ਪਾਪਾਟੋਏਟੋਏ, 2 ਜੁਲਾਈ – ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ, ਕੋਲਮਰ ਰੋਡ ਵਿਖੇ ਐਤਵਾਰ ਵਾਲੇ ਦਿਨ ਪ੍ਰਧਾਨ ਮੰਤਰੀ ਸ੍ਰੀ ਬਿੱਲ ਇੰਗਲਿਸ਼ ਨਤਮਸਤਕ ਹੋਏ ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਯੂਥ ਦੇਸ਼ ਦੀ ਤਾਕਤ ਹਨ। ਦੇਸ਼ ਵਿੱਚ ਸਤੰਬਰ ਮਹੀਨੇ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਬਿੱਲ ਇੰਗਲਿਸ਼ ਦੀ ਇਸ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਗੁਰਦੁਆਰਾ ਸਾਹਿਬ ਪਹੁੰਚੇ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਦਾ ਨੈਸ਼ਨਲ ਲਿਸਟ ਐਮਪੀ ਪਰਮਜੀਤ ਪਰਮਾਰ, ਲਿਸਟ ਐਮਪੀ ਸ. ਕੰਵਲਜੀਤ ਸਿੰਘ ਬਖਸ਼ੀ, ਸ. ਪ੍ਰਿਥੀਪਾਲ ਸਿੰਘ ਬਸਰਾ, ਬੇਅੰਤ ਸਿੰਘ ਜਡੂਰ, ਜਿੰਦੋ ਬਸਰਾ, ਪ੍ਰਧਾਨ ਹਰਦੀਪ ਸਿੰਘ ਬਸਰਾ, ਅਮਨ ਮਨਚੰਦਾ ਅਤੇ ਹੋਰ ਪ੍ਰਬੰਧਕਾਂ ਨੇ ਸਵਾਗਤ ਕੀਤਾ। ਗੁਰਦੁਆਰੇ ਦੇ ਮੀਟਿੰਗ ਰੂਮ ਵਿੱਚ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਦੀ ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੋਰ ਮੈਂਬਰਾਂ ਨਾਲ ਜਾਣ ਪਹਿਚਾਣ ਕਰਵਾਉਣ ਦੇ ਨਾਲ-ਨਾਲ ਚਾਹ-ਪਾਣੀ ਨਾਲ ਆਓ-ਭੁਗਤ ਕੀਤੀ। ਪ੍ਰਧਾਨ ਮੰਤਰੀ ਸ੍ਰੀ ਇੰਗਲਿਸ਼ ਨੇ ਗੁਰਦੁਆਰਾ ਦੇ ਪ੍ਰਬੰਧ ਅਤੇ ਸਿੱਖ ਧਰਮ ਬਾਰੇ ਗੱਲਾਂ-ਬਾਤਾਂ ਦੌਰਾਨ ਮੁੱਢਲੀ ਜਾਣਕਾਰੀ ਹਾਸਲ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਇੰਗਲਿਸ਼ ਨੂੰ ਲੰਗਰ ਹਾਲ ਵੀ ਵਿਖਾਇਆ ਅਤੇ ਲੰਗਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਇੰਗਲਿਸ਼ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪਹੁੰਚੇ ਅਤੇ ਮੱਥਾ ਟੇਕਿਆ। ਸ. ਪ੍ਰਿਥੀਪਾਲ ਸਿੰਘ ਬਸਰਾ ਨੇ ਪ੍ਰਧਾਨ ਮੰਤਰੀ ਸ੍ਰੀ ਬਿੱਲ ਇੰਗਲਿਸ਼ ਨੂੰ ‘ਜੀ ਆਇਆ’ ਕਿਹਾ। ਸ੍ਰੀਮਤੀ ਪਰਮਾਰ ਨੇ ਵੀ ਪ੍ਰਧਾਨ ਮੰਤਰੀ ਸ੍ਰੀ ਇੰਗਲਿਸ਼ ਨੂੰ ਸਿੱਖ ਧਰਮ ਦੇ ਫ਼ਲਸਫ਼ੇ ਅਤੇ ਮਿਹਨਤੀ ਭਾਰਤੀਆਂ ਦੀ ਗੱਲ ਕੀਤੀ ਅਤੇ ਪਹਿਲੇ ਸਿੱਖ ਗੁਰਦੁਆਰਾ ਸਾਹਿਬ ਦੀ ਸਥਾਪਨਾ ਤੋਂ ਲੈ ਕੇ ਅੱਜ ਦੇ ਬਾਰੇ ਜਾਣੂ ਕਰਵਾਇਆ। ਸ੍ਰੀਮਤੀ ਪਰਮਾਰ ਨੇ ਪ੍ਰਧਾਨ ਮੰਤਰੀ ਨੂੰ ਸਟੇਜ ਉੱਪਰ ਸੰਗਤਾਂ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਸ੍ਰੀ ਬਿੱਲ ਇੰਗਲਿਸ਼ ਨੇ ਸੰਗਤਾਂ ਨੂੰ ‘ਸਤਿ ਸ੍ਰੀ ਅਕਾਲ’ ਬੁਲਾਈ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਆ ਕੇ ਸਿੱਖ ਧਰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਸਵੇਰੇ ਚਰਚ ਵੀ ਹੋ ਕੇ ਆਏ ਹਨ ਅਤੇ ਹੁਣ ਗੁਰਦੁਆਰਾ ਸਾਹਿਬ ਆ ਕੇ ਬੁਲਾਰਿਆਂ ਦੇ ਵਿਚਾਰ ਸੁਣੇ ਹਨ, ਜਿਸ ਨਾਲ ਮੈਨੂੰ ਲੱਗਦਾ ਕਿ ਦੋਵੇਂ ਧਰਮਾਂ ਵਿੱਚ ਆਪਸੀ ਪਿਆਰ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੁਨੇਹਾ ਦਿੱਤਾ ਹੋਇਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਹਾਲੇ ਨਵਾਂ-ਨਵਾਂ ਪ੍ਰਧਾਨ ਮੰਤਰੀ ਬਣਿਆ ਹੈ ਇਸ ਕਰਕੇ ਬਹੁਤੇ ਮੈਨੂੰ ਪ੍ਰਧਾਨ ਮੰਤਰੀ ਨਹੀਂ ਸਮਝਦੇ ਪਰ ਮੈਂ ਮੇਲ-ਜੋਲ ਵਧਾ ਕੇ ਆਪਣੀ ਪਛਾਣ ਬਣਾ ਰਿਹਾ ਹਾਂ, ਇਸ ਮੌਕੇ ਉਨ੍ਹਾਂ ਆਪਣੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਹ ਵੀ ਮਾਈਗ੍ਰੰਟ ਪਰਵਾਰ ਨਾਲ ਸੰਬੰਧ ਰੱਖਦੇ ਹਨ।
ਪ੍ਰਧਾਨ ਮੰਤਰੀ ਸ੍ਰੀ ਇੰਗਲਿਸ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਾਸੀਆਂ ਲਈ ਕਈ ਭਲਾਈ ਦੇ ਕੰਮ ਕਰ ਰਹੀ ਹੈ। ਉਨ੍ਹਾਂ ਦੀ ਸਰਕਾਰ ਦੀਆਂ ਪੋਲਸੀਆਂ ਪਰਵਾਸੀਆਂ ਦੇ ਹਿੱਤਾਂ ਦੀਆਂ ਹਨ। ਉਨ੍ਹਾਂ ਕਿਹਾ ਜੇ ਉਨ੍ਹਾਂ ਦੀ ਸਰਕਾਰ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਫ਼ਰਸਟ ਹੋਮ ਬਾਇਰ ਲਈ ਘਰਾਂ ਦੀਆਂ ਪੇਸ਼ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੀ ਪੁਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮੇਂ ਦੇਸ਼ ਦੀ ਆਰਥਿਕਤਾ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਅਗਲੇ 10 ਸਾਲਾਂ ਵਿੱਚ ਘਰਾਂ ਦੀ ਸਮੱਸਿਆ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਯੂਥ ਦਾ ਅਹਿਮ ਯੋਗਦਾਨ ਹੈ ਤੇ ਸਾਡੀ ਸਰਕਾਰ ਚਾਹੁੰਦੀ ਹੈ ਕਿ ਹੁਨਰਮੰਦ ਯੂਥ ਇੱਥੇ ਆਉਣ। ਪ੍ਰਧਾਨ ਮੰਤਰੀ ਸ੍ਰੀ ਬਿੱਲ ਇੰਗਲਿਸ਼ ਨੇ ਕਿਹਾ ਕਿ ਉਨ੍ਹਾਂ ਨੂੰ ਗੁਰੂ ਘਰ ਆ ਕਿ ਪ੍ਰਸੰਨਤਾ ਮਹਿਸੂਸ ਹੋਈ ਹੈ। ਗੌਰਤਲਬ ਹੈ ਕਿ ਜਦੋਂ ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨਾਲ-ਨਾਲ ਉਨ੍ਹਾਂ ਦੇ ਭਾਸ਼ਣ ਦਾ ਪੰਜਾਬੀ ਭਾਸ਼ਾ ਵਿੱਚ ਤਰਜਮਾਨ ਕਰ ਰਹੇ ਸਨ। ਅੰਤ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਬਿੱਲ ਇੰਗਲਿਸ਼ ਨੂੰ ਸ਼ਾਲ ਅਤੇ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ ਗਿਆ।
Kuk Samachar Slider ਪ੍ਰਧਾਨ ਮੰਤਰੀ ਬਿੱਲ ਇੰਗਲਿਸ਼ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ