ਦਿੱਲੀ ਤੋਂ ਪੰਜਾਬ ਪਰਤਦਿਆਂ ਖੜ੍ਹੇ ਟਰਾਲੇ ਨਾਲ ਟਕਰਾਈ ਸਕਾਰਪੀਓ
ਪਾਣੀਪਤ, 15 ਫਰਵਰੀ – ਪਿਛਲੇ ਸਾਲ ਗਣਤੰਤਰ ਦਿਵਸ ਮੌਕੇ ਲਾਲ ਕਿੱਲੇ ‘ਤੇ ਹੋਈ ਹਿੰਸਾ ਤੋਂ ਸੁਰਖ਼ੀਆਂ ਵਿਚ ਆਏ ਅਦਾਕਾਰ ਦੀਪ ਸਿੱਧੂ ਦੀ ਅੱਜ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਪਤਾ ਲੱਗਾ ਹੈ ਕਿ ਉਹ ਆਪ ਹੀ ਜੀਪ ਚਲਾ ਰਿਹਾ ਸੀ ਜੋ ਖੜ੍ਹੇ ਟਰਾਲੇ ਨਾਲ ਜਾ ਟਕਰਾਈ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵੇਲੇ ਉਸ ਨਾਲ ਕਾਰ ਵਿੱਚ ਇੱਕ ਉਸ ਦੀ ਮਹਿਲਾ ਮਿੱਤਰ ਵੀ ਸਵਾਰ ਸੀ ਜਿਸ ਦੇ ਵੀ ਸੱਟਾਂ ਲੱਗੀਆਂ ਹਨ। ਇਹ ਹਾਦਸਾ ਅੱਜ ਰਾਤ 9 ਵਜੇ ਦੇ ਲਗਭਗ ਕੁੰਡਲੀ-ਮਾਨੇਸਰ ਐਕਸਪ੍ਰੈੱਸ ਵੇਅ ਨੇੜੇ ਹੋਇਆ। ਉਹ ਦਿੱਲੀ ਤੋਂ ਪੰਜਾਬ ਜਾ ਰਹੇ ਸਨ।
ਜ਼ਿਕਰਯੋਗ ਹੈ ਕਿ ਦੀਪ ਸਿੱਧੂ ਨੇ ਦਿੱਲੀ ਦੇ ਬਾਰਡਰ ‘ਤੇ ਚੱਲੇ ਕਿਸਾਨ ਅੰਦੋਲਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ ਤੇ ਉਹ ਪਿਛਲੇ ਸਾਲ 2021 ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਪਰੇਡ ਦੌਰਾਨ ਲਾਲ ਕਿੱਲੇ ‘ਤੇ ਹੋਈ ਹਿੰਸਾ ‘ਚ ਸੀ ਮੁੱਖ ਮੁਲਜ਼ਮ ਸੀ ਤੇ ਜ਼ਮਾਨਤ ਉੱਤੇ ਚੱਲ ਰਿਹਾ ਸੀ।
ਪੰਜਾਬ ‘ਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਉਹ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਲਈ ਪੰਜਾਬ ਵਿੱਚ ਪ੍ਰਚਾਰ ਕਰ ਰਿਹਾ ਸੀ। ਅਪ੍ਰੈਲ 1984 ਵਿੱਚ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਜਨਮੇ ਦੀਪ ਸਿੱਧੂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਸ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਤੇ ਉਹ ਕਿੰਗਫਿਸ਼ਰ ਮਾਡਲ ਹੰਟ ਦਾ ਜੇਤੂ ਵੀ ਰਿਹਾ। ਉਸ ਨੇ ਮਿਸਟਰ ਇੰਡੀਆ ਮੁਕਾਬਲੇ ਵਿੱਚ ਮਿਸਟਰ ਪਰਸਨੈਲਿਟੀ ਦਾ ਖ਼ਿਤਾਬ ਵੀ ਜਿੱਤਿਆ। ਬਤੌਰ ਪੰਜਾਬੀ ਅਦਾਕਾਰ 2015 ‘ਚ ਉਸ ਦੀ ਪਹਿਲੀ ਪੰਜਾਬੀ ਫਿਲਮ ‘ਰਮਤਾ ਜੋਗੀ’ ਸਾਲ ਰਿਲੀਜ਼ ਹੋਈ ਸੀ। ਹਾਲਾਂਕਿ ਦੀਪ ਨੇ 2018 ਦੀ ਫਿਲਮ ‘ਜੋਰਾ ਦਾਸ ਨੰਬਰੀਆ’ ਨਾਲ ਨਾਮਣਾ ਖੱਟਿਆ ਸੀ ਜਿਸ ਵਿੱਚ ਉਸ ਨੇ ਗੈਂਗਸਟਰ ਦੀ ਭੂਮਿਕਾ ਨਿਭਾਈ ਸੀ।
Entertainment ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ