ਨਵੀਂ ਦਿੱਲੀ, 11 ਦਸੰਬਰ – ਇੱਥੇ 10 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਭਵਨ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਇਸ ਨੂੰ ‘ਭਾਰਤ ਦੇ ਲੋਕਤੰਤਰ ਇਤਿਹਾਸ ਦਾ ਮੀਲ-ਪੱਥਰ” ਦੱਸਦਿਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਪੁਰਾਣੇ ਸੰਸਦ ਭਵਨ ਨੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਦਿਸ਼ਾ ਦਿੱਤੀ ਸੀ ਤਾਂ ਨਵੀਂ ਇਮਾਰਤ ‘ਆਤਮ-ਨਿਰਭਰ ਭਾਰਤ’ ਦੇ ਨਿਰਮਾਣ ਦੀ ਗਵਾਹ ਬਣੇਗੀ।
ਨਵੇਂ ਸੰਸਦ ਭਵਨ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਅਤੇ ਟੱਕ ਲਾਉਣ ਦੀ ਰਸਮ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਵਿੱਚ ਬਹੁਤ ਕੁੱਝ ਨਵਾਂ ਕੀਤਾ ਜਾ ਰਿਹਾ ਹੈ, ਜਿਸ ਨਾਲ ਸੰਸਦ ਮੈਂਬਰਾਂ ਦੀ ਸਮਰੱਥਾ ‘ਚ ਵਾਧਾ ਹੋਵੇਗਾ ਕਿਉਂਕਿ ਕੰਮ ਦੇ ਸਭਿਆਚਾਰ ਵਿੱਚ ਆਧੁਨਿਕ ਤੌਰ-ਤਰੀਕੇ ਲਿਆਂਦੇ ਜਾਣਗੇ। ਉਨ੍ਹਾਂ ਕਿਹਾ, ‘ਇਹ ਬਹੁਤ ਇਤਿਹਾਸਿਕ ਦਿਨ ਹੈ। ਭਾਰਤ ਦੇ ਲੋਕਤੰਤਰ ਇਤਿਹਾਸ ਵਿੱਚ ਅੱਜ ਇੱਕ ਮੀਲ ਪੱਥਰ ਜੁੜਿਆ ਹੈ’। ਮੋਦੀ ਨੇ ਕਿਹਾ, ‘ਅਸੀਂ ਭਾਰਤ ਵਾਸੀ ਰਲ ਕੇ ਸੰਸਦ ਦੀ ਨਵੀਂ ਇਮਾਰਤ ਦਾ ਨਿਰਮਾਣ ਕਰਾਂਗੇ। ਇਹ ਨਵੀਂ ਇਮਾਰਤ ਇੱਕ ਪ੍ਰੇਰਨਾ ਸਰੋਤ ਹੋਵੇਗੀ ਜਦੋਂ ਭਾਰਤ ਆਪਣੀ ਆਜ਼ਾਦੀ ਦੇ 75ਵਰ੍ਹੇ ਮਨਾਏਗਾ’।
ਨਵੇਂ ਸੰਸਦ ਭਵਨ ਦੀ ਇਮਾਰਤ ਬਣਾਉਣ ਵਾਲੀ ਥਾਂ ‘ਤੇ ਸ੍ਰਿਨਗੇਰੀ ਮੱਠ ਕਰਨਾਟਕ ਦੇ ਪੰਡਿਤਾਂ ਨੇ ‘ਭੂਮੀ ਪੂਜਨ’ ਕੀਤਾ। ਇਸ ਮਗਰੋਂ ਸਰਬ ਧਰਮ ਪ੍ਰਾਰਥਨਾ ਕੀਤੀ ਗਈ। ਇਸ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਸ਼ਹਿਰੀ ਵਿਕਾਸ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਵੱਲੋਂ ਵੀ ਪ੍ਰਾਰਥਨਾਵਾਂ ਕੀਤੀਆਂ ਗਈਆਂ। ਨਵੀਂ ਇਮਾਰਤ 64,500 ਵਰਗ ਮੀਟਰ ਥਾਂ ਵਿੱਚ ਬਣੇਗੀ। ਮੌਜੂਦਾ ਸੰਸਦ ਭਵਨ ਦੀ ਇਮਾਰਤ ਨੂੰ ਢੁਕਵੇਂ ਢੰਗ ਨਾਲ ਵਰਤੋਂ ਵਿੱਚ ਲਿਆਉਣ ਵਿੱਚ ਸੰਸਦੀ ਸਮਾਗਮਾਂ ਲਈ ਥਾਂ ਬਣੇਗੀ ਤਾਂ ਜੋ ਨਵੀਂ ਇਮਾਰਤ ਦੇ ਨਾਲ-ਨਾਲ ਇਸ ਦੀ ਵਰਤੋਂ ਵੀ ਯਕੀਨੀ ਬਣਾਈ ਜਾ ਸਕੇ।
ਸੰਸਦ ਭਵਨ ਦੀ ਇਹ ਨਵੀਂ ਇਮਾਰਤ ੨੦ ਹਜ਼ਾਰ ਕਰੋੜ ਰੁਪਏ ਦੇ ਸੈਂਟਰਲ ਵਿਸਟਾ ਪ੍ਰਾਜੈਕਟ ਦਾ ਅਹਿਮ ਹਿੱਸਾ ਹੈ। ਸੰਸਦ ਭਵਨ ਦੀ ਨਵੀਂ ਇਮਾਰਤ ਦੀ ਲਾਗਤ ਲਗਭਗ 971 ਕਰੋੜ ਰੁਪਏ ਆਉਣ ਦੀ ਸੰਭਾਵਨਾ ਹੈ। ਸੈਂਟਰਲ ਵਿਸਟਾ ਪ੍ਰਾਜੈਕਟ ਤਹਿਤ ਰਾਸ਼ਟਰਪਤੀ ਭਵਨ ਤੋਂ ਇੰਡੀਆ ਗੇਟ ਤੱਕ ਫੈਲੇ 13.4 ਕਿੱਲੋਮੀਟਰ ਲੰਮੇ ਰਾਜਪਥ ‘ਤੇ ਸਥਿਤ ਸਰਕਾਰੀ ਭਵਨਾਂ ਦਾ ਮੁੜ ਨਿਰਮਾਣ ਕੀਤਾ ਜਾਵੇਗਾ ? ਇਸ ਦੇ ਅਖੀਰ ‘ਚ ਯਮੁਨਾ ਨਦੀ ਦੇ ਕੰਢੇ ਇਕ 20 ਏਕੜ ਦਾ ਪਾਰਕ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਨਵੇਂ ਸੰਸਦ ਭਵਨ ਦੀ ਇਮਾਰਤ ਦਾ ਨਿਰਮਾਣ ਕਾਰਜ 2022 ਤੱਕ ਮੁਕੰਮਲ ਹੋਣ ਦੀ ਆਸ ਹੈ। ਇਸ ਇਮਾਰਤ ਵਿੱਚ ਵੱਡਾ ਸੰਵਿਧਾਨਿਕ ਹਾਲ ਹੋਵੇਗਾ, ਜਿਸ ਵਿੱਚ ਭਾਰਤ ਦੀ ਲੋਕਤੰਤਰ ਵਿਰਾਸਤ ਪ੍ਰਦਰਸ਼ਿਤ ਕੀਤੀ ਜਾਵੇਗੀ, ਸੰਸਦ ਮੈਂਬਰਾਂ ਲਈ ਲਾਊਂਜ, ਇੱਕ ਲਾਇਬਰੇਰੀ, ਕਮੇਟੀਆਂ ਲਈ ਕਈ ਕਮਰੇ, ਖਾਣੇ ਲਈ ਥਾਵਾਂ ਅਤੇ ਵਾਹਨ ਖੜ੍ਹੇ ਕਰਨ ਲਈ ਥਾਵਾਂ ਹੋਣਗੀਆਂ। ਨਵੀਂ ਇਮਾਰਤ ਦੇ ਲੋਕ ਸਭਾ ਚੈਂਬਰ ਵਿੱਚ 888 ਮੈਂਬਰਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ ਜਦੋਂ ਕਿ ਰਾਜ ਸਭਾ ਵਿੱਚ ਮੈਂਬਰਾਂ ਲਈ 384 ਸੀਟਾਂ ਹੋਣਗੀਆਂ। ਲੋਕ ਸਭਾ ਚੈਂਬਰ ਵਿੱਚ ਸਾਂਝੇ ਸੈਸ਼ਨਾਂ ਲਈ ਬੈਠਣ ਦੀ ਸਮਰੱਥਾ ਵਿੱਚ 1,224 ਮੈਂਬਰਾਂ ਤੱਕ ਵਾਧਾ ਕੀਤਾ ਜਾ ਸਕੇਗਾ। ਅਜਿਹਾ ਭਵਿੱਖ ਵਿੱਚ ਦੋਵਾਂ ਸਦਨਾਂ ਦੇ ਮੈਂਬਰਾਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਕੀਤਾ ਗਿਆ ਹੈ।
Home Page ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ...