ਪ੍ਰਧਾਨ ਮੰਤਰੀ ਵੱਲੋਂ ਈਂਧਨ ਟੈਕਸ ‘ਚ ਕਟੌਤੀ ਤੇ ਅੱਧੀ ਕੀਮਤ ਵਾਲੀ ਜਨਤਕ ਆਵਾਜਾਈ ‘ਚ ਜੂਨ ਤੱਕ ਵਾਧਾ

ਆਕਲੈਂਡ, 1 ਫਰਵਰੀ – ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨੇ ਹੜ੍ਹ ਦੇ ਹਾਲਤਾਂ ਨੂੰ ਵੇਖਦੇ ਹੋਏ ਸਰਕਾਰ ਦੇ ਈਂਧਨ ਟੈਕਸ ਕਟੌਤੀਆਂ ਅਤੇ ਅੱਧੇ ਮੁੱਲ ਦੀਆਂ ਜਨਤਕ ਟਰਾਂਸਪੋਰਟ ਪੇਸ਼ਕਸ਼ਾਂ ਨੂੰ ਘੱਟੋ-ਘੱਟ 30 ਜੂਨ ਤੱਕ ਵਧਾ ਦਿੱਤਾ ਅਤੇ ਉਨ੍ਹਾਂ ਨੂੰ ਮਾਰਚ ਦੇ ਅੰਤ ‘ਚ ਖ਼ਤਮ ਕਰਨ ਦੇ ਪੁਰਾਣੇ ਫ਼ੈਸਲੇ ਨੂੰ ਉਲਟਾ ਦਿੱਤਾ ਹੈ।
ਪ੍ਰਧਾਨ ਮੰਤਰੀ ਹਿਪਕਿਨਜ਼ ਨੇ ਇਹ ਐਲਾਨ ਆਕਲੈਂਡ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਐਮਰਜੈਂਸੀ ਰਿਸਪਾਂਸ ਸਟਾਫ਼ ਨੂੰ ਮਿਲਣ ਸਮੇਂ ਕੀਤੀ। ਉਸੇ ਐਲਾਨ ਦੇ ਨਾਲੇ ਵਿੱਤ ਮੰਤਰੀ ਨੇ ਕਿਹਾ ਕਿ ਬੀਮਾ ਕੰਪਨੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਹੜ੍ਹ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਬੀਮਾ ਘਟਨਾ ਹੋਵੇਗੀ ਜੋ ਭੂਚਾਲਾਂ ਨਾਲ ਸਬੰਧਿਤ ਨਹੀਂ ਹੈ।
ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਿਪਕਿਨਜ਼ ਨੇ ਪਹਿਲੀ ਕਾਸਟ ਆਫ਼ ਲਿਵਿੰਗ ਦਾ ਐਲਾਨ ਕੀਤਾ। ਉਸ ਨੇ ਐਲਾਨ ਕੀਤਾ ਕਿ 25 ਸੈਂਟ ਪ੍ਰਤੀ ਲੀਟਰ ਆਬਕਾਰੀ ਕਟੌਤੀ ਨੂੰ 30 ਜੂਨ ਤੱਕ ਵਧਾ ਦਿੱਤਾ ਜਾਵੇਗਾ, ਜਿਵੇਂ ਕਿ ਸੜਕ ਉਪਭੋਗਤਾ ਚਾਰਜ ‘ਚ ਛੋਟ ਹੋਵੇਗੀ। ਅੱਧੀ ਕੀਮਤ ਵਾਲੀ ਜਨਤਕ ਟਰਾਂਸਪੋਰਟ ਵੀ ਹੁਣ ਉਦੋਂ ਤੱਕ ਜਾਰੀ ਰਹੇਗੀ। ਅਨੁਮਾਨਿਤ ਹੈ ਇਸ ਨਾਲ ਕਿਸੇ ਅਜਿਹੇ ਵਿਅਕਤੀ ਦੀ ਬੱਚਤ ਹੋਵੇਗੀ ਜੋ ਹਫ਼ਤੇ ਵਿੱਚ $25 ਇੱਕ ਦਿਨ ਵਿੱਚ ਦੋ $5 ਕਿਰਾਏ ਦਾ ਭੁਗਤਾਨ ਕਰਦਾ ਹੈ। ਇਸ ‘ਤੇ $718 ਮਿਲੀਅਨ ਵਾਧੂ ਖ਼ਰਚ ਹੋਣ ਦੀ ਉਮੀਦ ਹੈ।
1 ਜੁਲਾਈ ਤੋਂ ਵਿਦਿਆਰਥੀਆਂ ਸਮੇਤ ਲਗਭਗ 10 ਲੱਖ ਕਮਿਊਨਿਟੀ ਸਰਵਿਸ ਕਾਰਡ ਧਾਰਕਾਂ ਲਈ ਅੱਧੀ ਕੀਮਤ ਵਾਲੀ ਜਨਤਕ ਆਵਾਜਾਈ ਯਾਨੀ ਪਬਲਿਕ ਟਰਾਂਸਪੋਰਟ ਸਥਾਈ ਹੋਵੇਗੀ।