ਡੇਟਨ (ਡਾ.ਚਰਨਜੀਤ ਸਿੰਘ ਗੁਮਟਾਲਾ) – ਪੰਜਾਬੀ ਕਲਚਰਲ ਸੁਸਾਇਟੀ ਮਿਸ਼ੀਗਨ ਵੱਲੋਂ ਗੁਰਦੁਆਰਾ ਮਾਤਾ ਤ੍ਰਿਪਤਾ ਜੀ ਪਲਿਮਥ ਵਿਖੇ ਦੁਪਹਿਰ ਦੇ ਦੀਵਾਨ ਉਪਰੰਤ ‘ਪੰਜਾਬੀ ਕਵੀ ਦਰਬਾਰ’ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਆਲ ਇੰਡੀਆ ਰੇਡੀਉ ਜਲੰਧਰ ਦੇ ਬਹੁਤ ਸਮਾਂ ਪਹਿਲਾਂ ਪੰਜਾਬੀ ਖ਼ਬਰਾਂ ਪੜ੍ਹਨ ਵਾਲੇ ਸ. ਸੁਖਵੰਤ ਸਿੰਘ ਢਿੱਲੋਂ, ਚੰਨ ਪ੍ਰਦੇਸੀ ਰੇਡਿਓ ਦੇ ਗੁਰਬਚਨ ਮਾਨ ਤੇ ਸਿੰਚਾਈ ਵਿਭਾਗ ਦੇ ਸੇਵਾ ਮੁਕਤ ਡਾਇਰੈਕਟਰ ਮਨਜੀਤ ਸਿੰਘ ਗਿੱਲ ਨੇ ਕੀਤੀ।
ਸਭ ਤੋਂ ਪਹਿਲਾਂ ਸੁਖਵੰਤ ਸਿੰਘ ਢਿੱਲੋਂ ਨੇ ਆਪਣੇ ਲਿਖੇ ਗੀਤ, ” ਮੈਂ ਇੱਕ ਬੋਲ ਵਿਹੁਣਾਂ ਗੀਤਾ ਅਣਸੁਣਿਆ ਅਣਗਾਇਆ..” ਗਾ ਕੇ ਪੇਸ਼ ਕੀਤਾ ਤਾਂ ਸਭ ਸਰੋਤੇ ਅਸ਼ ਅਸ਼ ਕਰ ਉੱਠੇ। ਮੰਚ ਸੰਚਾਲਕ ਸੁਰਜੀਤ ਸਿੰਘ ਗਿੱਲ ਨੇ ਸ਼ਿਅਰ ਪੜ੍ਹਿਆ, ਬੋਲ ਸਨ “ਪਿਆਰ ਤਾਂ ਕਮਲਾ ਕਰ ਜਾਂਦਾ ਏ, ਜਿੱਤਿਆ ਬੰਦਾ ਹਰ ਜਾਂਦਾ ਏ ਜਿਹੜੀ ਗੱਲ ਲਕੋਈ ਹੋਵੇ, ਅੱਥਰੂ ਉਹ ਗੱਲ ਕਰ ਜਾਂਦਾ ਏ”। ਹਾਇਕੂ ਕਵੀ ਗੁਰਮੀਤ ਸਿੰਘ ਸੰਧੂ ਦਾ ਹਾਇਕੂ ਸੀ, “ਭਾਦੋਂ ਸਵੇਰੇ ਤਣਿਆਂ, ਸੈਰ ਕਰੇਂਦਿਆਂ, ਕਾਲਾ ਬੱਦਲ”। ਮਨਜੀਤ ਸਿੰਘ ਗਿੱਲ ਨੇ 1999 ਦੇ 300 ਸਾਲਾ ਵਿਸਾਖੀ ‘ਤੇ ਲਿਖੀ ਕਵਿਤਾ, “ਆਨੰਦਪੁਰ ਦੀ ਧਰਤੀ” ਪੂਰੇ ਤਰੰਨੁਮ ਵਿੱਚ ਗਾ ਕੇ ਪੇਸ਼ ਕੀਤੀ, ਬੋਲ ਸਨ, “ਭਾਗਾਂ ਵਾਲੀਏ ਆਨੰਦਪੁਰੀ ਧਰਤੀਏ ਨੀ, ਇੱਕ ਇੱਕ ਜ਼ਰ੍ਹੇ ਨੂੰ ਲੱਖ ਲੱਖ ਵਾਰ ਚੁੰਮਾਂ”।
ਤਿਲਕ ਸ਼ਰਮਾ, ਇਕਬਾਲ ਸਿੰਘ ਬਾਲੀ ਭਾਨ, ਪ੍ਰੋਫੈਸਰ ਸਤਪਾਲ ਗੋਇਲ ਤੇ ਪ੍ਰੋਫੈਸਰ ਰੇਸ਼ਮ ਸਿੰਘ ਸੈਣੀ ਨੇ ਵੀ ਆਪਣੀਆਂ ਕਵਿਤਾਵਾਂ ਸੁਣਾਈਆਂ। ਗੁਰਮੀਤ ਸਿੰਘ ਸੰਧੂ ਨੇ ਆਪਣਾ ਹਾਇਗਾ ਸੰਗ੍ਰਹਿ ‘ਰੰਗ-ਹਰਫ਼ੀ’ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਪ੍ਰੇਮ ਭੇਟਾ ਕੀਤਾ। ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਪੰਜਾਬੀ ਭਾਸ਼ਾ ਲਈ ਉਚੇਚੇ ਉਪਰਾਲੇ ਕਰਨ ਲਈ ਕਈ ਕੀਮਤੀ ਸੁਝਾਓ ਦਿੱਤੇ। ਨਵੰਬਰ ਦੇ ਤੀਸਰੇ ਐਤਵਾਰ ਅਗਲਾ ਕਵੀ ਦਰਬਾਰ ਦਰਬਾਰ ਕਰਾਉਣ ਦਾ ਐਲਾਨ ਕੀਤਾ ਗਿਆ।
International News ਪੰਜਾਬੀ ਕਲਚਰਲ ਸੁਸਾਇਟੀ ਮਿਸ਼ੀਗਨ ਵੱਲੋਂ ‘ਪੰਜਾਬੀ ਕਵੀ ਦਰਬਾਰ’ ਕਰਵਾਇਆ ਗਿਆ