ਚੰਡੀਗੜ੍ਹ, 1 ਸਤੰਬਰ (ਏਜੰਸੀ) – ਸੂਬੇ ਵਿੱਚ ਨਵੀਆਂ ਨਗਰ ਪੰਚਾਇਤਾਂ ਲਈ ਨਿਯਮ ਪੂਰੇ ਕਰਦੀਆਂ ਪੰਚਾਇਤਾਂ ਦੀ ਸਹਿਮਤੀ ਤੋਂ ਬਾਅਦ ਹੀ ਅਜਿਹੀਆਂ ਪੰਚਾਇਤਾਂ ਨੂੰ ਨਗਰ ਪੰਚਾਇਤ ਬਣਾਇਆ ਜਾਵੇਗਾ। ਇਹ ਖੁਲਾਸਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਚੂਨੀ ਲਾਲ ਭਗਤ ਨੇ ਸੂਬੇ ਦੀਆਂ ਸਮੂਹ ਨਗਰ ਨਿਗਮਾਂ, ਕੌਂਸਲਾਂ ਤੇ ਪੰਚਾਇਤਾਂ ਦੇ….. ਕੰਮਾਂ ਦਾ ਮੁਲਾਂਕਣ ਕਰਨ ਲਈ ਸੱਦੀ ਗਈ ਵਿਭਾਗ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਜੀ ਦੇ ਨਿਰਦੇਸ਼ਾਂ ਅਨੁਸਾਰ ਨਿਯਮ ਪੂਰੇ ਕਰਦੀਆਂ ਪੰਚਾਇਤਾਂ ਵਲੋਂ ਸਹਿਮਤੀ ਪ੍ਰਗਟਾਉਣ ਉਪਰੰਤ ਹੀ ਨਗਰ ਪੰਚਾਇਤ ਬਣਾਇਆ ਜਾਵੇਗਾ।
ਸ੍ਰੀ ਚੂਨੀ ਲਾਲ ਭਗਤ ਨੇ ਮੀਟਿੰਗ ਵਿੱਚ ਸੂਬੇ ਦੇ ਸਾਰੇ ਵੱਡੇ ਸ਼ਹਿਰਾਂ, ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਲਈ ਜਾਰੀ ਗਰਾਂਟ ਦੀ ਸਹੀ ਅਤੇ ਤੈਅ ਸਮੇਂ ਅੰਦਰ ਵਰਤੋਂ ਕੀਤੀ ਜਾਵੇ। ਨਗਰ ਨਿਗਮਾਂ ਦੇ ਕਮਿਸ਼ਨਰਾਂ ਸਮੇਤ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗੀ ਜਾਂਚ ਅਤੇ ਪੜਤਾਲ ਦੇ ਬਕਾਏ ਮਾਮਲਿਆਂ ਨੂੰ ਤੁਰੰਤ ਨਿਪਟਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਸ਼ਹਿਰ ਜਾਂ ਕਸਬੇ ਅੰਦਰ ਕੋਈ ਅਣਅਧਿਕਾਰਤ ਕਲੋਨੀ ਦੀ ਉਸਾਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਅਣ ਅਧਿਕਾਰਤ ਕਾਲੋਨੀਆਂ ਹਟਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇ।
ਸਥਾਨਕ ਸਰਕਾਰਾਂ ਨੂੰ ਆਪਣੇ ਆਮਦਨ ਦੇ ਵਸੀਲੇ ਜੁਟਾਉਣ ਦੀ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਵਿੱਚ ਸੜਕਾਂ ਕਿਨਾਰੇ ਅਤੇ ਪ੍ਰਮੁੱਖ ਥਾਂਵਾਂ ‘ਤੇ ਇਸ਼ਤਿਹਾਰੀ ਬੋਰਡਾਂ ਜਾਂ ਹੋਰਡਿੰਗ ਲਗਾਉਣ ਸਬੰਧੀ ਇਸ਼ਤਿਹਾਰ ਨੀਤੀ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਮੂਹ ਨਗਰ ਨਿਗਮਾਂ ਤੇ ਕੌਂਸਲਾਂ ਨੂੰ ਇਸ਼ਤਿਹਾਰੀ ਬੋਰਡਾਂ ਰਾਹੀਂ ਵੱਧ ਤੋਂ ਵੱਧ ਆਮਦਨ ਜੁਟਾਉਣੀ ਚਾਹੀਦੀ ਹੈ ਪਰ ਨਾਲ ਹੀ ਇਹ ਯਕੀਨੀ ਬਣਾਇਆ ਜਾਵੇ ਕਿ ਸ਼ਹਿਰ ਦੀ ਸੁੰਦਰਤਾ ਖਰਾਬ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਕੌਮੀ ਮਾਰਗਾਂ ‘ਤੇ ਲਗਾਏ ਜਾਣ ਵਾਲੇ ਇਸ਼ਤਿਹਾਰੀ ਬੋਰਡ ਕਿਸੇ ਵੀ ਤਰ੍ਹਾਂ ਟ੍ਰੈਫ਼ਿਕ ਵਿੱਚ ਵਿਘਨ ਨਾ ਪਵੇ। ਮੀਟਿੰਗ ਵਿੱਚ ਮੁੱਖ ਸੰਸਦੀ ਸਕੱਤਰ ਸ੍ਰੀ ਸੋਮ ਪ੍ਰਕਾਸ਼, ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਡਾਇਰੈਕਟਰ ਸ੍ਰੀ ਅਸ਼ੋਕ ਕੁਮਾਰ ਗੁਪਤਾ ਤੇ ਵਧੀਕ ਸਕੱਤਰ ਮਿਸ ਖੁਸ਼ਬੂ ਗੋਇਲ ਸਮੇਤ ਵਿਭਾਗ ਦੇ ਸਮੂਹ ਅਧਿਕਾਰੀ ਹਾਜ਼ਰ ਸਨ।
Indian News ਪੰਚਾਇਤਾਂ ਦੀ ਸਹਿਮਤੀ ਨਾਲ ਹੀ ਨਵੀਆਂ ਪੰਚਾਇਤਾਂ ਬਣਾਈਆਂ ਜਾਣਗੀਆਂ – ਚੂਨੀ ਲਾਲ...