ਆਕਲੈਂਡ, 11 ਮਾਰਚ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ਤੋਂ ਆਮ ਆਦਮੀ ਪਾਰਟੀ ਦੇ ਮੁੱਢਲੇ ਸਮਰਥਕ ਅਤੇ ਸਾਬਕਾ ਕੌਮੀ ਕਨਵੀਨਰ ਰਾਜੀਵ ਬਾਜਵਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਦੇ ਲਈ ਸਾਰੇ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕਰਦੀਆਂ ਕਿਹਾ ਕੀ ਇਹ ਇੱਕ ਇਤਿਹਾਸਿਕ ਜਿੱਤ ਹੈ ਜਿਸ ਦਾ ਸਿਆਸੀ ਅਤੇ ਸਕਾਰਾਤਮਿਕ ਅਸਰ ਪੰਜਾਬ ਵਿੱਚ ਘੱਟੋ-ਘੱਟ ਆਉਣ ਵਾਲੇ ਦੋ ਤਿੰਨ ਦਹਾਕਿਆਂ ਤੱਕ ਰਹੇਗਾ।
ਵਟਸਅੱਪ ਰਾਹੀ ਭੇਜੇ ਆਪਣੇ ਸੁਨੇਹੇ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਦੇ ਮੋਢਿਆਂ ਤੇ ਹੁਣ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਭਗਵੰਤ ਮਾਨ, ਆਪ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਨਵੇਂ ਵਿਧਾਇਕ ਬਣੇ ਕੁੰਵਰ ਵਿਜੈ ਪ੍ਰਤਾਪ ਨਾਲ ਤਾਲ ਮੇਲ ਰੱਖਦੇ ਹੋਏ ਪੰਜਾਬ ਨੂੰ ਮੁੜ ਆਪਣੇ ਪੈਰਾਂ ‘ਤੇ ਖੜ੍ਹਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ।
ਰਾਜੀਵ ਬਾਜਵਾ ਨੇ ਕਿਹਾ ਕਿ ਨਿਊਜ਼ੀਲੈਂਡ ਅਤੇ ਆਸਟਰੇਲੀਆ ਵੱਸਦੇ ਆਪ ਵਲੰਟੀਅਰ ਇਸ ਇਤਿਹਾਸਿਕ ਜਿੱਤ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਦਾ ਜਸ਼ਨ ਰਲ-ਮਿੱਲ ਕੇ ਮਨਾਉਣ ਦੀ ਇੱਛਾ ਰੱਖਦੇ ਨੇ ਅਤੇ ਉਹ ਜਲਦੀ ਹੀ ਬਾਕੀ ਟੀਮ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਇਸ ਦਾ ਐਲਾਨ ਕਰਨਗੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ ਚੋਣ ਨਤੀਜਿਆਂ ਵਿੱਚ ਆਪ 92, ਕਾਂਗਰਸ 18, ਅਕਾਲੀ-ਬਸਪਾ ਗੱਠਜੋੜ 4, ਭਾਜਪਾ ਗੱਠਜੋੜ 2 ਸੀਟਾਂ ਅਤੇ 1 ਸੀਟ ‘ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ ਅਤੇ ਸੂਬੇ ਦੀਆਂ ਰਵਾਇਤੀ ਪਾਰਟੀਆਂ ਨੂੰ ਜਿੱਥੇ ਮਾਤ ਦਿੱਤੀ ਉੱਥੇ ਹੀ ਆਪ ਦੇ ਉਮੀਦਵਾਰਾਂ ਨੇ ਸੂਬੇ ਦੇ ਵੱਡੇ-ਵੱਡੇ ਸਿਆਸੀ ਆਗੂਆਂ ਨੂੰ ਹਰਾਇਆ ਹੈ।
Home Page ਪੰਜਾਬੀਆਂ ਨੇ ਦੁਆਈ ‘ਆਪ’ ਨੂੰ ਇਤਿਹਾਸਿਕ ਜਿੱਤ – ਰਾਜੀਵ ਬਾਜਵਾ