ਮਾਨਸਾ, 8 ਜੂਨ – ਅੱਜ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨਿਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਸ਼ਖ਼ਸੀਅਤਾਂ ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਸ਼ਾਮਲ ਹੋਏ। ਅੱਜ ਇੱਥੇ ਸਥਾਨਕ ਅਨਾਜ ਮੰਡੀ ਵਿਖੇ ਹੋਏ ਸ਼ਰਧਾਂਜਲੀ ਸਮਾਗਮ ‘ਚ ਪਹੁੰਚੇ ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਦੀ ਫ਼ੋਟੋ ਵਾਲੀਆਂ ਟੀ-ਸ਼ਰਟਾਂ, ਬੈਚ ਤੇ ਟੈਟੂ ਬਣਵਾ ਕੇ ਪੱਗਾਂ ਬੰਨੀਆਂ ਹੋਈਆਂ ਸਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਕੀਤਾ ਗਿਆ ਤੇ ਕੀਰਤਨੀ ਜਥਿਆਂ ਨੇ ਸੰਦੇਸ਼ ਦਿੱਤਾ ਕਿ ਨੇਕ ਕਮਾਈ ਕਰਕੇ ਜਾਣ ਵਾਲੇ ਦਾ ਇਤਿਹਾਸ ਗਵਾਹ ਬਣਦਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾ ਕੇ ਉਨ੍ਹਾਂ ਨੂੰ ਇਨਸਾਫ਼ ਦੇਵੇਗੀ, ਪਰ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੇ ਸਾਰੇ ਸਿਆਸਤਦਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਨਸ਼ਿਆਂ ਅਤੇ ਹਥਿਆਰਾਂ ਦੇ ਨਰਕ ਵਿੱਚੋਂ ਕੱਢਣ ਤਾਂ ਜੋ ਕਿਸੇ ਹੋਰ ਦਾ ਪੁੱਤ ਇੰਜ ਨਾ ਵਿੱਛੜੇ। ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ ‘ਤੇ ਸਿੱਧੂ ਸਬੰਧੀ ਅਫ਼ਵਾਹਾਂ ਨਾ ਫੈਲਾਈਆਂ ਜਾਣ ਤੇ ਨਾ ਹੀ ਉਸ ਦੀ ਸਮਾਧ ‘ਤੇ ਮੱਥਾ ਟੇਕਣ ਦੀ ਕੋਈ ਰੀਤ ਤੋਰੀ ਜਾਵੇ। ਉਨ੍ਹਾਂ ਨੌਜਵਾਨਾਂ ਨੂੰ ਸਿਰ ‘ਤੇ ਦਸਤਾਰਾਂ ਸਜਾਉਣ ਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਹੀ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ। ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਹੈ, ਪਰ ਲੋਕਾਂ ਵੱਲੋਂ ਜੋ ਪਿਆਰ ਤੇ ਸਾਥ ਦਿੱਤਾ ਗਿਆ ਹੈ, ਉਸ ਨਾਲ ਪੰਜਾਬ ਦਾ ਹਰ ਨੌਜਵਾਨ ਉਨ੍ਹਾਂ ਦਾ ਪੁੱਤਰ ਬਣ ਗਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ੁਭਦੀਪ ਨੂੰ ਪਿਆਰ ਕਰਨ ਵਾਲਾ ਹਰ ਸ਼ਖ਼ਸ ਉਸ ਦੇ ਨਾਮ ਦਾ ਬੂਟਾ ਲਾ ਕੇ ਉਸ ਦਾ ਪਾਲਣ-ਪੋਸ਼ਣ ਕਰੇ ਤਾਂ ਜੋ ਉਸ ਬੂਟੇ ਦੇ ਰੂਪ ਵਿੱਚ ਸਿੱਧੂ ਹਮੇਸ਼ਾ ਜ਼ਿੰਦਾ ਰਹੇ।
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕੁਲਬੀਰ ਸਿੰਘ ਜੀਰਾ, ਸਿਮਰਨਜੀਤ ਸਿੰਘ ਮਾਨ, ਬਲਵਿੰਦਰ ਸਿੰਘ ਭੂੰਦੜ, ਅਜੀਤਇੰਦਰ ਸਿੰਘ ਮੋਫਰ, ਬਿਕਰਮ ਸਿੰਘ ਮੋਫਰ, ਸੰਗਰੂਰ ਤੋਂ ਉਮੀਦਵਾਰ ਦਲਬੀਰ ਸਿੰਘ ਗੋਲਡੀ, ਵਿਨਰਜੀਤ ਸਿੰਘ ਗੋਲਡੀ, ਕਲਾਕਾਰ ਕੌਰ ਬੀ, ਮੈਂਡੀ ਤੱਖਰ, ਅੰਮ੍ਰਿਤ ਮਾਨ, ਕੌਰਵਾਲਾ ਮਾਨ, ਕੁਲਵਿੰਦਰ ਬਿੱਲਾ, ਗਿੱਲ ਰੌਂਤਾ ਤੇ ਹੋਰ ਕਈ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਇਸ ਸ਼ਰਧਾਂਜਲੀ ਸਮਾਗਮ ਵਿੱਚ ਮਹਾਰਾਸ਼ਟਰ, ਬੰਗਾਲ, ਹਰਿਆਣਾ, ਰਾਜਸਥਾਨ ਤੇ ਵਿਦੇਸ਼ਾਂ ਤੋਂ ਨੌਜਵਾਨ ਪਹੁੰਚੇ।
Home Page ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਹਜ਼ਾਰਾਂ ਲੋਕ ਪਹੁੰਚੇ