ਨਵੀਂ ਦਿੱਲੀ – ਖਾੜਕੂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜੋ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ, ਦੀ ਮਾਨਸਿਕ ਹਾਲਤ ਠੀਕ ਨਹੀਂ ਅਤੇ ਪਿਛਲੇ 7 ਮਹੀਨਿਆਂ ਤੋਂ ਉਸ ਦਾ ਮਨੋਵਿਗਿਆਨਕ ਇਲਾਜ ਚੱਲ ਰਿਹਾ ਹੈ। ਖਾੜਕੂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ ਅਧਿਕਾਰੀਆਂ ਅਤੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਪ੍ਰੋ. ਭੁੱਲਰ ਦੀ ਸਿਹਤ ‘ਚ 7 ਮਹੀਨੇ ਇਲਾਜ ਕਰਨ ਪਿੱਛੋਂ ਵੀ ਕੋਈ ਸੁਧਾਰ ਨਹੀਂ ਹੋ ਰਿਹਾ। ਸ਼ਾਹਦਰਾ ਵਿੱਚ ਮਾਨਵੀ ਵਰਤਾਅ ਅਤੇ ਅਲਾਈਡ ਸਾਇੰਸਿਜ਼ ਬਾਰੇ ਸੰਸਥਾ ਦੇ ਮੈਡੀਕਲ ਸੁਪਰਡੈਂਟ ਨਿਮੇਸ਼ ਜੀ ਘੋਸ਼ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਬਿਮਾਰ ਹੈ। ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਸੀ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪਟੀਸ਼ਨ ਰੱਦ ਹੋ ਗਈ ਤਾਂ ਬਿਮਾਰੀ ਦੇ ਲੱਛਣ ਮੁੜ ਤੋਂ ਪੈਦਾ ਹੋ ਗਏ ਅਤੇ ਉਹ ਜ਼ੋਰ-ਜ਼ੋਰ ਨਾਲ ਚਿੱਕਦੇ ਹਨ। ਉਨ੍ਹਾਂ ਦੀ ਮਾਤਾ, ਪਤਨੀ ਅਤੇ ਉਨ੍ਹਾਂ ਦਾ ਵਕੀਲ ਉਨ੍ਹਾਂ ਨੂੰ ਦੇਖਣ ਆਏ ਸੀ ਅਤੇ ਬਹੁਤਾ ਸਮਾਂ ਉਹ ਸੁੱਤੇ ਰਹਿੰਦੇ ਹਨ। ਪ੍ਰੋ. ਭੁੱਲਰ ਡਿਪਰੈਸ਼ਨ ਦਾ ਰੋਗੀ ਹੈ ਅਤੇ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਡਿਪਰੈਸ਼ਨ ਕਾਰਨ ਪ੍ਰੋ. ਭੁੱਲਰ ਦੀ ਭੁੱਖ ਵੀ ਘਟ ਗਈ ਹੈ। ਜਦੋਂ ਇਸ ਸਬੰਧੀ ਤਿਹਾੜ ਜੇਲ੍ਹ ਦੇ ਬੁਲਾਰੇ ਸੁਨੀਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪ੍ਰੋ. ਭੁੱਲਰ ਵਿੱਚ ਖੁਦਕੁਸ਼ੀ ਦੀ ਮਨੋਵਿਰਤੀ ਵੇਖਣ ਨੂੰ ਮਿਲੀ ਹੈ। ਜ਼ਿਕਰਯੋਗ ਹੈ ਕਿ ਖਾੜਕੂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਵਲੋਂ ਯੂਥ ਕਾਂਗਰਸ ਦੇ ਉਸ ਸਮੇਂ ਦੇ ਆਗੂ ਮਨਿੰਦਰਜੀਤ ਸਿੰਘ ਬਿੱਟਾ ‘ਤੇ1993 ਵਿੱਚ ਹਮਲਾ ਕੀਤਾ, ਜਿਸ ਵਿੱਚ 9 ਵਿਅਕਤੀ ਮਾਰੇ ਗਏ ਸਨ, ਇਸ ਸਬੰਧ ‘ਚ ਪ੍ਰੋ. ਭੁੱਲਰ ਨੂੰ ਮਾਨਯੋਗ ਅਦਾਲਤ ਵਲੋਂ 2001 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਾਸ਼ਟਰਪਤੀ ਪ੍ਰਤਿਭਾ ਪਾਟਿਲ ਕੋਲ ਉਨ੍ਹਾਂ ਦੀ ਰਹਿਮ ਦੀ ਅਪੀਲ ਪਾਈ ਗਈ ਸੀ। ਪਰ 26 ਮਈ ਨੂੰ ਰਾਸ਼ਟਰਪਤੀ ਨੇ ਪ੍ਰੋ. ਭੁੱਲਰ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਸੀ।
Uncategorized ਪ੍ਰੋ. ਭੁੱਲਰ ਦੀ ਹਾਲਤ ਮਾੜੀ – ਡਾਕਟਰ