ਪੈਰਿਸ ਉਲੰਪਿਕਸ 2024: ਮਨੂ ਨੇ ਸਰਬਜੋਤ ਸਿੰਘ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ‘ਚ ਕਾਂਸੇ ਦਾ ਦੂਜਾ ਤਗਮਾ ਜਿੱਤ ਕੇ ਇਤਿਹਾਸ ਰਚਿਆ

ਚੈਟੋਰੌਕਸ (ਫਰਾਂਸ), 30 ਜੁਲਾਈ – ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਜ਼ਾਦੀ ਤੋਂ ਬਾਅਦ ਇੱਕੋ ਉਲੰਪਿਕ ਵਿੱਚ ਦੋ ਤਗਮੇ ਜਿੱਤਣ ਦੇ ਨਾਲ ਉਹ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ ਤੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਅੱਜ ਇੱਥੇ ਸਰਬਜੋਤ ਸਿੰਘ ਨਾਲ ਮਿਲ ਕੇ ਪੈਰਿਸ ਉਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ਵਿੱਚ ਦੱਖਣੀ ਕੋਰੀਆ ਨੂੰ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ। ਭਾਰਤੀ ਜੋੜੀ ਨੇ ਕੋਰੀਆ ਦੀ ਲੀ ਵੋਨੋਹੋ ਅਤੇ ਓਹ ਯੇਹ ਜਿਨ ਦੀ ਜੋੜੀ ਨੂੰ 16-10 ਨਾਲ ਮਾਤ ਦੇ ਕੇ ਦੇਸ਼ ਨੂੰ ਇਸ ਉਲੰਪਿਕ ’ਚ ਦੂਜਾ ਤਗਮਾ ਦਿਵਾਇਆ। ਇਸ ਤੋਂ ਪਹਿਲਾਂ ਮਨੂ ਨੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ।
ਟੋਕੀਓ ਉਲੰਪਿਕ ’ਚ ਮਨੂ ਆਪਣੀ ਪਿਸਟਲ ’ਚ ਖਰਾਬੀ ਕਾਰਨ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਉਸ ਨੇ ਹਾਲੇ 25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਹਿੱਸਾ ਲੈਣਾ ਹੈ ਅਤੇ ਉਸ ਕੋਲ ਆਪਣਾ ਤੀਜਾ ਤਗਮਾ ਜਿੱਤਣ ਦਾ ਮੌਕਾ ਵੀ ਹੈ। ਬਰਤਾਨਵੀ ਮੂਲ ਦੇ ਭਾਰਤੀ ਖਿਡਾਰੀ ਨੌਰਮਨ ਪ੍ਰਿਚਰਡ ਨੇ 1900 ਦੀਆਂ ਉਲੰਪਿਕ ਖੇਡਾਂ ਵਿੱਚ 200 ਮੀਟਰ ਸਪ੍ਰਿੰਟ ਅਤੇ 200 ਮੀਟਰ ਅੜਿੱਕਾ ਦੌੜ ਵਿੱਚ ਚਾਂਦੀ ਦੇ ਤਗਮੇ ਜਿੱਤੇ ਸਨ ਪਰ ਇਹ ਪ੍ਰਾਪਤੀ ਆਜ਼ਾਦੀ ਤੋਂ ਪਹਿਲਾਂ ਹਾਸਲ ਕੀਤੀ ਗਈ ਸੀ।
ਸਰਬਜੋਤ 10 ਮੀਟਰ ਏਅਰ ਪਿਸਟਲ ਵਿਅਕਤੀਗਤ ਵਰਗ ਦੇ ਕੁਆਲੀਫਿਕੇਸ਼ਨ ਗੇੜ ਵਿੱਚ 577 ਦੇ ਸਕੋਰ ਨਾਲ ਨੌਵੇਂ ਸਥਾਨ ’ਤੇ ਰਿਹਾ ਸੀ ਅਤੇ ਫਾਈਨਲ ਵਿੱਚ ਥਾਂ ਨਹੀਂ ਬਣਾ ਸਕਿਆ ਸੀ। ਮਨੂ ਅਤੇ ਸਰਬਜੋਤ ਨੇ ਕੁਆਲੀਫਿਕੇਸ਼ਨ ਗੇੜ ਵਿੱਚ 580 ਦੇ ਸਕੋਰ ਨਾਲ ਕਾਂਸੇ ਦੇ ਤਗਮੇ ਲਈ ਹੋਣ ਵਾਲੇ ਮੈਚ ਵਿੱਚ ਜਗ੍ਹਾ ਬਣਾਈ ਸੀ।