ਪਾਪਾਕੁਰਾ (ਆਕਲੈਂਡ), 30 ਜੂਨ (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਵਿੱਚ ੨੩ ਸਤੰਬਰ, 2017 ਨੂੰ ਆਮ ਚੋਣਾਂ ਹੋ ਰਹੀਆਂ ਹਨ। ਇੱਥੇ ਦੀ ਸਰਕਾਰ ਤਿੰਨ ਸਾਲ ਲਈ ਚੁਣੀ ਜਾਂਦੀ ਹੈ। ਦੇਸ਼ ਦੇ ਲਗਭਗ 71 ਸੰਸਦੀ ਹਲਕਿਆਂ ਦੇ ਵਿੱਚ 7 ਮਾਓਰੀ ਡੀਸੈਂਟ ਅਤੇ 62 ਗੈਰ ਮਾਓਰੀ ਡੀਸੈਂਟ ਉਮੀਦਵਾਰਾਂ ਨੂੰ ਵੋਟਾਂ ਰਾਹੀਂ ਚੁਣਿਆ ਜਾਂਦਾ ਹੈ ਅਤੇ ਬਾਕੀ 50 ਦੇ ਕਰੀਬ ਪਾਰਟੀ ਵੋਟਾਂ ਰਾਹੀਂ ਲਿਸਟ ਸੰਸਦ ਮੈਂਬਰ ਚੁਣੇ ਜਾਂਦੇ ਹਨ। ਇਸ ਵਾਰ ਸੰਸਦ ਦੇ ਵਿਰੋਧੀ ਧਿਰ ਵਜੋਂ ਵਿਚਰ ਰਹੀ ‘ਲੇਬਰ ਪਾਰਟੀ’ ਨੇ ਕੁੱਝ ਭਾਰਤੀ ਉਮੀਦਵਾਰਾਂ ਨੂੰ ਆਪਣਾ ਜਨਰਲ ਉਮੀਦਵਾਰ ਬਣਾਇਆ ਹੈ। ਆਕਲੈਂਡ ਦਾ ਇਕ ਮਸ਼ਹੂਰ ਹਲਕਾ ਜੋ ਕਿ ਜ਼ਿਲ੍ਹਾ ‘ਪਾਪਾਕੁਰਾ’ ਨਾਂਅ ਨਾਲ ਜਾਣਿਆ ਜਾਂਦਾ ਹੈ ਤੋਂ ਪਹਿਲੀ ਵਾਰ ਇੱਕ 26 ਕੁ ਸਾਲਾ ਪੰਜਾਬੀ ਨੌਜਵਾਨ ਜੱਸੀ ਪਾਬਲਾ (ਪਿੰਡ ਲਸਾੜਾ) ਨੂੰ ਇਸ ਵਾਰ ਉਮੀਦਵਾਰੀ ਦੀ ਟਿਕਟ ਦਿੱਤੀ ਗਈ ਹੈ। ਜੱਸੀ ਪਾਬਲਾ ਦੀ ਸਹਾਇਤਾ ਵਾਸਤੇ ਅੱਜ ਇੱਕ ਫ਼ੰਡ ਰੇਜਿੰਗ ਪਾਰਟੀ ‘ਸ਼ਾਹ ਜੀ’ ਰੈਸਟੋਰੈਂਟ ਵਿਖੇ ਆਯੋਜਿਤ ਕੀਤੀ ਗਈ। ਕਮਿਊਨਿਟੀ ਨੇ ਖੁੱਲ੍ਹੇ ਦਿਲ ਨਾਲ ਇਸ ਨੌਜਵਾਨ ਦੀ ਪਿੱਠ ਥੱਪ-ਥੱਪਾਈ ਅਤੇ ਪੂਰਾ ਸਾਥ ਦੇਣ ਦੇ ਨਾਲ-ਨਾਲ ‘ਬੈੱਸਟ ਆਫ਼ ਲੱਕ’ ਵੀ ਆਖਿਆ। ਇਸ ਨੌਜਵਾਨ ਦੀ ਸਪੋਰਟ ਵਿੱਚ ਲੇਬਰ ਹਾਈ ਕਮਾਂਡ ਤੋਂ ਮਾਊਂਟ ਰੌਸਕਿਲ ਸੰਸਦ ਮੈਂਬਰ ਸ੍ਰੀ ਮਾਈਕਲ ਵੁੱਡ (ਏਥਨਿਕ ਕਮਿਊਨਿਟੀਜ਼ ਸਪੋਕਸਪਰਸਨ), ਮੈਨੁਕਾਓ ਈਸਟ ਸੰਸਦ ਮੈਂਬਰ ਜੇਨੀ ਸਲੇਸੀਆ, ਟੀ ਅਟਾਟੂ ਸੰਸਦ ਮੈਂਬਰ ਸ੍ਰੀ ਫਿੱਲ ਟਾਈਫੋਰਡ ਨੇ ਵੀ ਆ ਕੇ ਬਹੁਤ ਖ਼ੁਸ਼ੀ ਪ੍ਰਗਟ ਕੀਤੀ। ਉਨ੍ਹਾਂ ਸਮੁੱਚੇ ਪਾਬਲਾ ਪਰਿਵਾਰ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਦੀ ਤੀਜੀ ਪੀੜ੍ਹੀ ਇੱਥੇ ਪੜ੍ਹ-ਲਿਖ ਕੇ ਦੇਸ਼ ਸੇਵਾ ਦੇ ਵਿੱਚ ਅੱਗੇ ਆ ਰਹੀ ਹੈ। ਉਨ੍ਹਾਂ ਜੱਸੀ ਪਾਬਲਾ ਉੱਤੇ ਭਰੋਸਾ ਪ੍ਰਗਟ ਕੀਤਾ ਅਤੇ ਕਮਿਊਨਿਟੀ ਤੋਂ ਮਿਲ ਰਹੇ ਸਾਥ ਦੀ ਪ੍ਰਸੰਸ਼ਾ ਕੀਤੀ। ਮਾਈਕਲ ਵੁੱਡ ਨੇ ਇਨ੍ਹੀਂ ਇੱਥੇ ਹੋ ਰਹੀ ‘ਪੰਜਾਬੀ ਰਾਜਨੀਤੀ’ ਬਾਰੇ ਵੀ ਹਲਕਾ ਜਿਹਾ ਚਟਕਾਰਾ ਲਿਆ। ਇਸ ਤੋਂ ਇਲਾਵਾ ਨਿਊ ਲਿਨ ਤੋਂ ਉਮੀਦਵਾਰ ਡੈਬੋਰਾਹ ਰੱਸਲ ਅਤੇ ਪਾਪਾਕੁਰਾ ਦੇ ਸਾਬਕਾ ਲੇਬਰ ਉਮੀਦਵਾਰ ਮੀਕਾ ਜੀਰੋਮੀ ਵੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਸਮੁੱਚੇ ਸਮਾਗਮ ਨੂੰ ਸ੍ਰੀ ਨਵਤੇਜ ਰੰਧਾਵਾ ਨੇ ਹੋਸਟ ਕੀਤਾ। ਜੱਸੀ ਪਾਬਲਾ ਨੇ ਆਪਣਾ ਭਾਸ਼ਣ ਦਿੰਦਿਆਂ ਲੇਬਰ ਪਾਰਟੀ ਦੀਆਂ ਨੀਤੀਆਂ ਅਤੇ ਆਪਣੇ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਨੂੰ ਇਸ਼ਾਰੇ ਮਾਤਰ ਨਾਲ ਸਮਝਾਇਆ। ਨਿਊਜ਼ੀਲੈਂਡ ਰਾਇਲ ਨੇਵੀ ਲੈਕਚਰਾਰ ਸ. ਭੁਪਿੰਦਰ ਸਿੰਘ ਪਾਬਲਾ (ਪਿਤਾ ਜੱਸੀ ਪਾਬਲਾ) ਨੇ ਪਹਿਲਾਂ ਅੰਗਰੇਜ਼ੀ ਅਤੇ ਫਿਰ ਪੰਜਾਬੀ ਦੇ ਵਿੱਚ ਆਏ ਰਾਜਸੀ ਮਹਿਮਾਨਾਂ, ਭਾਈਚਾਰੇ ਅਤੇ ਮਿੱਤਰਾਂ ਦੋਸਤਾ ਨੂੰ ਜੀ ਆਇਆਂ ਆਖਿਆ ਅਤੇ ਅਪੀਲ ਕੀਤੀ ਕਿ ਇਨ੍ਹਾਂ ਚੋਣਾਂ ਦੇ ਵਿੱਚ ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਤੁਹਾਡੇ ਆਪਣੇ ਪੰਜਾਬੀ ਮੁੰਡੇ ਨੂੰ ਟਿਕਟ ਦਿੱਤੀ ਗਈ ਹੈ, ਸੋ ਸਾਥ ਦਿਓ ਅਤੇ ਉਨ੍ਹਾਂ ਨਾਲ ਵੋਟਾਂ ਤੱਕ ਹੱਥ ਵਟਾਇਆ ਜਾਵੇ।
ਖ਼ਾਸ ਗੱਲ ਇਹ ਰਹੀ ਕਿ ਲੇਬਰ ਪਾਰਟੀ ਦੇ ਆਏ ਸੰਸਦ ਮੈਂਬਰਾਂ ਨੇ ਕੋਈ ਕਾਹਲੀ ਨਹੀਂ ਵਿਖਾਈ ਸਗੋਂ ਡਿਨਰ ਦੇ ਅੰਤ ਤੱਕ ਸਾਰੀ ਕਮਿਊਨਿਟੀ ਦੇ ਨਾਲ ਆਮ ਗੱਲਾਂ-ਬਾਤਾਂ ਕਰਦੇ ਰਹੇ। ਪਾਪਾਕੁਰਾ ਦੇ ਵਿੱਚ 2014 ਦੀਆਂ ਆਮ ਵੋਟਾਂ ਦੌਰਾਨ ਕੁੱਲ 31354 ਵੋਟਾਂ (76.05%) ਵੋਟਾਂ ਪਈਆਂ ਸਨ। ਇਸ ਵਾਰ ਮਾਹੌਲ ਕੁੱਝ ਭਖਿਆ ਹੈ ਅਤੇ ਵੱਧ ਵੋਟਾਂ ਪੈਣ ਦੀ ਸੰਭਾਵਨਾ ਹੈ। ਪਿਛਲੀਆਂ ਚੋਣਾਂ ਦੇ ਵਿੱਚ ਪੂਰੇ ਦੇਸ਼ ‘ਚ ਕੁੱਲ 24 ਲੱਖ 10 ਹਜ਼ਾਰ 859 ਵੋਟਾਂ ਪੋਲ ਹੋਈਆਂ ਸਨ ਜੋ ਕਿ 76.76% ਬਣਦੀਆਂ ਸਨ। 11 ਸਤੰਬਰ ਤੋਂ ਇੱਥੇ ਵੋਟਾਂ ਪੈਣੀਆਂ ਸ਼ੁਰੂ ਹੋ ਜਾਣੀਆਂ ਹਨ ਅਤੇ 23 ਸਤੰਬਰ ਨੂੰ ਆਖ਼ਰੀ ਦਿਨ ਹੋਵੇਗਾ।
Kuk Samachar Slider ਪੰਜਾਬੀ ਨੌਜਵਾਨ ਜੱਸੀ ਪਾਬਲਾ ਦੇ ਹੱਕ ਵਿੱਚਕ ਫ਼ੰਡ ਰੇਜਿੰਗ ਡਿਨਰ ਪਾਰਟੀ