ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਮੌਤ

ਜੰਡਿਆਲਾ ਗੁਰੂ, 30 ਮਾਰਚ – ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਦੀ ਬੀਤੀ ਰਾਤ 2.00 ਵਜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਦਾਣਾ ਮੰਡੀ ਦੇ ਸਾਹਮਣੇ ਪੁਲ ‘ਤੇ ਉਸ ਵੇਲੇ ਵਾਪਰਿਆ ਜਦੋਂ ਇੱਥੋਂ ਦੀ ਜੀਟੀ ਰੋਡ ਉੱਤੇ 31 ਸਾਲਾ ਪੰਜਾਬੀ ਗਾਇਕ ਦਿਲਜਾਨ ਦੀ ਮਹਿੰਦਰਾ ਕੇਵੀਯੂ 100 ਗੱਡੀ ਸੜਕ ਕਿਨਾਰੇ ਖੜ੍ਹੇ ਟਰੱਕ ਵਿੱਚ ਜਾ ਵੱਜੀ। ਹਾਦਸੇ ਮੌਕੇ ਦਿਲਜਾਨ ਗੱਡੀ ਵਿੱਚ ਇਕੱਲਾ ਸੀ। ਉਹ ਜਲੰਧਰ ਤੋਂ ਅੰਮ੍ਰਿਤਸਰ ਆਪਣੇ ਨਵੇਂ ਗਾਣੇ ਦੇ ਰਿਲੀਜ਼ ਹੋਣ ਦੇ ਸਬੰਧ ‘ਚ ਆ ਰਿਹਾ ਸੀ। ਹਾਦਸੇ ਦੌਰਾਨ ਦਿਲਜਾਨ ਦੀ ਕਾਰ ਦੇ ਏਅਰ ਬੈਗ ਵੀ ਖੁੱਲ੍ਹ ਗਏ ਪਰ ਦਿਲਜਾਨ ਦੀ ਜਾਨ ਨਹੀਂ ਬਚ ਸਕੀ। ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਹਾਦਸੇ ਮਗਰੋਂ ਉੱਥੋਂ ਲੰਘ ਰਹੇ ਆਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੇ ਦਿਲਜਾਨ ਨੂੰ ਗੱਡੀ ਵਿੱਚੋਂ ਕੱਢ ਕੇ ਨੇੜਲੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਦਿਲਜਾਨ ਦੀ ਕਾਰ ਤੇਜ਼ ਰਫ਼ਤਾਰ ਸੀ। ਹਾਦਸੇ ਮਗਰੋਂ ਕਾਰ ਦਾ ਅਗਲਾ ਹਿੱਸਾ ਤਬਾਹ ਹੋ ਗਿਆ। ਦਿਲਜਾਨ ਦੀ ਪਤਨੀ ਅਤੇ ਬੇਟੀ 5 ਅਪ੍ਰੈਲ ਨੂੰ ਕੈਨੇਡਾ ਤੋਂ ਵਾਪਸ ਆ ਰਹੀਆਂ ਹਨ, ਉਨ੍ਹਾਂ ਦੇ ਆਉਣ ਉਪਰੰਤ ਸਸਕਾਰ ਕੀਤਾ ਜਾਵੇਗਾ।
ਕਰਤਾਰਪੁਰ ਵਾਸੀ ਪੰਜਾਬੀ ਗਾਇਕ ਦਿਲਜਾਨ ਦੀ ਮੌਤ ਦੀ ਖ਼ਬਰ ਬਾਰੇ ਪਤਾ ਲੱਗਦੇ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਰ ਕੋਈ ਸਦਮੇ ਵਿੱਚ ਹੈ। ਸੋਸ਼ਲ ਮੀਡੀਆ ਉੱਤੇ ਕਈ ਵੱਡੀਆਂ ਸ਼ਖ਼ਸੀਅਤਾਂ ਨੇ ਦਿਲਜਾਨ ਦੀ ਮੌਤ ਉੱਤੇ ਦੁੱਖ ਜਤਾਇਆ ਹੈ।
ਜ਼ਿਕਰਯੋਗ ਹੈ ਕਿ ਦਿਲਜਾਨ ਪਹਿਲੀ ਬਾਰ ਚਰਚਾ ‘ਚ ਉਸ ਵੇਲੇ ਆਇਆ ਦੀ ਜਦੋਂ ਉਸ ਨੇ ਸਾਲ 2012 ਵਿੱਚ ਰਿਐਲਟੀ ਸ਼ੋਅ ‘ਸੁਰ ਸ਼ੇਤਰ’ ਵਿੱਚ ਹਿੱਸਾ ਲਿਆ ਸੀ ਅਤੇ ਉਹ ਰਨਰਜ਼ ਅੱਪ ਰਿਹਾ ਸੀ। ਰਿਐਲਟੀ ਸ਼ੋਅ ‘ਸੁਰ ਸ਼ੇਤਰ’ ਦੌਰਾਨ ਦਿਲਜਾਨ ਵੱਲੋਂ ਗਾਏ ਪੰਜਾਬੀ ਗੀਤਾਂ ਦੇ ਲਈ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਉਸ ਨੇ ਕਈ ਭਜਨ ਵੀ ਗਾਏ ਸਨ। ਉਸ ਨੇ ‘ਆਵਾਜ਼ ਪੰਜਾਬ ਦੀ’ ਵਿੱਚ ਵੀ ਹਿੱਸਾ ਲਿਆ ਸੀ।