ਨਵੀਂ ਦਿੱਲੀ – ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ਼ ਕਰਾਉਣ ਦੇ ਮੁੱਦੇ ਨੂੰ ਲੈ ਕੇ ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਅਗਵਾਈ ਵਿੱਚ ਸਿੱਖ ਮੁਖੀਆਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਬੀਤੇ ਦਿਨ ਇਥੇ ਕਾਂਗਰਸ ਪ੍ਰਧਾਨ ਅਤੇ ਯੂਪੀਏ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸ. ਪਰਮਜੀਤ ਸਿੰਘ ਸਰਨਾ ਨੇ ਦਸਿਆ ਕਿ ਉਨ੍ਹਾਂ ਦੀ ਇਹ ਮੁਲਾਕਾਤ ਬਹੁਤ ਹੀ ਸਦਭਾਵਨਾ ਪੂਰਣੁ ਵਾਤਾਵਰਣ ਵਿੱਚ ਹੋਈ। ਉਨ੍ਹਾਂ ਦਸਿਆ ਕਿ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ਼ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਸ੍ਰੀਮਤੀ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਗਲ ਬਹੁਤ ਹੀ ਵਿਸਥਾਰ ਨਾਲ ਹੋਈ। ਉਨ੍ਹਾਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਦਸਿਆ ਕਿ ਸਬੰਧਿਤ ਮਾਮਲੇ ਵਿੱਚ ਕਿਸੇ…….
ਵੀ ਗੁਆਹ ਨੇ ਪ੍ਰੋ. ਭੁੱਲਰ ਦਾ ਨਾਂ ਨਹੀਂ ਲਿਆ। ਪੁਲਿਸ ਕਸਟੱਡੀ ਵਿੱਚ ਉਸ ਦੇ ਦਿੱਤੇ ਕਥਤ ਬਿਆਨ ਨੂੰ ਹੀ ਉਸ ਦੇ ਵਿਰੁਧ ਸਬੂਤ ਮੰਨ ਲਿਆ ਗਿਆ, ਜੋ ਕਿ ਠੀਕ ਨਹੀਂ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਆਪਣੀ ਕਸਟੱਡੀ ਵਿੱਚ ਪੁਲਿਸ ਕਿਸ ਤਰ੍ਹਾਂ ਦਬਾਉ ਬਣਾ ਕੇ ਬਿਆਨ ਲੈਂਦੀ ਹੈ। ਸ. ਸਰਨਾ ਅਨੁਸਾਰ ਉਨ੍ਹਾਂ ਸ੍ਰੀਮਤੀ ਸੋਨੀਆ ਨੂੰ ਇਹ ਵੀ ਦਸਿਆ ਕਿ ਇਸ ਤੋਂ ਇਲਾਵਾ ਪ੍ਰੋ. ਭੁੱਲਰ ਵਲੋਂ ਆਪਣੀ ਫਾਂਸੀ ਦੀ ਸਜ਼ਾ ਵਿਰੁਧ ਸੁਪ੍ਰੀਮ ਕੋਰਟ ਵਿੱਚ ਜੋ ਅਪੀਲ ਕੀਤੀ ਗਈ ਸੀ, ਉਸ ਪੁਰ ਜਸਟਿਸਾਂ ਦੇ ਜਿਸ ਤਿੰਨ ਮੈਂਬਰੀ ਬੈਂਚ ਨੇ ਸੁਣਵਾਈ ਕੀਤੀ ਉਸਦੇ ਮੈਂਬਰ ਵੀ ਪ੍ਰੋ. ਭੁੱਲਰ ਨੂੰ ਫਾਂਸੀ ਦਿੱਤੇ ਜਾਣ ਦੇ ਮੁੱਦੇ ਤੇ ਇੱਕ ਮੱਤ ਨਹੀਂ ਸਨ। ਜਿਸ ਦੇ ਆਧਾਰ ਤੇ ਵੀ ਪ੍ਰੋ. ਭੁੱਲਰ ਨੂੰ ਫਾਂਸੀ ਦਿੱਤਾ ਜਾਣਾ ਕਾਨੂੰਨ ਸੰਮਤ ਨਹੀਂ। ਸ. ਸਰਨਾ ਨੇ ਦਸਿਆ ਕਿ ਉਨ੍ਹਾਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਸੁਝਾਅ ਦਿੱਤਾ ਕਿ ਇਨ੍ਹਾਂ ਸਥਿਤੀਆਂ ਦੀ ਰੋਸ਼ਨੀ ਵਿੱਚ ਜੇ ਕੇਂਦਰੀ ਕਾਨੂੰਨ ਮੰਤਰੀ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਸਬੰਧੀ ਰਿਪੋਰਟ ਤਿਆਰ ਕਰ ਆਪਣੀ ਰਾਇ ਸਹਿਤ ਰਾਸ਼ਟਰਪਤੀ ਨੂੰ ਭੇਜਣ, ਤਾਂ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਫੈਸਲਾ ਪ੍ਰੋ. ਭੁੱਲਰ ਦੇ ਹੱਕ ਵਿੱਚ ਹੋਵੇਗਾ।
ਸ. ਪਰਮਜੀਤ ਸਿੰਘ ਸਰਨਾ ਨੇ ਦਸਿਆ ਕਿ ਇਸ ਮੁਲਾਕਾਤ ਦੌਰਾਨ ਨਵੰਬ 84 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਕਾਇਮ ਕੀਤੇ ਜਾਣ ਦੇ ਮੁੱਦੇ ਤੇ ਵੀ ਉਨ੍ਹਾਂ ਦੀ ਸ੍ਰੀਮਤੀ ਸੋਨੀਆ ਗਾਂਧੀ ਨਾਲ ਗਲ ਹੋਈ। ਉਨ੍ਹਾਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਕਿਹਾ ਕਿ ਜੇ ਸਰਕਾਰ ਇਸ ਯਾਦਗਾਰ ਲਈ ਢੁਕਵੀਂ ਜਗ੍ਹਾ ਦੇ ਦੇਵੇ ਤਾਂ ਇਹ ਵਿਵਾਦ ਖਤਮ ਹੋ ਸਕਦਾ ਹੈ। ਉਨ੍ਹਾਂ ਸ੍ਰੀਮਤੀ ਸੋਨੀਆ ਗਾਂਧੀ ਨੂੰ ਦਸਿਆ ਕਿ ਕੋਈ ਵੀ ਸਿੱਖ ਜਥੇਬੰਦੀ ਇਸ ਮੁੱਦੇ ਨੂੰ ਲੈ ਕੇ ਕਿਸੇ ਫਿਰਕੇ ਵਿਰੁਧ ਨਫ਼ਰਤ ਦਾ ਮਾਹੌਲ ਨਹੀਂ ਬਣਾਉਣਾ ਚਾਹੁੰਦੀ। ਉਨ੍ਹਾਂ ਦੀ ਮਾਨਤਾ ਹੈ ਕਿ ਨਵੰਬਰ੮੪ ਵਿੱਚ ਸਿੱਖਾਂ ਦਾ ਜੋ ਕਤਲੇਆਮ ਹੋਇਆ ਉਹ ਮਨੁੱਖਤਾ ਦਾ ਕਤਲੇਆਮ ਸੀ, ਜਿਸ ਕਾਰਣ ਭਾਰਤੀ ਰਾਸ਼ਟਰ ਸਹਿਤ ਸਮੁੱਚੀ ਮਨੁੱਖਤਾ ਨੂੰ ਸ਼ਰਮਿੰਦਿਆਂ ਹੋਣਾ ਪਿਆ। ਸਿੱਖ ਚਾਹੁੰਦੇ ਹਨ ਕਿ ਇਹ ਯਾਦਗਾਰ ਅਜਿਹੇ ਰੂਪ ਵਿੱਚ ਬਣੇ ਜਿਸ ਤੋਂ ਮਿਲਣ ਵਾਲੇ ਸੰਦੇਸ਼ ਤੋਂ ਆਉਣ ਵਾਲੀਆਂ ਪੀੜੀਆਂ ਸਬਕ ਸਿੱਖਣ ਅਤੇ ਫਲਸਰੂਪ ਦੇਸ਼ ਵਿੱਚ ਮੁੜ ਕਦੀ ਵੀ ਅਜਿਹਾ ਕਾਰਾ ਨਾ ਵਾਪਰ ਸਕੇ ਜਿਸ ਤੋਂ ਭਾਰਤੀ ਕੌਮ ਅਤੇ ਮਨੁੱਖਤਾ ਨੂੰ ਸ਼ਰਮਿੰਦਿਆਂ ਹੋਣਾ ਪਵੇ। ਸ. ਸਰਨਾ ਨੇ ਦਸਿਆ ਕਿ ਸ੍ਰੀਮਤੀ ਸੋਨੀਆ ਗਾਂਧੀ ਨੇ ਉਨ੍ਹਾਂ ਦੇ ਪੱਖ ਨੂੰ ਧਿਆਨ ਨਾਲ ਸੁਣਿਆ ਤੇ ਸਮਝਿਆ। ਉਨ੍ਹਾਂ ਭਰੋਸਾ ਦੁਆਇਆ ਕਿ ਉਹ ਉਨ੍ਹਾਂ ਦੀਆਂ ਭਾਵਨਾਵਾਂ ਅਨੁਸਾਰ ਇਨ੍ਹਾਂ ਮੁੱਦਿਆਂ ਤੇ ਸਰਕਾਰ ਦੇ ਸਬੰਧਿਤ ਮੰਤਰੀਆਂ ਨਾਲ ਗਲ ਕਰਨਗੇ, ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਫੈਸਲਾ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ਸੰਤੋਸ਼ਜਨਕ ਰੂਪ ਵਿੱਚ ਹੀ ਸਾਹਮਣੇ ਆਏਗਾ। ਸ. ਸਰਨਾ ਨੇ ਹੋਰ ਦਸਿਆ ਕਿ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਕਾਨੂੰਨ ਮੰਤ੍ਰੀ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਸ੍ਰੀਮਤੀ ਸੋਨੀਆ ਗਾਂਧੀ ਨਾਲ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜ਼ਾ ਮਾਫ਼ ਕਰਾਉਣ ਸਬੰਧੀ ਹੋਈ ਗੱਲਬਾਤ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਵੀ ਆਪਣੇ ਵਲੋਂ ਪੂਰਣੁ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਹੈ।
Indian News ਪ੍ਰੋ. ਭੁੱਲਰ ਫਾਂਸੀ ਮਾਮਲੇ ‘ਚ ਸਰਨਾ ਨੇ ਸੋਨੀਆ ਨਾਲ ਮੁਲਾਕਾਤ ਕੀਤੀ