ਪੈਰਿਸ ਉਲੰਪਿਕਸ 2024: ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ 100 ਗ੍ਰਾਮ ਵਜ਼ਨ ਵੱਧਣ ਕਰਕੇ ਫਾਈਨਲ ’ਚੋਂ ਅਯੋਗ ਕਰਾਰ ਦਿੱਤਾ ਗਿਆ

ਪੈਰਿਸ, 7 ਅਗਸਤ – ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੋਂ ਸੋਨ ਤਗਮੇ ਦੀ ਆਸ ਲਾਈ ਬੈਠੇ 140 ਕਰੋੜ ਭਾਰਤੀਆਂ ਦੀਆਂ ਉਮੀਦਾਂ 100 ਗ੍ਰਾਮ ਵਜ਼ਨ ਵੱਧਣ ਹੇਠ ਦੱਬ ਕੇ ਰਹਿ ਗਈਆਂ। ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅੱਜ ਦਿਨੇਂ 100 ਗ੍ਰਾਮ ਵਜ਼ਨ ਵੱਧ ਹੋਣ ਕਰਕੇ ਅਯੋਗ ਕਰਾਰ ਦੇ ਦਿੱਤਾ ਗਿਆ।
6 ਅਗਸਤ ਦਿਨ ਮੰਗਲਵਾਰ ਨੂੰ ਉਪਰੋਥੱਲੀ ਤਿੰਨ ਮੁਕਾਬਲੇ ਖੇਡ ਕੇ ਡੀਹਾਈਡ੍ਰੇਟ ਹੋ ਚੁੱਕੀ ਵਿਨੇਸ਼ ਨੇ ਭਾਰ ਘਟਾਉਣ ਲਈ ਹਰ ਹਰਬਾ ਵਰਤਿਆ। ਉਸ ਨੇ ‘ਘੁੱਟ-ਘੁੱਟ ਪਾਣੀ ਪੀਤਾ’, ਆਪਣੇ ਵਾਲ ਵੀ ਕੱਟੇ ਤੇ ਪੂਰੀ ਰਾਤ ਵਰਕਆਊਟ ਕਰਦੀ ਰਹੀ, ਪਰ ਗੱਲ ਨਹੀਂ ਬਣੀ। ਫੋਗਾਟ ਲਈ ਅੱਜ ਉਸ ਦੇ ਖੇਡ ਕਰੀਅਰ ਦਾ ਸਭ ਤੋਂ ਵੱਡਾ ਦਿਨ ਸੀ। ਵਿਨੇਸ਼ ਨੇ ਫਾਈਨਲ ਤੱਕ ਦੇ ਸਫ਼ਰ ਦੌਰਾਨ ਮੌਜੂਦਾ ਚੈਂਪੀਅਨ ਨੂੰ ਵੀ ਢਾਹਿਆ, ਪਰ ਅਖੀਰ ’ਚ ਉਸ ਦੇ ਆਪਣੇ ਹੀ ਸਰੀਰ ਨੇ ਉਸ ਨੂੰ ਢਾਹ ਲਿਆ। ਉਲੰਪਿਕ ਕੁਸ਼ਤੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਸਿਰਜਣ ਵਾਲੀ ਪਹਿਲਵਾਨ ਫੋਗਾਟ ਨੇ ਦੇਸ਼ ਲਈ ਚਾਂਦੀ ਦਾ ਤਗਮਾ ਪੱਕਾ ਕਰ ਦਿੱਤਾ ਸੀ। ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ‘ਛੋਰੀ’ ਨੂੰ ਹਾਲਾਂਕਿ ਹੁਣ ਖਾਲੀ ਹੱਥ ਪਰਤਣਾ ਹੋਵੇਗਾ। ਉਂਜ 29 ਸਾਲਾ ਪਹਿਲਵਾਨ ਨੂੰ ਡੀਹਾਈਡ੍ਰੇਸ਼ਨ (ਸਰੀਰ ਦਾ ਪਾਣੀ ਖ਼ਤਮ ਹੋਣ) ਕਰਕੇ ਅੱਜ ਖੇਡ ਪਿੰਡ ਵਿਚਲੇ ਪੋਲੀਕਲੀਨਿਕ ਵੀ ਲਿਜਾਣਾ ਪਿਆ।