ਜੈਪੁਰ – ਇੱਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 7 ਤੋਂ 9 ਜਨਵਰੀ ਤੱਕ ਹੋਏ ’10ਵੇਂ ਪ੍ਰਵਾਸੀ ਭਾਰਤੀ ਸੰਮੇਲਨ’ ਦੇ ਉਦਘਾਟਨ ਮੌਕੇ ਪ੍ਰਵਾਸੀ ਭਾਰਤੀਆਂ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਵੋਟ ਦੇ ਹੱਕ ਦੀ ਮੰਗ ਜਲਦੀ ਹੀ ਪੂਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਵਾਸੀ ਭਾਰਤੀਆਂ ਨੂੰ ਚੋਣਾਂ ਵਿੱਚ ਹਿੱਸਾ ਲੈਣ ਅਤੇ ਜਲਦੀ ਹੀਵੋਟ ਦੇਣ ਦਾ ਹੱਕ ਦਿੱਤਾ ਜਾਵੇਗਾ। ਪ੍ਰਵਾਸੀ ਵੋਟਰਾਂ ਦੇ ਪੰਜੀਕਰਨ ਲਈ ਇਸ ਨਾਲ ਸਬੰਧਤ ਲੋਕ ਪ੍ਰਤੀਨਿਧਤਾ ਐਕਟ 1950 ਦੇ ਤਹਿਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜੋ ਇਸ ਦਿਸ਼ਾ ਵਿੱਚ ਵੱਡਾ ਕਦਮ ਹੈ। ਉਨ੍ਹਾਂ ਆਖਿਆ ਦੇਸ਼ ਦੇ ਵਿਕਾਸ ਵਿੱਚ ਪ੍ਰਵਾਸੀਆਂ ਦਾ ਬਹੁਤ ਅਹਿਮ ਯੋਗਦਾਨ ਹੈ, ਇਸ ਲਈ ਇਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨੇ ਕੇਂਦਰ ਸਰਕਾਰ ਦੀ ਪਲੇਠੀ ਜ਼ਿੰਮੇਵਾਰੀ ਹੈ। ਪ੍ਰਵਾਸੀਆਂ ਦੀ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਖਾਸ ਲੋੜ ਹੈ। ਉਨ੍ਹਾਂ ਐਲਾਨ ਕੀਤਾ ਕਿ ਵਿਦੇਸ਼ਾਂ ਵਿੱਚ ਕੰਮ ਕਰਦੇ ਭਾਰਤੀ ਕਾਮਿਆਂ ਲਈ ਇਕ ਵਿਸ਼ੇਸ਼ ਬੀਮਾ ਨੀਤੀ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਆਪਣੀ ਧਰਤੀ ‘ਤੇ ਸ਼ਾਨ ਨਾਲ ਗੁਜ਼ਾਰ ਸਕਣ। ਉਨ੍ਹਾਂ ਕਿਹਾ ਕਿ ਖਾੜੀ ਦੇਸ਼ਾਂ ਅਤੇ ਪੱਛਮੀ ਏਸ਼ੀਆ ਵਿੱਚ 60 ਲੱਖ ਭਾਰਤੀ ਰਹਿ ਰਹੇ ਹਨ ਤੇ ਇਸ ਹਿੱਸੇ ਵਿੱਚ ਚੱਲ ਰਹੇ ਘਟਨਾਕ੍ਰਮ ਤੋਂ ਚੇਤਨ ਰਹਿਣ ਦੀ ਲੋੜ ਹੈ। ਇਸ ਸੰਮੇਲਨ ਵਿੱਚ 60 ਦੇਸ਼ਾਂ ਦੇ ਕਰੀਬ 1900 ਪ੍ਰਤੀਨਿਧ ਹਿੱਸਾ ਲੈ ਰਹੇ ਹਨ।
Indian News ਪ੍ਰਵਾਸੀ ਭਾਰਤੀਆਂ ਨੂੰ ਮਿਲੇਗਾ ਵੋਟ ਦਾ ਹੱਕ – ਪ੍ਰਧਾਨ ਮੰਤਰੀ