ਨਵੀਂ ਦਿੱਲੀ, 24 ਮਾਰਚ- ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਿੱਖ ਸ਼ਖ਼ਸੀਅਤਾਂ ਤੇ ਬੁੱਧੀਜੀਵੀਆਂ ਨਾਲ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਦੀ ਏਕਤਾ ਤੇ ਸਿੱਖਾਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟਾਈ। ਵਫ਼ਦ ਨਾਲ ਗਏ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ 90 ਮਿੰਟ ਤੱਕ ਮੀਟਿੰਗ ਚੱਲੀ। ਇਸ ਦੌਰਾਨ ਮੋਦੀ ਨੇ ਉਨ੍ਹਾਂ ਦੇ ਸਿੱਖਾਂ ਨਾਲ ਰਿਸ਼ਤਿਆਂ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਗਏ ਕੰਮਾਂ ਬਾਰੇ ਦੱਸਿਆ। ਸਿਰਸਾ ਨੇ ਕਿਹਾ ਕਿ ਮੋਦੀ ਨੇ ਵਫ਼ਦ ਦੇ ਮੈਂਬਰਾਂ ਨੂੰ ਸਿੱਖ ਭਾਈਚਾਰੇ ਨਾਲ ਸਬੰਧਿਤ ਕਿਸੇ ਵੀ ਮੁੱਦੇ ‘ਤੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਖ਼ੁਦ ਨੂੰ ਖ਼ੁਸ਼ਕਿਸਮਤ ਮੰਨਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਕੁੱਝ ਸਾਲਾਂ ‘ਚ ਸਿੱਖਾਂ ਨਾਲ ਸਬੰਧਿਤ ਕਈ ਪ੍ਰੋਗਰਾਮਾਂ ਦੀ ਸ਼ੁਰੂਆਤ ਅਤੇ ਪਹਿਲ ਕੀਤੀ ਹੈ। ਇਸ ਵਫ਼ਦ ਵਿੱਚ ਡਾ. ਕਰਮਜੀਤ ਸਿੰਘ, ਜਸਪਾਲ ਸਿੰਘ ਸੰਧੂ, ਬਾਬੂ ਸਿੰਘ ਤੀਰ, ਡਾ. ਪੀ ਐੱਸ ਪਸਰੀਚਾ, ਡਾ. ਰਾਜਿੰਦਰ ਸਿੰਘ ਰਾਜੂ, ਵਿਕਰਮਜੀਤ ਸਿੰਘ ਸਾਹਨੀ, ਹਰਮੀਤ ਸਿੰਘ ਕਾਲਕਾ, ਡਾ. ਵੀਨਾ ਕੌਰ, ਤਰਲੋਚਨ ਸਿੰਘ, ਡਾ. ਐੱਚ ਐੱਸ ਗਿੱਲ , ਏਪੀ ਐੱਸ ਆਹਲੂਵਾਲੀਆ, ਹਰਭਜਨ ਸਿੰਘ, ਸਾਬਕਾ ਜਸਟਿਸ ਜੀ ਐੱਸ ਸਿਸਟਾਨੀ, ਬੀ ਐੱਸ ਘੁੰਮਣ, ਪ੍ਰੋ. ਹਰਪ੍ਰੀਤ ਕੌਰ, ਬਲਬੀਰ ਸਿੰਘ ਕੋਹਲੀ, ਕੇਬੀ ਐੱਸ ਸਿੱਧੂ ਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ।
Home Page ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਬੁੱਧੀਜੀਵੀਆਂ ਦੇ ਵਫ਼ਦ ਨਾਲ ਮੁਲਾਕਾਤ