ਲੰਡਨ, 9 ਮਈ – ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਕੰਜ਼ਰਵੇਟਿਵ ਪਾਰਟੀ ਨੂੰ ਭਾਵੇਂ ਮੱਧਕਾਲੀ ਚੋਣਾਂ ਵਿੱਚ ਬਹੁਮਤ ਨਹੀਂ ਮਿਲਿਆ ਪਰ ਉਨ੍ਹਾਂ ਦੀ ਪਾਰਟੀ ਸਰਕਾਰ ਬਣਾਉਣ ਦੀ ਤਿਆਰੀ ‘ਚ ਹੈ। ਸੱਤਾਧਾਰੀ ਪਾਰਟੀ ਦੇ ਨਾਲ ਵਿਰੋਧੀ ਪਾਰਟੀ ਲੇਬਰ ਤੇ ਹੋਰਨਾਂ ਪਾਰਟੀਆਂ ਵੀ ਬਹੁਮਤ ਹਾਸਲ ਕਰਨ ਵਿੱਚ ਨਾਕਾਮ ਰਹੀਆਂ ਜਿਸ ਦੇ ਚੱਲਦੇ ਲਟਕਵੀਂ ਸੰਸਦ ਦੀ ਸਥਿਤੀ ਬਣੀ ਹੋਈ ਹੈ। ਪ੍ਰਧਾਨ ਮੰਤਰੀ ਮੇਅ ਦੀ ਕੰਜ਼ਰਵੇਟਿਵ ਪਾਰਟੀ ਨੂੰ 318 ਤੇ ਲੇਬਰ ਪਾਰਟੀ ਨੂੰ 261 ਸੀਟਾਂ ਮਿਲੀਆਂ। ਪਰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਸਭ ਤੋਂ ਵੱਡੀ ਪਾਰਟੀ ਉੱਭਰ ਕੇ ਸਾਹਮਣੇ ਆਈ ਹੈ ਤੇ ਬਹੁਮਤ ਹਾਸਲ ਕਰਨ ਤੋਂ ਮਹਿਜ਼ ੮ ਸੀਟਾਂ ਹੀ ਦੂਰ ਰਹੀ। ਉਂਜ ਮਹਾਰਾਣੀ ਐਲਿਜ਼ਾਬੈੱਥ ਦੋਇਮ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਨਵੀਂ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ ਹੈ।
ਮਹਾਰਾਣੀ ਐਲਿਜ਼ਾਬੈੱਥ ਦੋਇਮ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕਿਹਾ ਕਿ ਉਹ ਉੱਤਰੀ ਆਇਰਲੈਂਡ ਦੀ ਡੈਮੋਕ੍ਰੈਟਿਕ ਯੂਨੀਅਨਿਸਟ ਪਾਰਟੀ (ਡੀਯੂਪੀ) ਦੀ ਗ਼ੈਰਰਸਮੀ ਹਮਾਇਤ ਨਾਲ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਮੈਂ ਹੁਣੇ ਮਾਣਯੋਗ ਮਹਾਰਾਣੀ ਨੂੰ ਮਿਲੀ ਹਾਂ ਤੇ ਹੁਣ ਮੈਂ ਸਰਕਾਰ ਬਣਾਵਾਂਗੀ, ਜੋ ਸਥਿਰਤਾ ਮੁਹੱਈਆ ਕਰਵਾ ਸਕੇ ਤੇ ਇਸ ਬਹੁਤ ਨਾਜ਼ੁਕ ਮੌਕੇ ਬਰਤਾਨੀਆ ਨੂੰ ਅੱਗੇ ਲਿਜਾ ਸਕੇ। ਉਨ੍ਹਾਂ ਕਿਹਾ ਕਿ ਟੋਰੀਆਂ ਤੇ ਡੀਯੂਪੀ ਦਾ ਮਿਲਵਰਤਣ ਦਾ ਲੰਬਾ ਇਤਿਹਾਸ ਹੈ।
ਜੈਰੇਮੀ ਕੌਰਬਿਨ ਦੀ ਅਗਵਾਈ ਹੇਠ ਵਿਰੋਧੀ ਲੇਬਰ ਪਾਰਟੀ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਪ੍ਰਧਾਨ ਮੰਤਰੀ ਮੇਅ ਦੀ ਸੱਤਾਧਾਰੀ ਪਾਰਟੀ ਨੂੰ ਬਹੁਮਤ ਹਾਸਲ ਕਰ ਤੋਂ ਦੂਰ ਰੱਖਿਆ। ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੀਆਂ ਕੁੱਲ 650 ਸੀਟਾਂ ਵਿੱਚੋਂ ਕੰਜ਼ਰਵੇਟਿਵ ਪਾਰਟੀ ਨੂੰ 318 ਤੇ ਲੇਬਰ ਪਾਰਟੀ ਨੂੰ 261 ਸੀਟਾਂ ਮਿਲੀਆਂ ਤੇ ਕੋਈ ਪਾਰਟੀ ਬਹੁਮਤ ਲਈ ਜ਼ਰੂਰੀ 326 ਸੀਟਾਂ ਨਹੀਂ ਹਾਸਲ ਕਰ ਸਕੀ। ਸਕੌਟਿਸ਼ ਨੈਸ਼ਨਲ ਪਾਰਟੀ ਨੂੰ 35, ਲਿਬਰਲ ਡੈਮੋਕ੍ਰੈਟਸ ਨੂੰ 12, ਡੀਯੂਪੀ ਨੂੰ 10 ਤੇ ਹੋਰਨਾਂ ਨੂੰ 13 ਸੀਟਾਂ ਮਿਲੀਆਂ ਹਨ।
International News ਪ੍ਰਧਾਨ ਮੰਤਰੀ ਮੇਅ ਸਰਕਾਰ ਬਣਾਉਣ ਦੇ ਰਾਹ