ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸੇਜ਼ਲ ਅੱਖਾਂ ਨਾਲ ਅੰਤਿਮ ਸੰਸਕਾਰ ਪਿੰਡ ਮੂਸਾ ਵਿਖੇ ਕੀਤਾ ਗਿਆ

ਮਾਨਸਾ, 31 ਮਈ – ਅੱਜ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਪਿੰਡ ਮੂਸਾ ਵਿਖੇ ਕਰ ਦਿੱਤਾ ਗਿਆ ਹੈ। ਗਾਇਕ ਸਿੱਧੂ ਮੂਸੇਵਾਲਾ ਨੂੰ ਹਜ਼ਾਰਾਂ ਸੇਜ਼ਲ ਅੱਖਾਂ ਨਾਲ ਵਿਦਾਈ ਦਿੱਤੀ ਗਈ। ਸਿੱਧੂ ਮੂਸੇਵਾਲਾ ਦੇ ਅੰਤਿਮ ਸੰਸਕਾਰ ਲਈ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ। ਅੰਤਿਮ ਵਿਦਾਇਗੀ ਵੇਲੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਸਿਰ ਉੱਤੇ ਆਖ਼ਰੀ ਵਾਰ ਜੂੜਾ ਕੀਤਾ ਅਤੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੇ ਸਿਰ ਉੱਤੇ ਨਾਬੀ ਰੰਗ ਦੀ ਪੱਗ ਬੰਨ੍ਹੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲੋਕਾਂ ਦੀ ਜੁੜੀ ਵੱਡੀ ਭੀੜ ਦਾ ਆਪਣੇ ਸਿਰ ਤੋਂ ਪੱਗ ਲਾਹ ਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰਾਜਸੀ ਆਗੂ ਜੁੜੇ ਹੋਏ ਸਨ। ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਅੰਤਿਮ ਦਰਸ਼ਨਾਂ ਲਈ ਅੱਜ ਵੱਡੇ ਪੱਧਰ ਉੱਤੇ ਲੋਕਾਂ ਦਾ ਇਕੱਠ ਜੁੜਿਆ। ਲੋਕ ਅੱਧੀ ਰਾਤ ਤੋਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੋਂ ਪੁੱਜੇ। ਦੇਹ ਨੂੰ ਸਸਕਾਰ ਲਈ ਸਿੱਧੂ ਮੂਸੇਵਾਲਾ ਦੇ ਮਨਪਸੰਦ ਟਰੈਕਟਰ 5911 ਉੱਤੇ ਲਿਜਾਇਆ ਗਿਆ। ਸਸਕਾਰ ਪਿੰਡ ਮੂਸਾ ਦੀ ਸ਼ਮਸ਼ਾਨ ਭੂਮੀ ਵਿੱਚ ਕਰਨ ਦੀ ਥਾਂ, ਸਗੋਂ ਉਸ ਦੇ ਆਪਣੇ ਖੇਤਾਂ ਵਿੱਚ ਕੀਤਾ ਗਿਆ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਦੇਹ ਨੂੰ ਅੱਜ ਸਵੇਰੇ ਮਾਨਸਾ ਦੇ ਸਿਵਲ ਹਸਪਤਾਲ ਤੋਂ ਉਸ ਦੇ ਪਿੰਡ ਮੂਸਾ ਲਈ ਲਿਜਾਇਆ ਗਿਆ। ਪਰਿਵਾਰ ਵੱਲੋਂ ਬੇਸ਼ੱਕ ਅੱਜ ਦੁਪਹਿਰ 12 ਵਜੇ ਅੰਤਿਮ ਸੰਸਕਾਰ ਦਾ ਸਮਾਂ ਦਿੱਤਾ ਗਿਆ ਸੀ ਪਰ ਲੋਕਾਂ ਦੀ ਵੱਡੇ ਤੜਕੇ ਤੋਂ ਜੁੜੀ ਭੀੜ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਉਸ ਦੇ ਪ੍ਰਸ਼ਂਸਕਾਂ ਵੱਲੋਂ ਆਉਣ ਕਾਰਣ ਸਸਕਾਰ ਦਾ ਢਾਈ ਘੰਟੇ ਪਛੜ ਗਿਆ। ਪੁਲੀਸ ਵੱਲੋਂ ਪਿੰਡ ਮੂਸਾ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਪਿੰਡ ਵਿੱਚ ਸੋਗ ਦੀ ਲਹਿਰ ਸੀ, ਉਸ ਦੀ ਮਾਂ ਚਰਨ ਕੌਰ ਸਮੇਤ ਹੋਰਨਾਂ ਰਿਸ਼ਤੇਦਾਰਾਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ। ਗਾਇਕ ਸਿੱਧੂ ਮੂਸੇਵਾਲਾ ਦੀ ਦੇਹ ਲੋਕਾਂ ਦੇ ਆਖ਼ਰੀ ਦਰਸ਼ਨ ਲਈ ਰੱਖਿਆ ਗਿਆ। ਲੋਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।