ਨਵੀਂ ਦਿੱਲੀ – 16 ਜੂਨ ਨੂੰ ਉੱਤਰਾਖੰਡ ‘ਚ ਬੱਦਲ ਫੱਟਣ ਨਾਲ ਵਾਪਰੇ ਭਿਆਨਕ ਕੁਦਰਤੀ ਕਹਿਰ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਆਮ ਜਨਤਾ ਨੂੰ ਅਪੀਲ ਕੀਤੀ ਹੈ। ਦੇਸ਼ ਦੇ ਨਾਂ ਜਾਰੀ ਕੀਤੇ ਗਏ ਇਕ ਪੱਤਰ ‘ਚ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੂੰ ਮੁਸੀਬਤ ਦੀ ਇਸ ਘੜੀ ‘ਚ ਪੀੜਤਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਮਕਸਦ ਲਈ ‘ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ’ ਵਿੱਚ ਆਪਣੀ ਸਮਰੱਥਾ ਮੁਤਾਬਕ ਦਾਨ ਦੇ ਸਕਦੇ ਹੋ।
ਉਨ੍ਹਾਂ ਕਿਹਾ ਹੈ ਕਿ ਬੱਦਲ ਫੱਟਣ ਨਾਲ ਉੱਤਰਾਖੰਡ ‘ਚ ਜ਼ਬਰਦਸਤ ਨੁਕਸਾਨ ਹੋਇਆ ਹੈ ਅਤੇ ਕੁਦਰਤ ਦੀ ਇਸ ਭਿਆਨਕ ਕਹਿਰ ‘ਚ ਕਈ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਕਰੋੜ ਰੁਪਏ ਦੀ ਜਾਇਦਾਦ ਬਰਬਾਦ ਹੋ ਗਈ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਮਿਲ ਕੇ ਪੀੜਤਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੀਆਂ ਹਨ। ਸੰਕਟ ਦੀ ਇਸ ਘੜੀ ‘ਚ ਪੀੜਤਾਂ ਨੂੰ ਸਾਡੀ ਮਦਦ ਦੀ ਲੋੜ ਹੈ ਤਾਂ ਕਿ ਉਨ੍ਹਾਂ ‘ਤੇ ਆਈ ਇਸ ਮੁਸੀਬਤ ਦਾ ਮੁਕਾਬਲਾ ਕੀਤਾ ਜਾ ਸਕੇ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ। ਮੈਂ ਸਾਰੇ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਉੱਤਰਾਖੰਡ ਦੇ ਪੀੜਤ ਭੈਣ-ਭਰਾਵਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹੋਣ ਅਤੇ ਸੰਕਟ ਦੀ ਇਸ ਘੜੀ ‘ਚ ਉਨ੍ਹਾਂ ਨੂੰ ਮਦਦ ਦੇਣ ਦੀਆਂ ਕੌਮੀ ਕੋਸ਼ਿਸ਼ਾਂ ਦਾ ਹਿੱਸਾ ਬਣਨ।
ਆਪਣੀ ਅਪੀਲ ‘ਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਲੋਕ ਦਾਨ ਦੇ ਰੂਪ ‘ਚ ਭੇਜੇ ਜਾਣ ਵਾਲੀ ਆਪਣੀ ਮਦਦ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਦੇ ਨਾਂ ‘ਤੇ ਸਾਊਥ ਬਲਾਕ ਦਿੱਲੀ ਵਿਖੇ ਚੈੱਕ ਜਾਂ ਡਰਾਫਟ ਰਾਹੀਂ ਭੇਜ ਸਕਦੇ ਹਨ। ਸਰਕਾਰੀ ਬੈਂਕ ਇਸ ਮਕਸਦ ਲਈ ਤਿਆਰ ਹੋਣ ਵਾਲੇ ਡਰਾਫਟ ‘ਤੇ ਲੱਗਣ ਵਾਲੀ ਫੀਸ ਨਹੀਂ ਲੈਣਗੇ। ਇਸ ਤੋਂ ਇਲਾਵਾ ਲੋਕ ਆਨਲਾਈਨ ਦਾਨ ਕਰਨ ਲਈ ਪ੍ਰਧਾਨ ਮੰਤਰੀ ਦਫ਼ਤਰ ਦੀ ਵੈਬਸਾਈਟ www.pmindia.gov.in ‘ਤੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੀ ਜਾਣ ਵਾਲੀ ਰਾਸ਼ੀ ‘ਤੇ ਇਨਕਮ ਟੈਕਸ ਐਕਟ ਦੀ ਧਾਰਾ ੮੦ਜੀ ਤਹਿਤ ਟੈਕਸ ਛੋਟ ਮਿਲੇਗੀ।
Indian News ਪ੍ਰਧਾਨ ਮੰਤਰੀ ਵਲੋਂ ਉੱਤਰਾਖੰਡ ਵਿੱਚ ਵਾਪਰੇ ਕੁਦਰਤੀ ਕਹਿਰ ਵਾਸਤੇ ਸਹਾਇਤਾ ਲਈ ਅਪੀਲ