ਵੈਲਿੰਗਟਨ, 4 ਫਰਵਰੀ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਪਹਿਲੀ ਮਟਾਰੀਕੀ ਪਬਲਿਕ ਹੌਲੀਡੇ ਐਲਾਨ ਕੀਤਾ, ਜੋ 24 ਜੂਨ 2020 ਨੂੰ ਹੋਵੇਗੀ। ਉਨ੍ਹਾਂ ਨੇ ਅੱਜ ਮਟਾਰੀਕੀ ‘ਤੇ ਹੋਣ ਵਾਲੀ ਪਹਿਲੀ ਤਾਰੀਖ਼ ਦਾ ਐਲਾਨ ਕੀਤੀ ਅਤੇ ਕਿਹਾ ਕਿ ਇਹ ਮਟਾਰੀਕੀ ਦੀ ਛੁੱਟੀ ਅੱਗੇ ਆਉਣ ਵਾਲੇ ਸਾਲਾਂ ਵਿੱਚ ਮਟਾਰੀਕੀ ਤਾਰਿਆਂ ਦੇ ਚੜ੍ਹਨ ਨਾਲ ਬਦਲਦੀ ਰਹੇਗੀ। ਇਹ ਇੱਕ ਤਾਰਿਆਂ ਦਾ ਸਮੂਹ ਹੈ, ਜੋ ਸਾਲ ਦੇ ਅੱਧ ਵਿੱਚ ਚੜ੍ਹਦਾ ਹੈ ਅਤੇ ਮਾਓਰੀ ਨਵੇਂ ਸਾਲ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਟਿਕੰਗਾ ਅਤੇ ਖਗੋਲ ਵਿਗਿਆਨ ਦੇ ਮਾਹਿਰਾਂ ਦਾ ਨਵਾਂ ਪੈਨਲ ਆਉਣ ਵਾਲੇ ਸਾਲਾਂ ਲਈ ਇਸ ਦੀਆਂ ਤਾਰੀਖ਼ਾਂ ਤੈਅ ਕਰੇਗਾ, ਪਰ ਭਵਿੱਖ ਵਿੱਚ ਇਹ ਹਮੇਸ਼ਾ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਹੀ ਆਉਣਗੀਆਂ। ਜ਼ਿਕਰਯੋਗ ਹੈ ਕਿ ਮਟਾਰੀਕੀ ਤਾਰਿਆਂ ਦੇ ਸਮੂਹ ਦੇ ਚੜ੍ਹਨ ਨੂੰ ਦਰਸਾਉਂਦਾ ਹੈ ਜੋ ‘ਪਲੀਅਡਜ਼’ ਵਜੋਂ ਜਾਣਿਆ ਜਾਂਦਾ ਹੈ। ਇਹ ਆਮ ਤੌਰ ‘ਤੇ ਮਈ ਦੇ ਅਖੀਰ ਵਿੱਚ ਜਾਂ ਜੂਨ ਦੇ ਸ਼ੁਰੂ ਵਿੱਚ ਚੜ੍ਹਦਾ ਹੈ। ਮਾਓਰੀ ਪਰੰਪਰਾ ਵਿੱਚ ਇਸ ਨੂੰ ਨਵੀਨੀਕਰਣ ਦੇ ਸਮੇਂ ਵਜੋਂ ਦੇਖਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ, ‘ਹੁਣ ਸਮਾਂ ਆ ਗਿਆ ਹੈ ਕਿ ਨਿਊਜ਼ੀਲੈਂਡ ਦੀ ਇੱਕ ਵੱਖਰੀ ਛੁੱਟੀ ਹੋਵੇ, ਜਿਸ ‘ਚ ਪ੍ਰਤੀਬਿੰਬ ਅਤੇ ਜਸ਼ਨ ਦੇ ਸਮਾਂ ਦੀ ਝਲਕ ਪਵੇ ਅਤੇ ਸਾਡੀ ਪਹਿਲੀ ਪਬਲਿਕ ਹੌਲੀਡੇ ਜੋ ਟੀ ਓ ਮਾਓਰੀ ਨੂੰ ਮਾਨਤਾ ਦਿੰਦੀ ਹੋਵੇ’।
ਗੌਰਤਲਬ ਹੈ ਕਿ ਇਹ ਨਵੀਂ ਜਨਤਕ ਛੁੱਟੀ ਪਿਛਲੇ ਸਾਲ ਸਤੰਬਰ ਵਿੱਚ ਪ੍ਰਧਾਨ ਮੰਤਰੀ ਆਰਡਰਨ ਦੇ ਚੋਣ ਮੁਹਿੰਮ ਦੇ ਪਹਿਲੇ ਵਾਅਦਿਆਂ ਵਿੱਚੋਂ ਇਕ ਹੈ। ਇਹ ਲਗਭਗ 50 ਸਾਲਾਂ ਵਿੱਚ ਨਿਊਜ਼ੀਲੈਂਡ ਵਿੱਚ ਪਹਿਲੀ ਨਵੀਂ ਜਨਤਕ ਛੁੱਟੀ ਅਤੇ ਸਾਲ ਦੀ 12ਵੀਂ ਪਬਲਿਕ ਹੌਲੀਡੇ ਹੋਵੇਗੀ।
ਨਵੇਂ ਮਟਾਰੀਕੀ ਸਲਾਹਕਾਰ ਗਰੁੱਪ ਵਿਚ ਪ੍ਰੋਫੈਸਰ ਰੰਗੀਨੇਹੂ ਮਾਂਤਮੁਆ (ਚੇਅਰ), ਹੌਟੂਰੋਆ ਬਾਰਕਲੇ-ਕੇਰ, ਰੀਰੀਆ ਮਾਕਿਹਾ, ਵਿਕਟੋਰੀਆ ਕੈਂਪਬੈਲ, ਡਾ. ਪੌਲਾਈਨ ਹੈਰਿਸ, ਡਾ. ਰੁਕੇਰੇ ਹਾਂਡ ਅਤੇ ਜੈੱਕ ਥੈਚਰ ਸ਼ਾਮਲ ਹਨ।
ਇਸ ਪਬਲਿਕ ਹੌਲੀਡੇ ਲਈ ਲੌਰਾ ਓ’ਕਨੈਲ ਰੈਪੀਰਾ ਦੁਆਰਾ ਪਟੀਸ਼ਨ ‘ਤੇ ਪਿਛਲੇ ਸਾਲ 35,000 ਤੋਂ ਵੱਧ ਦਸਤਖ਼ਤ ਕਰਵਾਏ ਗਏ ਸਨ। ਹਾਲਾਂਕਿ, ਸਤੰਬਰ ਵਿੱਚ ਲੇਬਰ ਮਟਾਰੀਕੀ ‘ਤੇ ਛੁੱਟੀ ਦੇ ਐਲਾਨ ਦਾ ਸਰਵ ਵਿਆਪੀ ਸਵਾਗਤ ਨਹੀਂ ਕੀਤਾ ਗਿਆ ਸੀ, ਜਦੋਂ ਕਿ ਗ੍ਰੀਨ ਪਾਰਟੀ ਨੇ ਇਸ ਦਾ ਸਮਰਥਨ ਕੀਤਾ, ਐਨ ਜ਼ੈਡ ਫ਼ਸਟ, ਨੈਸ਼ਨਲ ਅਤੇ ਐਕਟ ਪਾਰਟੀ ਨੇ ਪ੍ਰਸ਼ਨ ਕੀਤਾ ਕਿ ਕੀ ਕਿਸੇ ਹੋਰ ਜਨਤਕ ਛੁੱਟੀ ਦੀ ਜ਼ਰੂਰਤ ਹੈ? ਨੈਸ਼ਨਲ ਨੇ ਸੁਝਾਅ ਦਿੱਤਾ ਸੀ ਕਿ ਇਸ ਨੂੰ ਹੋਰ ਨਵੀਂ ਛੁੱਟੀ ਨੂੰ ਜੋੜਨ ਦੀ ਥਾਂ ਕਿਸੇ ਹੋਰ ਪਬਲਿਕ ਹੌਲੀਡੇ ਵਿੱਚ ਬਦਲਣਾ ਚਾਹੀਦਾ ਹੈ, ਇਹ ਕਹਿੰਦੇ ਹੋਏ ਕਿ ਇਹ ਮੁਸ਼ਕਲ ਆਰਥਿਕ ਸਮੇਂ ਦੌਰਾਨ ਕਾਰੋਬਾਰਾਂ ‘ਤੇ ਵਾਧੂ ਭਾਰ ਪਵੇਗਾ।
Home Page ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵੱਲੋਂ 2022 ਲਈ ਪਹਿਲੀ ਮਟਾਰੀਕੀ ਪਬਲਿਕ ਹੌਲੀਡੇ ਦਾ...