ਇਰਾਨ ਨੂੰ 51-35 ਨਾਲ ਹਰਾਇਆ
ਜਲੰਧਰ/ਚੰਡੀਗੜ੍ਹ, 13 ਦਸੰਬਰ – ਪੁਰਸ਼ ਵਰਗ ਦੇ ਕੁਆਲੀਫਿਕੇਸ਼ਨ ਮੈਚ ਵਿੱਚ ਕੈਨੇਡਾ ਨੇ ਇਰਾਨ ਨੂੰ 51-35 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਮੈਚ ਦਾ ਰਸਮੀ ਆਗਾਜ਼ ਵਿਸ਼ੇਸ਼ ਤੌਰ ‘ਤੇ ਆਏ ਇਰਾਨ ਦੇ ਖੇਡ ਮੰਤਰੀ ਡਾ. ਮੁਹੰਮਦ ਅੱਬਾਸੀ ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਅਜੀਤ ਸਿੰਘ ਕੋਹਾੜ ਨੇ ਟੀਮਾਂ ਨਾਲ ਜਾਣ ਪਛਾਣ ਕਰ ਕੇ ਮੈਚ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਚੂਨੀ ਲਾਲ ਭਗਤ ਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਮੁੱਖ ਸੰਸਦੀ ਸਕੱਤਰ ਸ੍ਰੀ ਪਵਨ ਕੁਮਾਰ ਟੀਨੂੰ, ਸ੍ਰੀ ਅਵਿਨਾਸ਼ ਚੰਦਰ ਤੇ ਸ੍ਰੀ ਕੇ.ਡੀ. ਭੰਡਾਰੀ ਅਤੇ ਵਿਧਾਇਕ ਸ. ਪਰਗਟ ਸਿੰਘ ਤੇ ਸ. ਗੁਰਪ੍ਰਤਾਪ ਸਿੰਘ ਵਡਾਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਸੈਮੀ ਫਾਈਨਲ ਵਿੱਚ ਪਾਕਿਸਤਾਨ ਹੱਥੋਂ ਹੋਈ ਹਾਰ ਕਾਰਨ ਖਿਤਾਬੀ ਦੌੜ ਤੋਂ ਬਾਹਰ ਹੋਈ ਕੈਨੇਡਾ ਦੀ ਟੀਮ ਨੇ ਕੁਆਈਫਿਕੇਸ਼ਨ ਮੈਚ ਵਿੱਚ ਇਰਾਨ ਨੂੰ 51-35 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ। ਕੈਨੇਡਾ ਦੀ ਟੀਮ ਪਹਿਲੇ ਵਿਸ਼ਵ ਕੱਪ ਵਿੱਚ ਤੀਜੇ ਅਤੇ ਦੂਜੇ ਵਿਸ਼ਵ ਕੱਪ ਵਿੱਚ ਦੂਜੇ ਸਥਾਨ ‘ਤੇ ਆਈ ਸੀ। ਇਸ ਵਾਰ ਟੀਮ ਫੇਰ ਤੀਜੇ ਸਥਾਨ ‘ਤੇ ਆਈ। ਅਮਰੀਕਾ ਨੂੰ ਹਰਾ ਵੱਡਾ ਉਲਟ ਫੇਰ ਕਰ ਕੇ ਪਹਿਲੀ ਵਾਰ ਸੈਮੀ ਫਾਈਨਲ ਵਿੱਚ ਪੁੱਜਣ ਵਾਲੀ ਇਰਾਨ ਟੀਮ ਨੂੰ ਬਿਨਾਂ ਤਮਗੇ ਤੋਂ ਵਤਨ ਪਰਤਣ ਪਿਆ।
ਅੱਧੇ ਸਮੇਂ ਤੱਕ ਕੈਨੇਡਾ ਦੀ ਟੀਮ 27-16 ਨਾਲ ਅੱਗੇ ਸੀ। ਕੈਨੇਡਾ ਵੱਲੋਂ ਰੇਡਰ ਉਕਾਰ ਸਿੰਘ ਨੇ 12, ਰਵੀ ਸਰਾਏ ਨੇ 7 ਤੇ ਕੁਲਵਿੰਦਰ ਸਿੰਘ ਕਿੰਦਾ ਬਿਹਾਰੀਪੁਰੀਆ ਨੇ 7 ਅੰਕ ਲਏ ਜਦੋਂ ਕਿ ਜਾਫੀ ਹਰਦੀਪ ਤਾਊ ਨੇ 8, ਕੁਲਦੀਪ ਕੀਪਾ ਤੇ ਅਮਨ ਕੁੰਡੀ ਨੇ 4-4 ਜੱਫੇ ਲਾਏ। ਇਰਾਨ ਵੱਲੋਂ ਰੇਡਰ ਮੁਹੰਮਦ ਅਲੀ ਰਜ਼ਾ ਨੇ 8 ਅੰਕ ਲਏ ਜਦੋਂ ਕਿ ਜਾਫੀ ਅਸਗਰ ਐਜ਼ਮ ਨੇ 7 ਜੱਫੇ ਲਾਏ।
Sports ਪੁਰਸ਼ ਵਰਗ ਵਿੱਚ ਕੈਨੇਡਾ ਨੇ ਤੀਜਾ ਸਥਾਨ ਹਾਸਲ ਕੀਤਾ