ਭੋਪਾਲ, 27 ਜੂਨ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਂਝੇ ਸਿਵਲ ਕੋਡ (ਯੂਸੀਸੀ) ਦੀ ਜ਼ੋਰਦਾਰ ਵਕਾਲਤ ਕਰਦਿਆਂ ਕਿਹਾ ਕਿ ਇਕ ਦੇਸ਼ ਵਿਚ ਦੋ ਕਾਨੂੰਨ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿੱਚ ਵੀ ਸਾਰੇ ਨਾਗਰਿਕਾਂ ਲਈ ਬਰਾਬਰੀ ਦੇ ਹੱਕਾਂ ਦਾ ਜ਼ਿਕਰ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਨੇ ਤੁਸ਼ਟੀਕਰਨ ਦੀ ਨੀਤੀ ਤੇ ਵੋਟ ਬੈਂਕ ਸਿਆਸਤ ਦਾ ਰਾਹ ਅਖ਼ਤਿਆਰ ਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤੁਸ਼ਟੀਕਰਨ ਦੀ ਨੀਤੀ ਦੇਸ਼ ਲਈ ‘ਤਬਾਹਕੁਨ’ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਸਾਂਝੇ ਸਿਵਲ ਕੋਡ ਦੇ ਨਾਂ ਉੱਤੇ ਮੁਸਲਿਮ ਭਾਈਚਾਰੇ ਨੂੰ ਗੁਮਰਾਹ ਕਰਨ ਦੇ ਨਾਲ ਉਨ੍ਹਾਂ ਵਿੱਚ ਭੜਕਾਹਟ ਪੈਦਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਦੀ ‘ਗਾਰੰਟੀ’ ਦਿੰਦੇ ਹਨ।
ਸ੍ਰੀ ਮੋਦੀ ਇਥੇ ਦੇਸ਼ ਭਰ ਵਿਚੋਂ ਆਏ ਕੁਝ ਚੋਣਵੇਂ ਭਾਜਪਾ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ, ਜਿਨ੍ਹਾਂ ਪਾਰਟੀ ਦੀ ‘ਮੇਰਾ ਬੂਥ ਸਬਸੇ ਮਜ਼ਬੂਤ’ ਕੰਪੇਨ ਤਹਿਤ ਆਪਣੇ ਬੂਥਾਂ ਨੂੰ ਸਸ਼ਕਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਵੀ ਸਾਂਝੇ ਸਿਵਲ ਕੋਡ ਦੀ ਵਕਾਲਤ ਕਰ ਚੁੱਕੀ ਹੈ, ਪਰ ਵੋਟ ਬੈਂਕ ਦੀ ਸਿਆਸਤ ਕਰਨ ਵਾਲਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ‘ਤੁਸ਼ਟੀਕਰਨ’ (ਪਤਿਆਉਣ) ਦੀ ਥਾਂ ‘ਸੰਤੁਸ਼ਟੀਕਰਨ’ (ਤ੍ਰਿਪਤੀ) ਦੇ ਰਾਹ ’ਤੇ ਚੱਲਦੀ ਹੈ। ਉਨ੍ਹਾਂ ਕਿਹਾ, ‘‘ਭਾਜਪਾ ਨੇ ਫੈਸਲਾ ਕੀਤਾ ਹੈ ਕਿ ਉਹ ਤੁਸ਼ਟੀਕਰਨ ਦੀ ਨੀਤੀ ਤੇ ਵੋਟ ਬੈਂਕ ਦਾ ਰਾਹ ਅਖ਼ਤਿਆਰ ਨਹੀਂ ਕਰੇਗੀ।’’ ਉਨ੍ਹਾਂ ਇਹ ਗੱਲ ਵੀ ਕਹੀ ਕਿ ਪਸਮਾਂਦਾ ਮੁਸਲਮਾਨ, ਜੋ ਪੱਛੜੇ ਵਰਗ ਨਾਲ ਸਬੰਧਤ ਹਨ, ਨੂੰ ਮਹਿਜ਼ ਵੋਟ ਬੈਂਕ ਦੀ ਸਿਆਸਤ ਕਰਕੇ ਹੁਣ ਤੱਕ ਬਰਾਬਰੀ ਦਾ ਹੱਕ ਨਹੀਂ ਮਿਲਿਆ।
ਸ੍ਰੀ ਮੋਦੀ ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਸੱਤਾ ’ਚ ਮੁੜ ਵਾਪਸੀ ਦਾ ਭਰੋਸਾ ਜ਼ਾਹਿਰ ਕਰਦਿਆਂ ਕਿਹਾ, ‘‘ਲੋਕ 2024 ਵਿੱਚ ਭਾਜਪਾ ਨੂੰ ਮੁੜ ਸੱਤਾ ਵਿੱਚ ਲਿਆਉਣ ਦਾ ਆਪਣਾ ਮਨ ਬਣਾ ਚੁੱਕੇ ਹਨ।’’ ਉਨ੍ਹਾਂ ਕਿਹਾ ਕਿ ਅੱਜਕੱਲ੍ਹ ਇਕ ਨਵਾਂ ਸ਼ਬਦ ‘ਗਾਰੰਟੀ’ ਬਹੁਤ ਮਕਬੂਲ ਹੋ ਰਿਹਾ ਹੈ ਅਤੇ ਭਾਜਪਾ ਵਰਕਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਦੱਸਣ ਕਿ (ਵਿਰੋਧੀ) ਪਾਰਟੀਆਂ ‘ਘੁਟਾਲਿਆਂ ਦੀ ਗਾਰੰਟੀ ਹਨ….ਘੁਟਾਲੇ ਵੀ 20 ਲੱਖ ਕਰੋੜ ਤੋਂ ਵੱਧ ਦੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਦੀ ‘ਗਾਰੰਟੀ’ ਦਿੰਦੀ ਹੈ। ਅਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨਾਲ ਮੱਥਾ ਲਾਉਣ ਵਿਰੋਧੀ ਧਿਰਾਂ ਵੱੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਸ੍ਰੀ ਮੋਦੀ ਨੇ ਪਾਰਟੀ ਵਰਕਰਾਂ ਨੂੰ ਕਿਹਾ, ‘‘ਸਾਨੂੰ ਮਨ ਵਿੱਚ ਗੁੱਸੇ ਦੀ ਭਾਵਨਾ ਨਹੀਂ ਲਿਆਉਣੀ ਚਾਹੀਦੀ, ਬਲਕਿ ਭਾਜਪਾ ਖਿਲਾਫ਼ ਇਕਜੁੱਟ ਹੋਣ ਵਾਲਿਆਂ ਪ੍ਰਤੀ ਦਇਆ ਦਿਖਾਉਣ ਦੀ ਲੋੜ ਹੈ।’’