ਕੈਲੇਫੋਰਨੀਆ, (ਹੁਸਨ ਲੜੋਆ ਬੰਗਾ) – ਅਲਬਾਮਾ ਪੁਲਿਸ ਅਫ਼ਸਰ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਭਾਰਤੀ ਬਜ਼ੁਰਗ ਸੁਰੇਸ਼ਭਾਈ ਪਟੇਲ ਨੂੰ ਭਾਰਤੀ ਅਮਰੀਕੀ ਭਾਈਚਾਰੇ ਵਲੋਂ ਫ਼ੰਡ ਇਕੱਠੇ ਕਰਨ ਦੇ ਕੀਤੇ ਗਏ ਯਤਨਾਂ ਸਦਕਾ 1,20,000 ਡਾਲਰ ਤੋਂ ਵੱਧ ਦਾ ਫ਼ੰਡ ਇਕੱਠਾ ਹੋ ਗਿਆ ਹੈ। ਪਟੇਲ ਦਾ ਇਹ ਫ਼ੰਡ ਕੁੱਝ ਦਿਨਾਂ ਵਿੱਚ ਹੀ 121,823 ਡਾਲਰ ਤੱਕ ਪਹੁੰਚ ਗਿਆ ਹੈ ਜਿਸ ਵਿੱਚ 2800 ਤੋਂ ਵੱਧ ਦਾਨੀਆਂ ਨੇ ਦਾਨ ਕੀਤਾ। ਇਸ ਮੰਤਵ ਲਈ ਪਟੇਲ ਦੇ ਡਾਕਟਰੀ ਤੇ ਹੋਰ ਖ਼ਰਚਿਆਂ ਲਈ ਭਾਰਤੀ ਅਮਰੀਕੀ
ਭਾਈਚਾਰੇ ਦੇ ਇਕ ਮੈਂਬਰ ਵੱਲੋਂ ‘ਗੋ ਫ਼ੰਡ ਮੀ’ ਅਕਾਉਂਟ ਸਥਾਪਿਤ ਕੀਤਾ ਗਿਆ ਸੀ। ਉਕਤ ਵਿਅਕਤੀ ਦਾ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ। ਪਟੇਲ ਦੇ ਵਕੀਲ ਹੈਂਕ ਸ਼ੇਰੋਡ ਨੇ ਦੱਸਿਆ ਕਿ ਸਮੁੱਚੇ ਦੇਸ਼ ਵਿਚੋਂ ਭਾਰਤੀ ਅਮਰੀਕੀਆਂ ਨੇ ਉਸ ਨਾਲ ਸਿੱਧਾ ਸੰਪਰਕ ਕੀਤਾ ਤੇ ਡਾਕਟਰੀ ਖਰਚੇ ਲਈ ਪਰਿਵਾਰ ਨੂੰ ਚੈੱਕ… ਭੇਜਣ ਦੀ ਇੱਛਾ ਜਤਾਈ ਸੀ। ਇਸੇ ਦੌਰਾਨ ਕਈ ਅਮਰੀਕੀ ਕਾਨੂੰਨ ਘਾੜਿਆਂ ਨੇ ਪਟੇਲ ‘ਤੇ ਪੁਲਿਸ ਤਸ਼ੱਦਦ ਦੀ ਨਿੰਦਾ ਕੀਤੀ ਜਿਸ ਦੇ ਨਤੀਜੇ ਵਜੋਂ ਉਹ ਅਧਰੰਗ ਦਾ ਸ਼ਿਕਾਰ ਹੋ ਗਿਆ ਹੈ। ਪਟੇਲ ‘ਤੇ ਤਸ਼ੱਦਦ ਕਰਨ ਵਾਲੇ ਪੁਲਿਸ ਅਫ਼ਸਰ ਐਰਿਕ ਪਾਰਕਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤੇ ਪੁਲਿਸ ਮੁਖੀ ਲੈਰੀ ਮੁਨਕੇ ਨੇ ਉਸ ਨੂੰ ਨੌਕਰੀ ਤੋਂ ਕੱਢਣ ਦੀ ਸਿਫ਼ਾਰਿਸ਼ ਕੀਤੀ ਹੈ। ਲੈਰੀ ਮੁਨਕੇ ਨੇ ਕਿਹਾ ਕਿ ਪਾਰਕਰ ਦੀ ਕਾਰਵਾਈ ਉਚ ਮਿਆਰ ਵਾਲੀ ਨਹੀਂ ਤੇ ਪੁਲਿਸ ਵਿਭਾਗ ਦੀਆਂ ਆਸ਼ਾਵਾਂ ਤੋਂ ਉਲਟ ਹੈ। ਪਾਰਕਰ ਨੂੰ 1000 ਡਾਲਰ ਦੇ ਬਾਂਡ ‘ਤੇ ਰਿਹਾਅ ਕੀਤਾ ਗਿਆ ਹੈ ਤੇ ਉਸ ਦੀ ਪੇਸ਼ ਹੁਣ 12 ਮਾਰਚ ਨੂੰ ਹੈ। ਦੱਸਣਯੋਗ ਹੈ ਕਿ ਪਟੇਲ ਹਾਲ ਵਿੱਚ ਹੀ ਭਾਰਤ ਤੋਂ ਆਪਣੇ ਪੋਤਰੇ ਦੀ ਦੇਖਭਾਲ ਲਈ ਅਮਰੀਕਾ ਆਇਆ ਸੀ। ਉਸ ਨੇ ਇਸ ਮਾਮਲੇ ਵਿੱਚ ਮੁਕੱਦਮਾ ਦਾਇਰ ਕਰਕੇ ਕਿਹਾ ਹੈ ਕਿ ਉਸ ਦੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਉਸ ਨੇ ਇਸ ਬਦਲੇ ਭਾਰੀ ਰਕਮ ਦੀ ਮੰਗ ਕੀਤੀ ਹੈ। ਜਿਸ ਬਾਰੇ ਉਸ ਨੇ ਖ਼ੁਲਾਸਾ ਨਹੀਂ ਕੀਤਾ ਹੈ। ਮੁਕੱਦਮੇ ਅਨੁਸਾਰ ਪਟੇਲ ਨੇ ਪੁਲਿਸ ਅਫ਼ਸਰਾਂ ਨੂੰ ਦੱਸਣ ਦਾ ਯਤਨ ਕੀਤਾ ਕਿ ਉਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਕਿਹਾ ‘ਨੋ ਇੰਗਲਿਸ਼. ਇੰਡੀਅਨ ਵਾਕਿੰਗ’।
International News ਪੁਲਿਸ ਤਸ਼ੱਦਦ ਦਾ ਸ਼ਿਕਾਰ ਸੁਰੇਸ਼ ਭਾਈ ਪਟੇਲ ਲਈ 120 ਹਜ਼ਾਰ ਡਾਲਰ ਦਾ...