ਨਵੀਂ ਦਿੱਲੀ – ਦੇਸ਼ ਦੀ ਆਜ਼ਾਦੀ ਦੀ 66ਵੀਂ ਵਰ੍ਹੇਗੰਢ ਮੌਕੇ ‘ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 15 ਅਗਸਤ ਦਿਨ ਬੁੱਧਵਾਰ ਦੇ ਸਵੇਰ 7:30 ਵਜੇ ਲਾਲ ਕੀਲੇ ਦੀ ਫਸੀਲ ਤੋਂ ੯ਵੀਂ ਵਾਰ ਤਰੰਗਾ ਝੰਡਾ ਲਹਿਰਾ ਕੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦੇਣ ਦੇ ਨਾਲ ਹੀ ਲਗਭਗ ਅੱਧਾ ਘੰਟਾ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਣ ਦੇ ਨਾਲ ਆਰਥਿਕ ਮੰਦੀ ‘ਤੇ ਫਿਕਰਾਂ ਜਤਾਈਆਂ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਖਰਾਬ ਹੁੰਦੀ ਭਾਰਤ ਦੀ ਅਰਥ ਵਿਵਸਥਾ ਤੋਂ ਕੀਤੀ। ਉਨ੍ਹਾਂ ਕਿਹਾ ਕਿ ਆਲਮੀ ਅਰਥ ਵਿਵਸਥਾ ਵਿੱਚ ਜਿਸ ਤਰਜ਼ ‘ਤੇ ਗਿਰਾਵਟ ਹੋਈ ਹੈ, ਉਸ ਦਾ ਬੋਝ ਭਾਰਤੀ ਅਰਥ ਵਿਵਸਥਾ ਉਪਰ ਵੀ ਪਿਆ ਹੈ। ਇਸ ਨਾਲ ਭਾਰਤ ਨੂੰ ਆਰਥਿਕਤਾ ਪੱਖੋਂ ਕੁੱਝ ਨੁਕਸਾਨ ਵੀ ਹੋਇਆ ਹੈ ਪਰ ਸਾਡੀ ਸਰਕਾਰ……. ਹਰ ਸੰਭਵ ਉਪਾਅ ਕਰ ਰਹੀ ਹੈ ਕਿਸ ਨਾਲ ਭਾਰਤੀ ਅਰਥ ਵਿਵਸਥਾ ਮਜ਼ਬੂਤ ਹੋ ਸਕੇ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਸਮਾਜ ਦੇ ਹਰ ਵਰਗ ਕਿਸਾਨ ਤੋਂ ਨੌਜਵਾਨ ਤੇ ਸਿਖਿਆ, ਮਹਿੰਗਾਈ ਤੇ ਗਰੀਬੀ ਤੱਕ ਦੇ ਮੁੱਦਿਆਂ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਲੋਕਪਾਲ ਬਿੱਲ ਨੂੰ ਲੋਕ ਸਭਾ ‘ਚੋਂ ਤਾਂ ਪਾਸ ਕਰਵਾ ਲਿਆ ਪਰ ਰਾਜ ਸਭਾ ਵਿੱਚ ਉਹ ਡਿੱਗ ਗਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦੀ ਕੋਸ਼ਿਸ਼ ਇਕ ਮਜ਼ਬੂਤ ਲੋਕਪਾਲ ਬਿੱਲ ਲਿਆਉਣ ਅਤੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਬਨਾਉਣਾ ਹੈ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਮਿਹਨਤ ਸਦਕਾ ਅਨਾਜ ਭੰਡਾਰ ਭਰੇ ਹੋਏ ਹਨ। ਖੇਤੀ ਖੇਤਰ ਵਿੱਚ 3.3 ਫੀਸਦੀ ਦੀ ਦਰ ਦਾ ਵਿਕਾਸ ਹੋਇਆ ਹੈ। ਉਨ੍ਹਾਂ ਬੱਚਿਆਂ ਨੂੰ ਸਿਖਿਅਤ ਕਰਨ ਉਪਰ ਵੀ ਜ਼ੋਰ ਦਿੱਤਾ ਤਾਂ ਜੋ ਦੇਸ਼ ਵਿਚੋਂ ਬੇਰੁਜ਼ਗਾਰੀ ਮੁਕਾਈ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ੮ ਕਰੋੜ ਨੌਜਵਾਨਾਂ ਨੂੰ ‘ਨੈਸ਼ਨਲ ਸਕੀਲ ਡਿਵੈਲਪਮੈਂਟ’ ਰਾਹੀ ਟਰੇਨਿੰਗ ਦਿੱਤੀ ਜਾਏਗੀ। ਉਨ੍ਹਾਂ ਕਿਹਾ ਸਰਕਾਰ ਦਾ ਟੀਚਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਹਰ ਘਰ ਵਿੱਚ ਇਕ ਬੈਂਕ ਖਾਤ ਜ਼ਰੂਰ ਹੋਵੇ, ਜਿਸ ਨਾਲ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਸਿੱਧੇ ਲੋਕਾਂ ਨੂੰ ਮਿਲ ਸਕੇ। ਉਨ੍ਹਾਂ ਆਪਣੇ ਸੰਬੋਧਨ ਵਿੱਚ ਹੋਰ ਯੋਜਨਾਵਾਂ ਦੇ ਨਾਲ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾਣ ਦੀ ਗੱਲ ਕਹੀ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਤੋਂ ਬਾਅਦ ਉੱਥੇ ਮੌਜੂਦ ਬੱਚਿਆਂ ਨਾਲ ਮਿਲ ਕੇ ‘ਜੇ ਹਿੰਦ’ ਦੇ ਤਿੰਨ ਨਾਹਰੇ ਲਾਏ।
ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਾਫਲਾ ਸਵੇਰੇ ਸਵਾ ਸੱਤ ਵਜੇ ਲਾਲ ਕਿਲੇ ਪਹੁੰਚਿਆ, ਜਿੱਥੇ ਉਨ੍ਹਾਂ ਦੀ ਅਗਵਾਈ ਰਖਿਆ ਮੰਤਰੀ ਏ. ਕੇ. ਐਂਟਨੀ ਨੇ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਦੀ ਸਮਾਧ ਦੇ ਨਾਲ ਹੋਰਨਾਂ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਪੇਸ਼ ਕੀਤੀ। ਲਾਲ ਕਿਲੇ ਪਹੁੰਚਣ ‘ਤੇ ਉਨ੍ਹਾਂ ਨੇ ਸਨਮਾਨ ਗਾਰਡ ਦਾ ਨਰੀਖਣ ਕੀਤਾ।
Indian News ਪ੍ਰਧਾਨ ਮੰਤਰੀ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ ਮੰਦੀ ਦਾ ਫਿਕਰ