤ ਅਸਲ ਕੰਟਰੋਲ ਰੇਖਾ ਦੀ ਪਾਕੀਜ਼ਗੀ ਬਰਕਰਾਰ ਰੱਖਣ ਲਈ ਸਾਰੇ ਲੋੜੀਂਦੇ ਕਦਮ ਉਠਾਏਗੀ। ਮਗਰੋਂ ਰਾਜ ਸਭਾ ‘ਚ ਹੋਈ ਬਹਿਸ ਤੋਂ ਬਾਅਦ ਸ੍ਰੀ ਐਂਟਨੀ ਨੇ ਕਿਹਾ ਕਿ ਸਰਕਾਰ ਦਾ ਰੁਖ਼ ਪਾਕਿਸਤਾਨ ਦੀ ਕਾਰਵਾਈ ਅਤੇ ਹੁੰਗਾਰੇ ‘ਤੇ ਨਿਰਭਰ ਕਰੇਗਾ।
Indian News ਪੁਣਛ ਖੇਤਰ ਵਿੱਚ ੫ ਭਾਰਤੀ ਫੌਜੀ ਹਲਾਕ