
ਆਕਲੈਂਡ, 8 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਭਾਰਤੀ ਮੂਲ ਦੀ 12 ਸਾਲ ਪੰਜਾਬੀ ਕੁੜੀ ਏਕਮ ਕੌਰ ਨੇ ਇਤਿਹਾਸ ਸਿਰਜ ਦੇ ਹੋਏ 6 ਅਕਤੂਬਰ ਨੂੰ ਮਾਊਂਟ ਮੌਂਗਾਨੁਈ ਵਿਖੇ ਆਯੋਜਿਤ ਨਿਊਜ਼ੀਲੈਂਡ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਿਆ। ਏਕਮ ਕੌਰ ਨਿਊਜ਼ੀਲੈਂਡ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਕੀਵੀ ਭਾਰਤੀ ਕੁੜੀ ਹੈ। ਏਕਮ ਕੌਰ ਨੇ 62 ਕਿੱਲੋਗ੍ਰਾਮ ਭਾਰ ਵਰਗ ‘ਚ 13 ਸਾਲ ਤੋਂ ਘੱਟ ਉਮਰ ਵਰਗ ਵਿੱਚ ਮੁਕਾਬਲਾ ਜਿੱਤਿਆ ਹੈ।
ਪਹਿਲਵਾਨ ਏਕਮ ਕੌਰ ਦੇ ਪਿਤਾ ਗੁਰਧਿਆਨ ਸਿੰਘ ਨੇ ਕੂਕ ਪੰਜਾਬੀ ਸਮਾਚਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਏਕਮ ਕੌਰ ਪਿਛਲੇ 4 ਸਾਲਾਂ ਤੋਂ ਸਖ਼ਤ ਸਿਖਲਾਈ ਲੈ ਰਹੀ ਹੈ। ਏਕਮ ਕੌਰ ਨੇ ਇਸ ਸਾਲ ਤੋਂ ਹੀ ਮੁਕਾਬਲਿਆਂ ‘ਚ ਭਾਗ ਲੈਣਾ ਸ਼ੁਰੂ ਕੀਤਾ ਅਤੇ ਉਹ ਨੇ ਹਰ ਮੁਕਾਬਲੇ ਵਿੱਚ ਤਗਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਏਕਮ ਕੌਰ ਮੇਰੇ ਨਾਲ ਘਰ ‘ਚ ਸਿਖਲਾਈ ਵੀ ਲੈ ਰਹੀ ਸੀ ਕਿਉਂਕਿ ਮੈਂ ਵੀ ਭਾਰਤ ‘ਚ ਰਾਸ਼ਟਰੀ ਪੱਧਰ ਦਾ ਇੱਕ ਪਹਿਲਵਾਨ ਰਿਹਾ ਹਾਂ, ਮੈਂ ਅਖਾੜਾ ਡੂਮਛੇੜੀ ਨਾਲ ਸਬੰਧਿਤ ਹਾਂ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅੰਤਰਰਾਸ਼ਟਰੀ ਪਹਿਲਵਾਨ ਪਰਮਿੰਦਰ ਡੂਮਛੇੜੀ ਦੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਉਹ ਹਰਿਆਣੇ ਸ਼ਹਿਰ ਅੰਬਾਲੇ ਦੇ ਪਿੰਡ ਸੱਦੋਪੁਰ ਦੇ ਹਨ ਪਰ ਉਨ੍ਹਾਂ ਆਪਣਾ ਜੀਵਨ ਡੂਮਛੇੜੀ ਵਿਖੇ ਬਿਤਾਇਆ ਤੇ ਪਹਿਲਵਾਨੀ ‘ਚ ਰਾਸ਼ਟਰੀ ਤੇ ਹੋਰ ਸਥਾਨਕ ਮੁਕਾਬਲਿਆਂ ‘ਚ ਮੱਲ੍ਹਾਂ ਮਾਰੀਆਂ।
ਉਨ੍ਹਾਂ ਕਿਹਾ ਕਿ ਉਹ 2007 ਵਿੱਚ ਨਿਊਜ਼ੀਲੈਂਡ ਆ ਗਏ ਸਨ। ਹੁਣ ਉਹ ਆਕਲੈਂਡ ਦੇ ਗਾਰਡਨ ਇਲਾਕੇ ‘ਚ ਰਹਿ ਰਹੇ ਹਨ। ਪਰਿਵਾਰਕ ਪਿਛੋਕੜ ਪਹਿਲਵਾਨੀ ਨਾਲ ਸੰਬੰਧਿਤ ਹੋਣ ਕਰਕੇ ਉਨ੍ਹਾਂ ਦੀ ਧੀ ਏਕਮ ਕੌਰ ਵੀ ਇਸੇ ਖੇਡ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਨਿਊਜ਼ੀਲੈਂਡ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਧੀ ਏਕਮ ਕੌਰ ਅਗਲੇ ਸਾਲ ਓਸ਼ੀਆਨੀਆ ਖੇਡਾਂ ‘ਚ ਨਿਊਜ਼ੀਲੈਂਡ ਵੱਲੋਂ ਆਪਣੇ ਉਮਰ ਵਰਗ ਦੇ ਮੁਕਾਬਲੇ ‘ਚ ਭਾਗ ਲਵੇਗੀ।
ਕੂਕ ਪੰਜਾਬੀ ਸਮਾਚਾਰ ਪੰਜਾਬੀ ਕੁੜੀ ਏਕਮ ਕੌਰ ਨੂੰ ਨਿਊਜ਼ੀਲੈਂਡ ਰੈਸਲਿੰਗ ਨੈਸ਼ਨਲ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਕੀਵੀ ਇੰਡੀਅਨ ਖਿਡਾਰ ਬਣਨ ‘ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਹੈ ਅਤੇ ਏਕਮ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦਾ ਹੈ ਕਿ ਉਹ ਪਹਿਲਵਾਨੀ ਦੀ ਇਸ ਖੇਡ ‘ਚ ਬੁਲੰਦੀਆਂ ਨੂੰ ਛੂਹੇ।