ਪਿਛਲੇ ਸਾਲ ਨਾਲੋਂ 26.13 ਲੱਖ ਰੁਪਏ ਵੱਧ
ਨਵੀਂ ਦਿੱਲੀ, 9 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕੁੱਲ 2.23 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ’ਚੋਂ ਜ਼ਿਆਦਾਤਰ ਬੈਂਕਾਂ ਵਿੱਚ ਜਮ੍ਹਾਂ ਹੈ। ਉਨ੍ਹਾਂ ਗਾਂਧੀਨਗਰ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਦਾਨ ਕਰ ਦਿੱਤੀ ਸੀ ਜਿਸ ਕਰਕੇ ਉਨ੍ਹਾਂ ਕੋਲ ਕੋਈ ਅਚੱਲ ਜਾਇਦਾਦ ਨਹੀਂ ਹੈ। ਉਨ੍ਹਾਂ ਦੀ ਚੱਲ ਜਾਇਦਾਦ ਵਿੱਚ ਇੱਕ ਸਾਲ ਪਹਿਲਾਂ ਨਾਲੋਂ 26.13 ਲੱਖ ਰੁਪਏ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸ੍ਰੀ ਮੋਦੀ ਦਾ ਬਾਂਡ, ਸ਼ੇਅਰ ਜਾਂ ਮਿਊਚਲ ਫੰਡ ’ਚ ਕੋਈ ਨਿਵੇਸ਼ ਨਹੀਂ ਹੈ ਪਰ ਉਨ੍ਹਾਂ ਕੋਲ ਸੋਨੇ ਦੀਆਂ ਚਾਰ ਮੁੰਦਰੀਆਂ ਹਨ, ਜਿਨ੍ਹਾਂ ਦੀ ਕੀਮਤ 1.73 ਲੱਖ ਰੁਪਏ ਹੈ। 31 ਮਾਰਚ 2021 ਤੱਕ ਉਨ੍ਹਾਂ ਕੋਲ 1.1 ਕਰੋੜ ਰੁਪਏ ਦੀ ਅਚੱਲ ਜਾਇਦਾਦ ਸੀ ਪਰ ਹੁਣ ਉਨ੍ਹਾਂ ਕੋਲ ਇਸ ਦਾ ਕੋਈ ਵੀ ਹਿੱਸਾ ਨਹੀਂ ਹੈ। ਪੀਐੱਮਓ ਦੀ ਵੈੱਬਸਾਈਟ ਅਨੁਸਾਰ 31 ਮਾਰਚ 2022 ਤੱਕ ਮਿਲੀ ਜਾਣਕਾਰੀ ਮੁਤਾਬਕ ਸ੍ਰੀ ਮੋਦੀ ਕੋਲ ਕੁੱਲ 2,23,82,504 ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਕੋਲ 35,250 ਰੁਪਏ ਦੀ ਨਗਦੀ, 9,05,105 ਰੁਪਏ ਦੇ ਕੌਮੀ ਬਚਤ ਸਰਟੀਫਿਕੇਟ ਅਤੇ 1,89,305 ਰੁਪਏ ਦੀ ਇੱਕ ਜੀਵਨ ਬੀਮਾ ਪਾਲਿਸੀ ਹੈ। ਇਸੇ ਤਰ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਕੋਲ 31 ਮਾਰਚ 2022 ਤੱਕ 2.54 ਕਰੋੜ ਰੁਪਏ ਦੀ ਚੱਲ ਅਤੇ 2.97 ਕਰੋੜ ਰੁਪਏ ਦੀ ਅਚੱਲ ਜਾਇਦਾਦ ਸੀ।
Home Page ਪ੍ਰਧਾਨ ਮੰਤਰੀ ਮੋਦੀ ਕੋਲ ਕੁੱਲ 2.23 ਕਰੋੜ ਰੁਪਏ ਦੀ ਜਾਇਦਾਦ