ਨਵੀਂ ਦਿੱਲੀ, 19 ਨਵੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਨਾਂ ਦਿੱਤੇ ਸੁਨੇਹੇ ਵਿੱਚ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਸਮਝਾ ਨਹੀਂ ਸਕੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਖੇਤੀ ਅਤੇ ਕਿਸਾਨਾਂ ਦੀ ਭਲਾਈ ਦੇ ਲਈ ਸਾਰੇ ਫ਼ੈਸਲੇ ਕੀਤੇ ਸਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਅੰਦੋਲਨ ਛੱਡ ਦੇ ਘਰਾਂ ਨੂੰ ਪਰਤ ਜਾਣ। ਉਨ੍ਹਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਕੋਲ ਘਰ ਪਰਤਣ। ਉਨ੍ਹਾਂ ਕਿਹਾ ਕਿ ਸੰਸਦ ਦੇ ਅਗਲੇ ਸਦਨ ਵਿੱਚ ਕਾਨੂੰਨ ਵਾਪਸ ਲਏ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਐਮ. ਐੱਸ. ਪੀ. ‘ਤੇ ਕਮੇਟੀ ਬਣਾਈ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਮੈਂ ਜੋ ਵੀ ਕੀਤਾ, ਕਿਸਾਨਾਂ ਲਈ ਕੀਤਾ। ਮੈਂ ਜੋ ਕਰ ਰਿਹਾ ਹਾਂ, ਉਹ ਦੇਸ਼ ਲਈ ਹੈ। ਤੁਹਾਡੇ ਆਸ਼ੀਰਵਾਦ ਨਾਲ, ਮੈਂ ਆਪਣੀ ਮਿਹਨਤ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ’।
ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਕੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ। ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕੀਤੇ ਜਾਣ ਦਾ ਕਿਸਾਨ ਅਤੇ ਕਿਸਾਨ ਆਗੂਆਂ ਨੇ ਸਵਾਗਤ ਕੀਤਾ ਹੈ।
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਸਦ ‘ਚ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਰਹੇਗਾ ਜਾਰੀ। ਉੱਥੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਕਿਹਾ ਕਿ ਜਦੋਂ ਤੱਕ ਸੰਸਦ ਵਿੱਚ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਮੋਰਚਾ ਜਾਰੀ ਰਹੇਗਾ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤਿੰਨੇ ਖੇਤੀ ਕਾਨੂੰਨਾਂ ਦੇ ਵਾਪਸ ਲਈ ਜਾਣ ਉੱਤੇ ਮੋਦੀ ਸਰਕਾਰ ‘ਤੇ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਨੇ ਕਿਸਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਪਣਾ ਇੱਕ ਪੁਰਾਣਾ ਵੀਡੀਓ ਵੀ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਦਾਅਵੇ ਦੇ ਨਾਲ ਕਿਹਾ ਸੀ ਕਿ ਸਰਕਾਰ ਇਸ ਕਾਨੂੰਨਾਂ ਨੂੰ ਵਾਪਸ ਲੈ ਲਵੇਂਗੀ।
ਪ੍ਰਧਾਨ ਮੰਤਰੀ ਮੋਦੀ ਦੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਦਾ ਸਾਬਕਾ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ, ਪੰਜਾਬ ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਸਮੇਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ ਹੈ।
Home Page ਪ੍ਰਧਾਨ ਮੰਤਰੀ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ