ਨਵੀਂ ਦਿੱਲੀ, 1 ਦਸੰਬਰ – ਇੱਥੇ ਦੀ ਸਿੰਘੂ ਸਰਹੱਦ ‘ਤੇ ਧਰਨਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ‘ਮਨ ਕੀ ਬਾਤ’ ਕਰਦੇ ਹਨ ਪਰ ਉਹ ਹੁਣ ਕਿਸਾਨਾਂ ਦੇ ‘ਮਨ ਕੀ ਬਾਤ’ ਨੂੰ ਸਮਝਣ।
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਆਪਣੇ ਮੌਜੂਦਾ ਮੋਰਚਿਆਂ ‘ਤੇ ਡਟੀਆਂ ਰਹਿਣਗੀਆਂ। ਕਿਸਾਨ ਆਗੂਆਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਤਿੰਨ ਖੇਤੀ ਕਾਨੂੰਨਾਂ ਤੇ ਬਿਜਲੀ ਸੋਧ ਐਕਟ ਦੇ ਮਾਮਲੇ ‘ਚ ਕੋਈ ਸਮਝੌਤਾ ਨਹੀਂ ਕਰਨਗੇ। ਕਿਸਾਨ ਆਗੂਆਂ ਨੇ ਕਿਹਾ, ‘ਸਾਡੀ ਇੱਕੋ ਇੱਕ ਮੰਗ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੀ ਹੈ… ਇਸ ‘ਤੇ ਕੋਈ ਸਮਝੌਤਾ ਨਹੀਂ ਕਰਾਂਗੇ ਤੇ ਅਸੀਂ ਯਕੀਨੀ ਬਣਾਵਾਂਗੇ।’ ਕਿਸਾਨ ਆਗੂਆਂ ਨੇ ਭਾਜਪਾ ਨੂੰ ਸੱਤਾਵਾਦੀ ਅਤੇ ਫ਼ਾਸ਼ੀਵਾਦੀ ਕਰਾਰ ਦਿੰਦਿਆਂ ਕਿਹਾ ਇਹ ਤਾਂ ਇੰਜ ਹੈ ਜਿਵੇਂ ‘ਮੂੰਹ ‘ਚ ਰਾਮ-ਰਾਮ ਤੇ ਬਗ਼ਲ ਵਿੱਚ ਛੁਰੀ।’ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਕਿਸਾਨਾਂ ਦੇ ‘ਮਨ ਕੀ ਬਾਤ’ ਨੂੰ ਸਮਝਣ ਜਾਂ ਫਿਰ ਇਸ ਅੜੀ ਲਈ ਸਰਕਾਰ ਨੂੰ ਮਹਿੰਗਾ ਮੁੱਲ ਤਾਰਨਾ ਪਵੇਗਾ।
ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਦੇਸ਼ ਦੀਆਂ 32 ਕਿਸਾਨ ਜਥੇਬੰਦੀਆਂ ਨੂੰ 1 ਦਸੰਬਰ ਨੂੰ ਤਿੰਨ ਵਜੇ ਖੇਤੀਬਾੜੀ ਕਾਨੂੰਨਾਂ ਬਾਰੇ ਚਰਚਾ ਕਰਨ ਲਈ ਪੱਤਰ ਭੇਜ ਦਿੱਤਾ ਗਿਆ ਹੈ। ਇਹ ਬੈਠਕ ਵਿਗਿਆਨ ਭਵਨ ਵਿਖੇ ਕੀਤੇ ਜਾਣ ਬਾਰੇ ਖੇਤੀ ਮੰਤਰਾਲੇ ਦੇ ਅਧਿਕਾਰੀ ਸੰਜੇ ਅਗਰਵਾਲ ਵੱਲੋਂ ਪੱਤਰ ਭੇਜਿਆ ਗਿਆ। ਇਸ ਬੈਠਕ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਆਪਸੀ ਬੈਠਕ ਕਰਨਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹੋਈਆਂ ਦੋ ਬੈਠਕਾਂ ਬੇਸਿੱਟਾ ਰਹੀਆਂ ਹਨ। ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸੇ ਦੌਰਾਨ ਇੱਕ ਖ਼ਬਰ ਏਜੰਸੀ ਮੁਤਾਬਿਕ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਯੂਨੀਅਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਬਾਰੇ ਚਿੰਤਾਵਾਂ ਦੂਰ ਕਰਨ ਲਈ ਪਹਿਲੀ ਦਸੰਬਰ ਨੂੰ ਗੱਲਬਾਤ ਵਾਸਤੇ ਸੱਦਿਆ ਗਿਆ ਹੈ।
Home Page ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਨੂੰ ਸਮਝਣ – ਕਿਸਾਨ ਜਥੇਬੰਦੀਆਂ