ਸਰਦਾਰ ਉਜਾਗਰ ਸਿੰਘ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਪਟਿਆਲਾ ਵਿਖੇ ਲੋਕ ਸੰਪਰਕ ਅਫ਼ਸਰ ਸਨ। ਨਾਭਾ ਦੇ ਜਿਸ ਰਿਹਾਇਸ਼ੀ ਪਬਲਿਕ ਸਕੂਲ ਵਿੱਚ ਮੈਂ ਅਧਿਆਪਕ ਸੀ, ਉੱਥੇ ਮੰਤਰੀਆਂ, ਉੱਚ ਫ਼ੌਜੀ ਅਫ਼ਸਰਾਂ ਅਤੇ ਸਿਵਲ ਅਧਿਕਾਰੀਆਂ ਦਾ ਆਉਣਾ-ਜਾਣਾ ਲੱਗਿਆ ਹੀ ਰਹਿੰਦਾ ਸੀ। ਸਕੂਲ ਦੇ ਅਜਿਹੇ ਸਮਾਗਮਾਂ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਭੇਜਣ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਸੀ। ਇਸ ਸਿਲਸਿਲੇ ਵਿੱਚ ਉਜਾਗਰ ਸਿੰਘ ਜੀ ਨਾਲ ਮੇਲ-ਮਿਲਾਪ ਹੁੰਦਾ ਹੀ ਰਹਿੰਦਾ। ਉਨ੍ਹਾਂ ਦੇ ਅਪਣੱਤ ਭਰੇ ਸੁਭਾ ਅਤੇ ਮਿੱਠੀ ਬੋਲ-ਬਾਣੀ ਤੋਂ ਉਨ੍ਹਾਂ ਨੂੰ ਮਿਲਣ ਵਾਲਾ ਹਰ ਇਨਸਾਨ ਹੀ ਪ੍ਰਭਾਵਿਤ ਹੁੰਦਾ। ਜਦੋਂ ਤੋਂ ਉਹ ਸੇਵਾ ਮੁਕਤ ਹੋਏ ਹਨ, ਉਨ੍ਹਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਨੌਕਰੀ ਤੋਂ ਸੇਵਾ ਮੁਕਤ ਹੋਣ ਬਾਅਦ ਉਨ੍ਹਾਂ ਨੇ ਚਲੰਤ ਮਾਮਲਿਆਂ ਸੰਬੰਧੀ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਕੋਲ ਰਾਜਸੀ ਜਾਂ ਸਮਾਜਿਕ ਵਰਤਾਰਿਆਂ ਨੂੰ ਨੀਝ ਨਾਲ ਪਰਖਣ ਦੀ ਕੁਦਰਤੀ ਸੋਝੀ ਹੈ ਅਤੇ ਪੰਜਾਬੀ ਭਾਸ਼ਾ ਤੇ ਉਨ੍ਹਾਂ ਦੀ ਪਕੜ ਹੈ, ਇਸੇ ਲਈ ਉਨ੍ਹਾਂ ਦੀ ਕਲਮ ਹਰ ਮਜ਼ਮੂਨ ਨਾਲ ਇਨਸਾਫ਼ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬੀ ਪੁਸਤਕਾਂ ਦੇ ਵਿਸ਼ਲੇਸ਼ਣ ਕਰਨ ਵਾਲੇ ਆਰਟੀਕਲ ਵੀ ਲਿਖਣੇ ਸ਼ੁਰੂ ਕਰ ਦਿੱਤੇ। ਮੈਂ ਕਿਉਂ ਕਿ ਪੰਜਾਬੀ ਸਾਹਿਤ ਦਾ ਵਿਦਿਆਰਥੀ ਹਾਂ ਅਤੇ ਪੰਜਾਬੀ ਪੁਸਤਕਾਂ ਦੇ ਵਿਸਤਰਿਤ ਰੀਵਿਊ ਕਰਨ ਦਾ ਸ਼ੌਕ ਵੀ ਹੈ, ਮੈਂ ਉਨ੍ਹਾਂ ਦੇ ਅਜਿਹੇ ਆਰਟੀਕਲ ਬੜੇ ਧਿਆਨ ਨਾਲ ਪੜ੍ਹਦਾ ਅਤੇ ਹੈਰਾਨ ਹੁੰਦਾ ਕਿ ਜਿਹੜਾ ਇਨਸਾਨ ਸਾਰੀ ਉਮਰ ਸਰਕਾਰੀ ਸਮਾਗਮਾਂ ਸੰਬੰਧੀ ਖ਼ਬਰਾਂ ਹੀ ਲਿਖਦਾ ਜਾਂ ਆਪਣੇ ਦਫ਼ਤਰ ਦੇ ਕਰਮਚਾਰੀਆਂ ਤੋਂ ਲਿਖਵਾਉਂਦਾ ਰਿਹਾ, ਉਸ ਵਿਚ ਸਾਹਿਤਕ ਪੁਸਤਕਾਂ ਨੂੰ ਵਾਚਣ ਦੀ ਸਮਰੱਥਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਵੀ ਜ਼ਿਆਦਾ ਹੈ। ਮੇਰਾ ਨਿੱਜੀ ਵਿਚਾਰ ਹੈ ਕਿ ਜੇ ਉਹ ਯੂਨੀਵਰਸਿਟੀ ਜਾਂ ਕਾਲਜ ਵਿੱਚ ਪੰਜਾਬੀ ਦੇ ਪ੍ਰੋਫੈਸਰ ਹੁੰਦੇ ਤਾਂ ਅੱਜ ਉਨ੍ਹਾਂ ਦਾ ਨਾਂ ਕੁੱਝ ਗਿਣੇ-ਚੁਣੇ ਪੰਜਾਬੀ ਆਲੋਚਕਾਂ ਦੀ ਫ਼ਹਿਰਿਸਤ ਵਿੱਚ ਹੁੰਦਾ। ਪ੍ਰਸਤੁਤ ਪੁਸਤਕ ਦੇ ਮੁੱਢਲੇ ਪੰਨੇ ਪੜ੍ਹਦਿਆਂ ਮੇਰੀ ਜਾਣਕਾਰੀ ਵਿੱਚ ਇਹ ਵੀ ਵਾਧਾ ਹੋਇਆ ਹੈ ਕਿ ਉਹ ਹੁਣ ਤੱਕ ਉਨ੍ਹਾਂ ਦੀਆਂ ਛੇ ਵਾਰਤਕ ਦੀਆਂ ਮੌਲਿਕ ਪੁਸਤਕਾਂ ਅਤੇ ਤਿੰਨ ਸੰਪਾਦਕ ਕੀਤੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਪ੍ਰਸਤੁਤ ਪੁਸਤਕ ਦੇ ਮੁੱਢ (ਦੋ ਸ਼ਬਦ) ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਇਕ ਜਮਾਤੀ ਨੇ, ਜੋ ਉਨ੍ਹਾਂ ਦੇ ਪਿੰਡ ਦਾ ਹੀ ਸੀ, ਉਨ੍ਹਾਂ ਦਾ ਇਕ ਲੇਖ ਪੜ੍ਹ ਕੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਆਪਣੇ ਪਿੰਡ ਸੰਬੰਧ ਵੀ ਕੋਈ ਲੇਖ ਲਿਖੋ। ਉਨ੍ਹਾਂ ਨੇ ਜਦੋਂ ਅਮਰੀਕਾ ਰਹਿੰਦੇ ਆਪਣੇ ਇਕ ਹੋਰ ਮਿੱਤਰ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਸ ਨੇ ਲੇਖ ਦੇ ਨਾਲ-ਨਾਲ ਪਿੰਡ ਸੰਬੰਧੀ ਕਿਤਾਬ ਲਿਖਣ ਦੀ ਹੀ ਸਲਾਹ ਦਿੱਤੀ ਤਾਂ ਜੋ “ਪਿੰਡ ਦਾ ਯੋਗਦਾਨ ਇਤਿਹਾਸ ਵਿੱਚ ਦਰਜ ਹੋ ਸਕੇ।” ਇਸ ਕੰਮ ਦੀ ਸ਼ੁਰੂਆਤ ਉਨ੍ਹਾਂ ਨੇ ਪਿੰਡ ਦੇ ‘ਕਲਾਕਾਰਾਂ ਅਤੇ ਸਾਹਿਤਕਾਰਾਂ ਦਾ ਪਿੰਡ ਕੱਦੋ’ ਲੇਖ ਲਿਖ ਕੇ ਸ਼ੁਰੂ ਕੀਤੀ ਅਤੇ ਬਾਅਦ ਵਿਚ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਆਪਣੇ ਪਿੰਡ ਦੇ ਸਾਹਿਤਕਾਰਾਂ, ਕਲਾਕਾਰਾਂ, ਗੀਤਕਾਰਾਂ, ਵਿੱਦਿਆ ਸ਼ਾਸਤਰੀਆਂ, ਉੱਦਮੀਆਂ, ਖਿਡਾਰੀਆਂ ਅਤੇ ਹੋਰ ਮਹੱਤਵਪੂਰਨ ਵਿਅਕਤੀਆਂ ਬਾਰੇ ਵੀ ਲੇਖ ਲਿਖੇ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਉਨ੍ਹਾਂ ਨੇ ਕੁਝ ਹੋਰ ਪਿੰਡਾ ਸੰਬੰਧੀ ਲਿਖੀਆਂ ਕਿਤਾਬਾਂ ਪੜ੍ਹੀਆਂ ਤਾਂ ਉਨ੍ਹਾਂ ਦੇ ਦਿਲ ਵਿਚ ਆਪਣੇ ਪਿੰਡ ਸੰਬੰਧੀ ਲਿਖਣ ਦਾ ਖ਼ਿਆਲ ਜੋ ਬੀਜ ਰੂਪ ਵਿੱਚ ਲੁਕਿਆ ਬੈਠਾ ਸੀ, ਉਹ ਪੁੰਗਰਨਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਜਦੋਂ ਇਸ ਕੰਮ ਵੱਲ ਨਿਠ ਕੇ ਅੱਗੇ ਵਧਣ ਦੀ ਸੋਚੀ ਤਾਂ ਸਭ ਤੋਂ ਵੱਡੀ ਸਮੱਸਿਆ ਪੁਖ਼ਤਾ ਜਾਣਕਾਰੀ ਇਕੱਠੀ ਕਰਨ ਦੀ ਸੀ। ਕਈਆਂ ਨੇ ਇਸ ਕੰਮ ਵਿਚ ਸਹਿਯੋਗ ਦੇਣ ਦਾ ਵਾਅਦਾ ਕੀਤਾ, ਪਰ ਤੋੜ ਨਾ ਨਿਭਾਇਆ। ਕੁਝ ਨੇ ਸਹਾਇਤਾ ਕੀਤੀ ਵੀ। ਸਭ ਤੋਂ ਵੱਡੀ ਸਮੱਸਿਆ ਸੀ ਪਿੰਡ ਦੇ ਇਤਿਹਾਸ, ਪਿਛੋਕੜ ਬਾਰੇ ਸਹੀ ਜਾਣਕਾਰੀ ਦੀ। ਉਨ੍ਹਾਂ ਨੇ ਇਸ ਸੰਬੰਧੀ ਕੋਈ ਲੁਕੋ-ਛਪੋ ਨਹੀਂ ਰੱਖਿਆ ਸਗੋਂ ਸਪਸ਼ਟ ਸ਼ਬਦਾਂ ਵਿਚ ਲਿਖਿਆ ਹੈ, “ਕੱਦੋ ਪਿੰਡ ਦਾ ਇਤਿਹਾਸ ਵੀ ਸੁਣੀਆਂ ਸੁਣਾਈਆਂ ਗੱਲਾਂ ਰਾਹੀਂ ਹੀ ਚੱਲਿਆ ਆ ਰਿਹਾ ਹੈ।” ਅੱਗੇ ਚੱਲ ਕੇ ਇਹ ਵੀ ਦਰਜ ਕਰ ਦਿੱਤਾ ਹੈ ਕਿ “ਕੱਦੋ ਪਿੰਡ ਕਿਸ ਸਮੇਂ ਬਣਿਆ ਅਤੇ ਕਿਥੋਂ ਆ ਕੇ ਲੋਕ ਇੱਥੇ ਵਸੋਂ ਇਸ ਦੀ ਤੱਥਾਂ ਤੇ ਅਧਾਰਿਤ ਕੋਈ ਠੋਸ ਜਾਣਕਾਰੀ ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਾਪਤ ਨਹੀਂ ਹੋ ਸਕੀ।” ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਸੁਣੀਆਂ ਸੁਣਾਈਆਂ ਗੱਲਾਂ ਨੂੰ ਅਧਾਰ ਬਣਾਉਣਾ ਪਿਆ। ਇਹ ਠੀਕ ਹੈ ਕਿ ਕਿਸੇ ਵਿਸ਼ੇਸ਼ ਸਥਾਨ ਸੰਬੰਧੀ ਲਿਖਣ ਸਮੇਂ ਉਸ ਸਥਾਨ ਦੇ ਇਤਿਹਾਸ ਸੰਬੰਧੀ ਮੁੱਢਲੀ ਜਾਣਕਾਰੀ ਦੇਣ ਨਾਲ ਲਿਖਤ ਵਿੱਚ ਪਕਿਆਈ ਆਉਂਦੀ ਹੈ, ਪੜ੍ਹਨ ਵਾਲਿਆਂ ਨੂੰ ਉਸ ਲਿਖਤ ਦੀ ਭਰੋਸੇਯੋਗਤਾ ਤੇ ਵਿਸ਼ਵਾਸ ਹੁੰਦਾ ਹੈ। ਪਰ ਸਾਡੇ ਦੇਸ਼ ਵਿਚ ਪਿੰਡਾਂ ਦੀ ਤਾਂ ਗੱਲ ਹੀ ਕੀ ਕਰਨੀ ਹੈ ਸਾਨੂੰ ਆਪਣੇ ਦੇਸ਼ ਦੇ ਵੱਡੇ ਸ਼ਹਿਰਾਂ, ਮੁੱਖ ਧਰਮਾਂ ਦੇ ਆਗੂਆਂ, ਉਨ੍ਹਾਂ ਦੇ ਜੀਵਨ ਸੰਬੰਧੀ ਸਹੀ ਵੇਰਵਿਆਂ ਨਾਲੋਂ ਮਨਘੜਤ ਘਟਨਾਵਾਂ ਨੂੰ ਹੀ ਮੰਨਣਾ ਪੈਂਦਾ ਹੈ। ਲੇਖਕ ਦੀ ਸਾਫ਼ਗੋਈ ਦੀ ਪ੍ਰਸੰਸਾ ਕਰਨੀ ਬਣਦੀ ਹੈ ਕਿ ਉਸ ਨੇ ਪਾਠਕਾਂ ਨੂੰ ਸ਼ਬਦਾਂ ਦੇ ਮੱਕੜ-ਜਾਲ ਵਿੱਚ ਫਸਾਉਣ ਨਾਲੋਂ ਅਸਲ ਗੱਲ ਲਿਖ ਦਿੱਤੀ ਹੈ। ਇਸ ਪੱਖ ਨੂੰ ਜੇ ਇਕ ਪਾਸੇ ਰੱਖ ਕੇ ਪੁਸਤਕ ਵਿੱਚ ਦਰਜ ਕੀਤੀ ਦੂਜੀ ਜਾਣਕਾਰੀ ਨੂੰ ਵਾਚਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਸੂਝਵਾਨ ਲੇਖਕ ਨੇ ਬੜੀ ਮਿਹਨਤ ਨਾਲ ਬਾਕੀ ਸਮਗਰੀ ਇਕੱਠੀ ਕਰਕੇ ਉਸ ਨੂੰ ਯੋਜਨਾਬੱਧ ਤਰੀਕੇ ਨਾਲ ਇਕ ਅਜਿਹੀ ਸੰਗਲੀ ਬਣਾਈ ਹੈ ਜਿਸ ਦੀਆਂ ਸਾਰੀਆਂ ਕੁੰਡੀਆਂ ਇਕ ਦੂਜੇ ਵਿੱਚ ਇਕਮਿਕ ਹੋ ਕੇ ਮਜ਼ਬੂਤ ਜ਼ੰਜੀਰ ਦੀ ਬੁਨਿਆਦ ਰੱਖ ਰਹੀਆਂ ਹਨ।
ਇਸ ਪੁਸਤਕ ਦੇ 180 ਪੰਨੇ ਹਨ ਅਤੇ ਵੀਹ ਕਾਂਡ ਹਨ। ਇਹਨਾਂ ਕਾਂਡਾਂ ਦੇ ਸਿਰਲੇਖਾਂ ਤੇ ਉੱਡਦੀ ਉੱਡਦੀ ਨਜ਼ਰ ਮਾਰੇ ਤੇ ਪਤਾ ਲੱਗਦਾ ਹੈ ਕਿ ਲੇਖਕ ਨੇ ਆਪਣੇ ਪਿੰਡ ਸੰਬੰਧੀ ਹਰ ਜ਼ਰੂਰੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ, ਜਿਵੇਂ; ਪਿੰਡ ਦੀ ਭੂਗੋਲਿਕ ਇਤਿਹਾਸਿਕਤਾ, ਪਿੰਡ ਬੱਝਣਾ(ਇਸ ਕਾਂਡ ਵਿਚ ਬਾਬਾ ਸਿੱਧ ਅਤੇ ਸਤੀ ਮਾਤਾ ਦੀਆਂ ਸਮਾਧਾਂ ਦਾ ਵੀ ਜ਼ਿਕਰ ਕੀਤਾ ਹੈ ਅਤੇ ਉਨ੍ਹਾਂ ਸੰਬੰਧੀ ਪ੍ਰਚਲਿਤ ਦੰਦ ਕਥਾਵਾਂ ਨੂੰ ਵੀ ਕਲਮਬੱਧ ਕੀਤਾ ਹੈ) ਅਤੇ ਪਿੰਡ ਦੀਆਂ ਪੱਤੀਆਂ, ਲਾਣਿਆਂ, ਅੱਲਾ ਦਾ ਵੀ ਜ਼ਿਕਰ ਕਰ ਦਿੱਤਾ ਹੈ। ਪਿੰਡਾਂ ਦੇ ਸਭਿਆਚਾਰ ਨੂੰ ਜਾਣਨ ਵਾਲਿਆਂ ਨੂੰ ਇਹ ਪਤਾ ਹੈ ਕਿ ਪੰਜਾਬ ਦਾ ਕੋਈ ਵੀ ਪਿੰਡ ਇਨ੍ਹਾਂ ਤੋਂ ਅਛੋਹ ਨਹੀਂ। ਆਰ ਪਰਿਵਾਰ ਵਾਲੇ ਕਾਂਡ ਵਿੱਚ ਪਿੰਡ ਦੇ ਛੋਟੇ ਵਿਹੜੇ, ਵੱਡੇ ਵਿਹੜੇ, ਬਾਲਮੀਕ ਬਸਤੀ ਸੰਬੰਧੀ ਲਿਖਦੇ ਹੋਏ ਇਹਨਾਂ ਵਿਹੜਿਆਂ ਵਾਲਿਆਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ ਹੈ (ਵੱਡੇ ਵਿਹੜੇ ਦੇ ਫ਼ੌਜੀ ਚੰਨਣ ਸਿੰਘ ਦੀ ਕਾਰਗਿਲ ਜੰਗ ਵਿਚ ਸ਼ਹੀਦੀ), ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਵੀ ਲੇਖਕ ਦੀਆਂ ਨਜ਼ਰਾਂ ਤੋਂ ਦੂਰ ਨਹੀਂ ਹੋਈਆਂ ਅਤੇ ਨਾ ਹੀ ਸਮਾਜ ਸੇਵੀ ਸੰਸਥਾਵਾਂ, ਹੋਰ ਸੰਸਥਾਵਾਂ, ਧਾਰਮਿਕ ਸਥਾਨਾਂ ਸੰਬੰਧੀ ਜ਼ਰੂਰੀ ਜਾਣਕਾਰੀ ਦੇਣੀ ਭੁੱਲਿਆ ਹੈ। ਅਜੋਕੇ ਸਮੇਂ ਦੀਆਂ ਜ਼ਰੂਰਤ ਵਾਲੀਆਂ ਮੁੱਖ ਚੀਜ਼ਾਂ ਪਿੰਡ ਵਿੱਚ ਕਿਥੋਂ ਮਿਲਦੀਆਂ ਹਨ, ਇਹ ਵੀ ਦੱਸਿਆ ਹੈ। ਲੇਖਕ ਨੇ ਬੜੀ ਮਿਹਨਤ ਨਾਲ ਆਪਣੀ ਜਾਣ-ਪਛਾਣ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਪਿੰਡ ਦੇ ਉਨ੍ਹਾਂ ਲੋਕਾਂ ਦੇ ਨਾਂ ਵੀ ਦਰਜ ਕੀਤੇ ਹਨ ਜੋ ਬਾਹਰਲੇ ਮੁਲਕਾਂ ਵਿਚ ਪਰਵਾਸ ਕਰ ਚੁੱਕੇ ਹਨ। ਇਸ ਤੋਂ ਇਲਾਵਾ ਕੱਦੋ ਪਿੰਡ ਨਾਲ ਸੰਬੰਧਿਤ ਕਿਹੜੇ ਕਿਹੜੇ ਲੋਕ ਫ਼ੌਜ, ਆਰਮੀ ਵਿੱਚ ਨੌਕਰੀ ਕਰਦੇ ਸਨ ਜਾਂ ਹੁਣ ਵੀ ਕਰ ਰਹੇ ਹਨ, ਉਨ੍ਹਾਂ ਦਾ ਵੇਰਵਾ ਦਿੱਤਾ ਹੈ। ਜਿੰਨਾ ਨੇ ਖੇਡਾਂ ਦੇ ਖੇਤਰ ਵਿੱਚ ਮਲਾਂ ਮਾਰ ਕੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ, ਉਨ੍ਹਾਂ ਦੇ ਨਾਂ ਵੀ ਦਰਜ ਹਨ। ਪਿੰਡ ਵਿੱਚ ਪ੍ਰਚਲਿਤ ਰਸਮਾਂ, ਰਿਵਾਜ਼ਾਂ ਸੰਬੰਧੀ ਵੀ ਜਾਣਕਾਰੀ ਦਿੱਤੀ ਹੈ। ਉਜਾਗਰ ਸਿੰਘ ਦੀ ਪੈਣੀ ਦ੍ਰਿਸ਼ਟੀ ਅਤੇ ਖ਼ੋਜੀ ਬਿਰਤੀ ਤਾਂ ਵੀ ਪਤਾ ਚੱਲਦਾ ਹੈ ਜਦੋਂ ਉਹ ‘ਸਮਕਾਲੀਨ ਪਰਿਪੇਖ’ ਕਾਂਡ ਵਿੱਚ ਇਹ ਦਿਲਚਸਪ ਜਾਣਕਾਰੀ ਦਿੰਦੇ ਹਨ ਕਿ ਪਿੰਡ ਵਿੱਚ ਪਹਿਲਾ ਟਰਾਂਜ਼ਿਸਟਰ 1942 ਵਿੱਚ ਠੇਕੇਦਾਰ ਸਾਧੂ ਸਿੰਘ ਲਿਆਇਆ ਸੀ, ਗਰਾਮੋਫ਼ੋਨ ਦੇ ਗੀਤ ਸਰਵਣ ਸਿੰਘ ਦੇ ਸਾਂਝੀ ਘੋਟੇ ਦੇ ਵਿਹੜੇ ਵਿੱਚ ਗੂੰਜੇ ਸੀ, ਟੀ ਵੀ ਦੀਆਂ ਚਲਦੀਆਂ ਫਿਰਦੀਆਂ ਮੂਰਤਾਂ ਨੇ ਹਰਭਜਨ ਸਿੰਘ ਦੇ ਘਰ ਪਹਿਲੀ ਵਾਰ ਰੌਣਕ ਲਾਈ ਸੀ। ਕਾਰ, ਬਸ, ਟਰੱਕ, ਟਰੈਕਟਰ, ਆਦਿ ਨੇ ਕਿਸ ਕਿਸ ਦੇ ਵਿਹੜਿਆਂ ਵਿੱਚ ਖੌਰੂ ਪਾਇਆ ਸੀ, ਪਿੰਡ ਵਿੱਚ ਸਭ ਤੋਂ ਪਹਿਲਾਂ ਬਿਜਲੀ ਦੇ ਲਾਟੂਆਂ ਨੇ ਕਿਸ ਦੇ ਘਰ ਜਗ ਮੱਗ ਕੀਤੀ ਸੀ ਅਤੇ ਟਿਊਬਵੈੱਲ ਕਿਸ ਦੇ ਖੇਤਾਂ ਦੀ ਸ਼ਾਨ ਬਣਿਆ ਸੀ। ਅਜਿਹੀ ਤੱਥਾਂ ਭਰਪੂਰ ਜਾਣਕਾਰੀ ਪਾਠਕਾਂ ਦਾ ਮਨੋਰੰਜਨ ਕਰਦੀ ਹੈ। ‘ਵਿਸ਼ੇਸ਼ ਯੋਗਦਾਨ’ ਵਾਲੇ ਕਾਂਡ ਵਿੱਚ ਪਿੰਡ ਦੀ ਤਕਰੀਬਨ ਹਰ ਉਸ ਸ਼ਖ਼ਸੀਅਤ ਸੰਬੰਧੀ ਕੁੱਝ ਨਾ ਕੁੱਝ ਲਿਖਿਆ ਹੈ ਜਿਸ ਨੇ ਪਿੰਡ ਦਾ ਨਾਂ ਚਮਕਾਇਆ ਹੈ।
ਸਮੁੱਚੇ ਰੂਪ ਵਿੱਚ ਦੇਖਿਆ ਜਾਵੇ ਤਾਂ ਅਜਿਹੀ ਸਮਗਰੀ ਇਕੱਠੀ ਕਰਕੇ, ਉਸ ਨੂੰ ਇਕ ਵਿਉਂਤ ਵਿੱਚ ਪ੍ਰੋ ਕੇ ਕਲਮਬੱਧ ਕਰਨਾ ਕਿਸੇ ਲਗਨ ਵਾਲੇ ਇਨਸਾਨ ਦਾ ਕੰਮ ਹੀ ਹੋ ਸਕਦਾ ਹੈ। ਅਜਿਹਾ ਉੱਦਮ ਕਰ ਕੇ ਜਿੱਥੇ ਉਜਾਗਰ ਸਿੰਘ ਜੀ ਨੇ ਆਪਣੇ ਪਿੰਡ ਦੀ ਇਤਿਹਾਸਕ ਪੈੜ ਚਾਲ ਨੱਪੀ ਹੈ, ਉੱਥੇ ਆਪਣਾ ਨਾਂ ਵੀ ਅਮਰ ਕਰ ਲਿਆ ਹੈ। ਇਹ ਪੁਸਤਕ ਪਿੰਡ ‘ਕੱਦੋ’ ਵਾਲਿਆਂ ਲਈ ਤਾਂ ਮਹੱਤਵਪੂਰਨ ਹੈ ਹੀ, ਉਨ੍ਹਾਂ ਲੇਖਕਾਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ ਜੋ ਆਪਣੇ ਪਿੰਡ ਸੰਬੰਧੀ ਅਜਿਹਾ ਉੱਦਮ ਕਰਨਾ ਚਾਹੁੰਦੇ ਹਨ। ਹਰ ਇਕ ਨੂੰ ਸਮਝ ਆ ਜਾਣ ਵਾਲੀ ਭਾਸ਼ਾ ਵਿਚ ਇਹ ਪੁਸਤਕ ਲਿਖ ਕੇ ਲੇਖਕ ਨੇ ਪਾਠਕਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਨਾਲ ਜੋੜਿਆ ਹੈ। ਜਿਸ ਹਲੀਮ ਨਾਲ ਉਨ੍ਹਾਂ ਨੇ ਆਪਣੀ ਜਾਣ-ਪਛਾਣ ਦਰਜ ਕੀਤੀ ਹੈ, ਉਹ ਵਿਸ਼ੇਸ਼ ਪ੍ਰਸੰਸਾਯੋਗ ਹੈ।
Columns ਪੁਸਤਕ ਚਰਚਾ – ਉਜਾਗਰ ਸਿੰਘ ਦੀ ਪੁਸਤਕ ‘ਪਿੰਡ ਕੱਦੋ’ ਦੇ ਵਿਰਾਸਤੀ ਰੰਗ’:...