ਮੈਂ ਫ਼ਿਲਮਾਂ ਵੇਖਣ ਦਾ ਸ਼ੌਕੀਨ ਨਹੀਂ। ਮੈਂ ਤਿੰਨ ਘੰਟੇ ਥੀਏਟਰ ਜਾਂ ਟੈਲੀਵਿਜ਼ਨ ਅੱਗੇ ਤਦ ਹੀ ਬੈਠ ਸਕਦਾ ਹਾਂ ਜੇ ਫ਼ਿਲਮ ਅਰਥ-ਭਰਪੂਰ ਅਤੇ ਸਮਾਜਕ ਮਾਨਵੀ ਸਰੋਕਾਰਾਂ ਨਾਲ ਨੇੜਿਉਂ ਜੁੜੀ ਹੋਵੇ। ਕਲਾ, ਨਿਰਦੇਸ਼ਕ ਤੇ ਅਦਾਕਾਰੀ ਪੱਖ ਮਜ਼ਬੂਤ ਹੋਵੇ। ਕਿਸੇ ਮਕਸਦ-ਵਿਸ਼ੇਸ਼ ਨੂੰ ਮੱਦੇ-ਨਜ਼ਰ ਰੱਖ ਕੇ ਬਣਾਈ ਹੋਵੇ। ਹਲਕੀ ਫੁਲਕੀ ਮਨੋਰੰਜਨ ਭਰਪੂਰ ਫ਼ਿਲਮ ਮੈਂ ਤਦ ਹੀ ਵੇਖ ਸਕਦਾ ਹਾਂ ਜੇ ਅਦਾਕਾਰ ਸੰਵੇਦਨਸ਼ੀਲ ਅਤੇ ਮੇਰੀ ਪਸੰਦ ਦੇ ਹੋਣ। ਵਿਦਿਆਰਥੀ ਜੀਵਨ ਵਿਚ ਅਜਿਹੀਆਂ ਫ਼ਿਲਮਾਂ ਵੇਖਦਾ ਰਿਹਾ ਹੈ।
ਅੱਜ ਤੋਂ ਪੰਦਰਾਂ ਸਾਲ ਪਹਿਲਾਂ ਪੰਜਾਬੀ ਫ਼ਿਲਮਾਂ ਦਾ ਪ੍ਰਭਾਵ ਤੇ ਅਕਸ ਅਜਿਹਾ ਸੀ ਕਿ ਵੇਖਣ ਬਾਰੇ ਕਦੇ ਸੋਚਿਆ ਹੀ ਨਹੀਂ ਸੀ। ਹੁਣ ਜਦ ਇਹ ਧੜਾਧੜ ਬਣ ਰਹੀਆਂ ਹਨ ਅਤੇ ਬਹੁਤੀਆਂ ਦੇ ਅਦਾਕਾਰ ਪੰਜਾਬੀ ਗਾਇਕ ਹਨ ਤਾਂ ਇਨ੍ਹਾਂ ਨੂੰ ਦਰਸ਼ਕ ਨਹੀਂ ਮਿਲ ਰਹੇ। ਮੈਂ ਪੜ੍ਹਦਾ ਸੁਣਦਾ ਹਾਂ ਕਿ ਸਿਨੇਮਾਂ ਹਾਲ ʼਚ ਫ਼ਿਲਮ ਕੁਝ ਦਿਨ ਵੀ ਨਹੀਂ ਟਿਕਦੀ ਅਤੇ ਖਰਚੇ ਕੱਢਣ ਤੋਂ ਵੀ ਅਸਮਰਥ ਰਹਿੰਦੀ ਹੈ। ਪੰਜਾਬੀ ਸਕਰੀਨ ਮੈਗਜ਼ੀਨ ਦੇ ਮੁੱਖ ਸੰਪਾਦਕ ਸ਼੍ਰੀ ਦਲਜੀਤ ਸਿੰਘ ਅਰੋੜਾ ਦੇ ਆਰਟੀਕਲ ਅਤੇ ਸੰਪਾਦਕੀ ਨੋਟ ਪੜ੍ਹਨ ਵਾਲੇ ਹੁੰਦੇ ਹਨ।
ਸਮੇਂ ਨੇ, ਸਹੂਲਤਾਂ ਨੇ, ਤਕਨੀਕ ਨੇ, ਸਮਾਰਟ ਫੋਨ ਨੇ, ਸੋਸ਼ਲ ਮੀਡੀਆ ਨੇ ਸਾਡੀ ਸੋਚ, ਸਾਡੀ ਪਸੰਦ, ਸਾਡੀ ਜੀਵਨ-ਸ਼ੈਲੀ ਬਦਲ ਦਿੱਤੀ ਹੈ।
ਅੱਜ ਊਲ-ਜਲੂਲ ਅਦਾਕਾਰੀ ਵਾਲੀ ਊਲ-ਜਲੂਲ ਫ਼ਿਲਮ ਲਈ ਕੋਈ ਵੀ ਸਮਾਂ ਬਰਬਾਦ ਕਰਨ ਲਈ ਤਿਆਰ ਨਹੀਂ। ਸਮਾਂ ਬਦਲ ਗਿਆ ਹੈ। ਸਮਝ ਬਦਲ ਗਈ ਹੈ। ਸੋਸ਼ਲ ਮੀਡੀਆ ਨੇ ਸੱਭ ਨੂੰ ਸੁਚੇਤ ਕਰ ਦਿੱਤਾ ਹੈ। ਉਹੀ ਚਿਹਰੇ, ਉਹੀ ਅਦਾਕਾਰ ਜਿਨ੍ਹਾਂ ਨੂੰ ਨਾ ਅਦਾਕਾਰੀ ਆਉਂਦੀ ਹੈ, ਨਾ ਅਦਾਕਾਰੀ ਦੀ ਸਮਝ ਹੈ, ਨਾ ਉਨ੍ਹਾਂ ਦੀ ਅਦਾਕਾਰੀ ਵਿਚ ਗਹਿਰਾਈ ਹੈ। ਲੋਕ ਅੱਕ ਗਏ ਹਨ।
ਮਿਆਰੀ-ਵਿਸ਼ਾ-ਸਮੱਗਰੀ ਦੀ ਘਾਟ ਹੈ। ਬੌਧਿਕਤਾ ਦਾ ਕਾਲ ਪਿਆ ਹੋਇਆ ਹੈ। ਮਾਹਿਰ ਮੰਨਦੇ ਹਨ ਕਿ ਅੱਜ ਕੇਵਲ ਭਾਸ਼ਾ-ਪ੍ਰੇਮ ਦੇ ਬਲ ʼਤੇ ਪੰਜਾਬੀ ਫ਼ਿਲਮ ਕਾਮਯਾਬ ਨਹੀਂ ਹੋ ਸਕਦੀ। ਮਿਆਰੀ ਵਿਸ਼ਾ-ਸਮੱਗਰੀ ਦੇਣੀ ਹੀ ਪਵੇਗੀ ਕਿਉਂਕਿ ਸੋਸ਼ਲ ਮੀਡੀਆ ਤੁਹਾਡੀ ਭਾਸ਼ਾ ਵਿਚ ਵਿਸ਼ਵ-ਸਿਨੇਮਾ ਦੀ ਗੱਲ ਕਰ ਰਿਹਾ ਹੈ। ਵਿਸ਼ਵ-ਪੱਧਰੀ ਅਦਾਕਾਰੀ ਦੀ ਬਾਤ ਪਾ ਰਿਹਾ ਹੈ। ਵਿਸ਼ਵ ਪੁਰਸਕਾਰਾਂ ਬਾਰੇ ਜਾਣਕਾਰੀ ਦੇ ਰਿਹਾ ਹੈ।
ਆਦਾਕਾਰੀ ਕਮਜ਼ੋਰ, ਨਿਰਦੇਸ਼ਕ ਕਮਜ਼ੋਰ, ਫੋਟੋਗ੍ਰਾਫ਼ੀ, ਪੇਸ਼ਕਾਰੀ ਕਮਜ਼ੋਰ, ਪਟਕਥਾ ਕਮਜ਼ੋਰ ਫਿਰ ਫ਼ਿਲਮ ਮਜਬੂਤ ਕਿਵੇਂ ਬਣ ਜਾਵੇਗੀ। ਦੁਹਰਾਓ ਤੁਹਾਨੂੰ ਕਾਮਯਾਬ ਨਹੀਂ ਬਣਾ ਸਕਦਾ। ਕੁਝ ਨਾਵਾਂ, ਕੁਝ ਸੱਜਰਾ, ਕੁਝ ਸਹਿਜ, ਕੁਝ ਗੰਭੀਰ, ਕੁਝ ਮਿਆਰੀ ਲੈ ਕੇ ਆਓਗੇ ਤਾਂ ਦਰਸ਼ਕ ਘਰਾਂ ਚੋਂ ਨਿਕਲਣਗੇ। ਚਾਰ ਪਾਸੇ, ਹਰ ਖੇਤਰ ਵਿਚ ਚੁਣੌਤੀਆਂ ਹਨ ਪਰੰਤੂ ਸਮਾਂ ਬੜਾ ਬਲਵਾਨ ਹੈ। ਤਬਦੀਲੀਆਂ ਨੂੰ ਕੋਈ ਰੋਕ ਨਹੀਂ ਸਕਦਾ, ਕੁਝ ਸਮੇਂ ਲਈ ਟਾਲ ਸਕਦਾ ਹੈ।
1912-13 ਵਿਚ ਸਾਲ ਵਿਚ 25-30 ਪੰਜਾਬੀ ਫ਼ਿਲਮਾਂ ਬਣਦੀਆਂ ਸਨ। ਉਨ੍ਹਾਂ ਵਿਚੋਂ 25-30 ਫੀਸਦੀ ਕਾਮਯਾਬ ਹੁੰਦੀਆਂ ਸਨ। ਅੱਜ ਸੈਂਕੜੇ ਬਣਦੀਆਂ ਹਨ। ਸਫ਼ਲ ਕੋਈ ਵੀ ਨਹੀਂ ਹੁੰਦੀ। ਨਾ ਚਿਹਰਾ ਚੱਲਦਾ ਹੈ, ਨਾ ਨਾਂ ਚੱਲਦਾ ਹੈ, ਨਾ ਚਮਕ ਦਮਕ ਚੱਲਦੀ ਹੈ। ਲੋਕ ਉਪਰਾਮ ਹੋ ਗਏ ਹਨ। ਮਨ ਹੀ ਉੱਠ ਗਿਆ ਹੈ।
ਪੰਜਾਬੀ ਸਿਨੇਮਾ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ। ਇਉਂ ਲੱਗਦਾ ਹੈ ਜਿਵੇਂ ਪੰਜਾਬ ਕੋਲ ਕੋਈ ਮੁੱਦਾ ਹੀ ਨਹੀਂ ਹੈ। ਮਾਹਿਰ ਵਿਅੰਗ ਨਾਲ ਕਹਿੰਦੇ ਹਨ ਕਿ ਕੀ ਪੰਜਾਬ ਦਾ ਕੋਈ ਇਤਿਹਾਸ ਨਹੀਂ ਹੈ, ਕੋਈ ਸਾਹਿਤ ਨਹੀਂ ਹੈ, ਕੋਈ ਕਲਚਰ ਨਹੀਂ ਹੈ, ਕੋਈ ਸੰਘਰਸ਼ ਨਹੀਂ ਹੈ, ਕੋਈ ਸਮਾਜਕ ਸਰੋਕਾਰ ਨਹੀਂ ਹੈ, ਕੋਈ ਭੱਖਦਾ ਮਸਲਾ ਨਹੀਂ ਹੈ, ਜਿਹੜਾ ਫ਼ਿਲਮਕਾਰਾਂ, ਅਦਾਕਾਰਾਂ ਨੂੰ ਫ਼ਿਲਮ ਬਨਾਉਣ ਲਈ ਆਕਰਸ਼ਿਤ ਕਰ ਸਕੇ। ਰਸੂਲ ਹਮਜਾਤੋਵ ਐਵੇਂ ਅੱਖਾਂ ਤੇ ਕੰਨ ਖੁੱਲ੍ਹੇ ਰੱਖਣ ਦੀਆਂ ਗੱਲਾਂ ਕਰਦਾ ਰਿਹਾ।
ਦਰਅਸਲ ਕੋਈ ਅਜਿਹਾ ਅਦਾਰਾ ਨਹੀਂ ਜਿਹੜਾ ਪ੍ਰੇਰਨਾਸਰੋਤ ਬਣ ਸਕੇ। ਜਿਹੜਾ ਅਗਵਾਈ ਕਰ ਸਕੇ। ਜਿਹੜਾ ਉਤਸ਼ਾਹਿਤ ਕਰ ਸਕੇ। ਜਿਹੜਾ ਬਾਂਹ ਫੜ੍ਹ ਸਕੇ। ਜਦ ਹੋਰਨਾਂ ਖੇਤਰੀ ਭਾਸ਼ਾਵਾਂ ਦੇ ਸਿਨੇਮਾ ਵੱਲ ਵੇਖਦੇ ਹਾਂ ਤਾਂ ਅਸੀਂ ਕਿਧਰੇ ਨਹੀਂ ਖੜੋਂਦੇ। ਬੰਗਾਲੀ, ਕੰਨੜ, ਅਸਾਮੀ ਸਿਨੇਮਾ ਮਿਆਰ ਪੱਖੋਂ ਵਿਸ਼ਵ-ਸਿਨੇਮਾ ਨੂੰ ਟੱਕਰ ਦਿੰਦਾ ਹੈ। ਪਰ ਅਸੀਂ ਉਸੇ ਘੁੰਮਣਘੇਰੀ ਵਿਚ ਘੁੰਮੀ ਜਾਂਦੇ ਹਾਂ।
ਫ਼ਿਲਮ ਦੇ ਸਫ਼ਲ ਅਸਫ਼ਲ ਹੋਣ ਦਾ ਕੋਈ ਨਿਸਚਤ ਫਾਰਮੂਲਾ ਨਹੀਂ ਹੈ, ਕੋਈ ਨਿਸ਼ਚਤ ਕਾਰਨ ਨਹੀਂ ਹਨ। ਜੇਕਰ ਕੋਈ ਫਾਰਮੂਲਾ ਹੁੰਦਾ ਤਾਂ ਕੋਈ ਵੀ ਫ਼ਿਲਮ ਫੇਲ੍ਹ ਨਾ ਹੁੰਦੀ। ਪੰਜਾਬੀ ਫ਼ਿਲਮਾਂ ਨਾ ਕਲਾ ਪੱਖੋਂ ਕਾਮਯਾਬ ਹੁੰਦੀਆਂ ਹਨ ਨਾ ਕਾਰੋਬਾਰ ਪੱਖੋਂ। ਲੀਹ ਤੋਂ ਹਟ ਕੇ ਬਣੀ ਫ਼ਿਲਮ ਦੀ ਵੀ ਕੋਈ ਗਰੰਟੀ ਨਹੀਂ ਹੈ ਕਿ ਉਹ ਜ਼ਰੂਰ ਕਾਮਯਾਬ ਹੋਵੇਗੀ। ਅਜਿਹੇ ਯਤਨ ਕਈ ਫ਼ਿਲਮਾਕਾਰਾਂ ਨੇ ਕੀਤੇ ਪਰੰਤੂ ਸਫ਼ਲਤਾ ਨਹੀਂ ਮਿਲੀ। ਕਮੀ ਕਿੱਥੇ ਹੈ, ਘਾਟ ਕੀ ਰਹਿ ਜਾਂਦੀ ਹੈ ਇਸ ਸਬੰਧ ਵਿਚ ਖੁਲ੍ਹੇ ਮਨ ਨਾਲ ਵਿਚਾਰ ਚਰਚਾ ਦੀ ਲੋੜ ਹੈ। ਦਰਅਸਲ ਅਸੀਂ ਪੰਜਾਬੀ ਲੋਕ ਆਲੋਚਨਾ ਬਰਦਾਸ਼ਤ ਨਹੀਂ ਕਰ ਸਕਦੇ। ਜਿਹੜਾ ਤੁਹਾਡੀ ਕਿਸੇ ਵੀ ਤਰ੍ਹਾਂ ਆਲੋਚਨਾ ਕਰਦਾ ਹੈ ਉਸਨੂੰ ਦੁਸ਼ਮਣ ਬਣਾ ਲੈਂਦੇ ਹਾਂ। ਅਸੀਂ ਭੁੱਲ ਜਾਂਦੇ ਹਾਂ ਕਿ ਸਫ਼ਲਤਾ ਨੂੰ ਜਾਂਦਾ ਰਾਹ ਅਸਫ਼ਲਤਾ ਅਤੇ ਆਲੋਚਨਾ ਵਿਚੋਂ ਹੋ ਕੇ ਲੰਘਦਾ ਹੈ। ਮੈਂ 33 ਸਾਲ ਤੋਂ ‘ਟੈਲੀਵਿਜ਼ਨ ਸਮੀਖਿਆ’ ਕਾਲਮ ਲਿਖ ਰਿਹਾ ਹਾਂ। ਦੋਸਤ ਘੱਟ ਬਣੇ ਹਨ ਦੁਸ਼ਮਣ ਵੱਧ ਬਣ ਗਏ ਹਨ। ਹਰ ਕੋਈ ਪ੍ਰਸੰਸਾ ਚਾਹੁੰਦਾ ਹੈ, ਆਲੋਚਨਾ ਕੋਈ ਪਸੰਦ ਨਹੀਂ ਕਰਦਾ। ਸੱਚ ਕੋਈ ਬਰਦਾਸ਼ਤ ਨਹੀਂ ਕਰਦਾ। ਸੱਚ ਕੋਈ ਸੁਣਨਾ ਹੀ ਨਹੀਂ ਚਾਹੁੰਦਾ। ਦਰਅਸਲ ਪੰਜਾਬੀ ਫ਼ਿਲਮਾਂ ਦੇ ਪ੍ਰਸੰਗ ਵਿਚ ਵੀ ਲੰਮਾ ਸਮਾਂ ਇਹੀ ਹੁੰਦਾ ਰਿਹਾ। ਝੂਠੀ ਪ੍ਰਸੰਸਾ ਹੁੰਦੀ ਰਹੀ। ਅੱਜ ਵੀ ਕੁਝ ਕੁ ਫ਼ਿਲਮ ਆਲੋਚਕ ਹਨ ਜਿਹੜੇ ਸੰਤੁਲਿਤ ਤੇ ਸਹੀ ਫ਼ਿਲਮ ਸਮੀਖਿਆ ਕਰ ਰਹੇ ਹਨ। ਉਨ੍ਹਾਂ ਦੀਆਂ ਗੱਲਾਂ ਵੱਲ ਗੌਰ ਕਰਕੇ ਹੀ ਚੰਗੀ ਤੇ ਸਫ਼ਲ ਪੰਜਾਬੀ ਫ਼ਿਲਮ ਬਣਾਈ ਜਾ ਸਕਦੀ ਹੈ।
ਹੈਰਾਨੀ ਦੀ ਗੱਲ ਹੈ ਕਿ ਭਾਰਤੀ ਫ਼ਿਲਮ ਉਦਯੋਗ ʼਤੇ ਪੰਜਾਬੀ ਲੰਮਾ ਸਮਾਂ ਰਾਜ ਕਰਦੇ ਰਹੇ ਹਨ ਪਰ ਮਿਆਰੀ, ਮਨੋਰੰਜਕ ਤੇ ਅਰਥ ਭਰਪੂਰ ਪੰਜਾਬੀ ਫ਼ਿਲਮਾਂ ਬਨਾਉਣ ਵੱਲ ਕਿਸੇ ਧਿਆਨ ਨਹੀਂ ਦਿੱਤਾ। ਪੰਜਾਬੀ ਡੀਲ ਡੌਲ ਪੱਖੋਂ ਸੁਨੱਖੇ ਹਨ। ਉਨ੍ਹਾਂ ਕੋਲ ਅਦਾਕਾਰੀ ਦਾ ਹੁਨਰ ਹੈ। ਰੰਗਮੰਚ ਨਾਲ ਜੁੜੇ ਰਹੇ ਹਨ।
ਮਾਹਿਰ ਮੰਨਦੇ ਹਨ ਕਿ ਪੰਜਾਬੀ ਫ਼ਿਲਮਾਂ ਦਾ ਦਰਸ਼ਕ-ਵਰਗ ਸੀਮਤ ਹੈ। ਬਹੁਤੇ ਸੂਬਿਆਂ ਦੇ ਮੁਕਾਬਲੇ ਪੰਜਾਬ ਆਕਾਰ ਅਤੇ ਵਸੋਂ ਦੇ ਹਿਸਾਬ ਨਾਲ ਬਹੁਤ ਛੋਟਾ ਹੈ। ਨਤੀਜੇ ਵਜੋਂ ਪੰਜਾਬੀ ਫ਼ਿਲਮਾਂ ਨੂੰ ਵੱਡੀ ਪੱਧਰ ʼਤੇ ਉਹ ਮਾਨਤਾ ਨਹੀਂ ਮਿਲਦੀ ਜਿਹੜੀ ਹੋਰਨਾਂ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਨੂੰ ਮਿਲਦੀ ਹੈ। ਪੰਜਾਬੀ ਫ਼ਿਲਮਾਂ ਦੀ ਤਿਆਰੀ ਅਤੇ ਪ੍ਰਮੋਸ਼ਨ ਲਈ ਸਰਕਾਰ ਜਾਂ ਗੈਰ-ਸਰਕਾਰੀ ਪੱਧਰ ʼਤੇ ਇਮਾਰਤੀ-ਢਾਂਚਾ ਉਸਾਰਨ ਲਈ ਕੋਈ ਵਿਸ਼ਾਲ ਸੰਜੀਦਾ ਯਤਨ ਨਹੀਂ ਹੋਏ। ਇਸ ਉਦਯੋਗ ਵਿਚ ਕਿਸੇ ਨੇ ਭਰੋਸੇ ਨਾਲ ਖੁਲ੍ਹ ਕੇ ਪੈਸਾ ਨਹੀਂ ਲਗਾਇਆ ਕਿਉਂਕਿ ਲੱਗਾ ਪੈਸਾ ਡੁੱਬਣ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ। ਨਤੀਜੇ ਵਜੋਂ ਜਦ ਕੋਈ ਪੰਜਾਬੀ ਫ਼ਿਲਮ ਬਣਨੀ ਸ਼ੁਰੂ ਹੁੰਦੀ ਹੈ ਉਦੋਂ ਹੀ ਸ਼ੰਕਿਆਂ ਅਤੇ ਸੰਸਿਆਂ ਦੀ ਲੜੀ ਸ਼ੁਰੂ ਹੋ ਜਾਂਦੀ ਹੈ।
ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜਿਆ ਹਰੇਕ ਵਿਅਕਤੀ ਕਾਰਨ ਤਲਾਸ਼ ਰਿਹਾ ਹੈ ਕਿ ਆਖ਼ਰ ਦਰਸ਼ਕਾਂ ਨੇ ਪੰਜਾਬੀ ਫ਼ਿਲਮਾਂ ਤੋਂ ਕਿਉਂ ਮੂੰਹ ਮੋੜ ਲਿਆ ਹੈ। ਮੈਂ ਮਾਹਿਰਾਂ ਦੀ ਰਾਏ ਪੜ੍ਹਨ ਜਾਨਣ ਦੀ ਕੋਸ਼ਿਸ਼ ਕੀਤੀ। ਮੈਂ ਦਰਸ਼ਕ-ਮਨ ਅੰਦਰ ਝਾਕਣ ਦਾ ਉਪਰਾਲਾ ਵੀ ਕੀਤਾ। ਮੈਂ ਨੈਟ ਨੂੰ ਖੁੰਗਾਲਣ ਦਾ ਯਤਨ ਵੀ ਕਰਦਾ ਰਿਹਾ। ਸੱਭ ਕੁਝ ਨੂੰ ਰਿੜਕਣ ਉਪਰੰਤ ਕੁਝ ਸਾਂਝੇ ਕਾਰਨ ਮੱਖਣ ਵਾਂਗ ਤੈਰ ਕੇ ਉਪਰ ਆ ਗਏ।
ਹਰੇਕ ਫ਼ਿਲਮ ਵਿਚ ਉਹੀ ਕਹਾਣੀ, ਉਹੀ ਕਾਮੇਡੀ, ਉਹੀ ਅਦਾਕਾਰੀ। ਦਰਸ਼ਕਾਂ ਨੇ ਦੁਹਰਾਓ ਨੂੰ ਨਿਕਾਰ ਦਿੱਤਾ। ਫ਼ਿਲਮਕਾਰਾਂ ਨੂੰ ਫ਼ਿਲਮ ਦੀ ਕਹਾਣੀ, ਫ਼ਿਲਮ ਦੀ ਗੁਣਵਤਾ, ਫ਼ਿਲਮ ਦੇ ਮਿਆਰ ʼਤੇ ਕੰਮ ਕਰਨ ਦੀ ਲੋੜ ਹੈ। ਫ਼ਿਲਮ ਦੀ ਸ਼ੈਲੀ ਬਦਲਣ ਦੀ ਜ਼ਰੂਰਤ ਹੈ।
ਕੋਵਿਡ-19 ਨੇ ਸੱਭ ਠੱਪ ਕਰ ਦਿੱਤਾ। ਹੁਣ ਧੜਾ ਧੜ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ। ਨਿੱਤ ਨਵੀਂ ਫ਼ਿਲਮ ਦੀ ਘੋਸ਼ਨਾ ਹੋ ਰਹੀ ਹੈ। ਕਲੈਸ਼ ਵੱਧ ਗਿਆ ਹੈ। ਦੂਸਰੇ ਪਾਸੇ ਸਮਾਰਟ ਫੋਨ ਦੀ ਵਰਤੋਂ ਨਾਲ ਦਰਸ਼ਕ ਵੀ ਸਮਾਰਟ ਹੋ ਗਏ ਹਨ। ਚੰਗੇ ਮਾੜੇ ਦੀ ਪਹਿਚਾਣ ਕਰਨ ਲੱਗੇ ਹਨ। ਫ਼ਿਲਮ ਵੇਖਣਯੋਗ ਹੈ ਜਾਂ ਨਹੀਂ ਇਸਦੀ ਪਰਖ ਪੜਚੋਲ ਕਰਕੇ ਹੀ ਜਾਂਦੇ ਹਨ। ਤਿੰਨ ਘੰਟੇ ਸਮਾਰਟ ਫੋਨ ਤੋਂ ਦੂਰ ਰਹਿਣਾ ਵੀ ਕਿਹੜਾ ਸੁਖਾਲਾ ਹੈ। ਜਿਹੜਾ ਫੋਨ ਤੋਂ ਤਿੰਨ ਘੰਟੇ ਲਗਾਤਾਰ ਦੂਰ ਰਹਿ ਸਕਦਾ ਹੈ ਉਹੀ ਫ਼ਿਲਮ ਵੇਖਣ ਜਾਵੇਗਾ।
ਕਿਸੇ ਵੀ ਨਵੀਂ ਫ਼ਿਲਮ ਬਾਰੇ ਸੋਸ਼ਲ ਮੀਡੀਆ ਤੋਂ ਕਾਫ਼ੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਸੰਖੇਪ ਟਿੱਪਣੀਆਂ ਹੁੰਦੀਆਂ ਹਨ। ਲੰਮੇ ਰੀਵਿਊ ਹੁੰਦੇ ਹਨ। ਭਾਵਪੂਰਤ ਰਾਏ ਹੁੰਦੀ ਹੈ। ਉਨ੍ਹਾਂ ਨੂੰ ਪੜ੍ਹ ਸਮਝ ਕੇ ਦਰਸ਼ਕ ਫ਼ਿਲਮ ਵੇਖਣ ਬਾਰੇ ਆਪਣੀ ਸਮਾਰਟ ਸਮਝ ਵਿਕਸਤ ਕਰਦੇ ਹਨ। ਫ਼ਿਲਮ ਵੇਖਣ ਜਾਣਾ ਹੈ ਜਾਂ ਨਹੀਂ ਇਸ ਸਮਝ ʼਤੇ ਨਿਰਭਰ ਕਰਦਾ ਹੈ। ਭੇਡ ਚਾਲ ਬੰਦ ਹੋ ਗਈ ਹੈ।
ਕੋਵਿਡ-19 ਨੇ ਘਰ ਵਿਚ ਰਹਿੰਦੇ ਹੋਏ ਹੀ ਮਨੋਰੰਜਨ ਕਰਨ, ਫ਼ਿਲਮਾਂ ਵੇਖਣ ਦੀ ਲੋਕਾਂ ਨੂੰ ਆਦਤ ਪਾ ਦਿੱਤੀ ਹੈ। ਬਹੁਤੇ ਲੋਕ ਵਿਹਲੇ ਸਮੇਂ ਨੈਟਫਲਿਕਸ, ਯੂ ਟਿਊਬ ʼਤੇ ਬਿਜ਼ੀ ਰਹਿੰਦੇ ਹਨ। ਡਿਜ਼ੀਟਲ ਮੰਚ ਬਿਹਤਰ ਬਦਲ ਬਣ ਗਏ ਹਨ। ਘਰ ਬੈਠ ਕੇ ਪਰਿਵਾਰ ਨਾਲ ਆਪਣੀ ਪਸੰਦ ਦੀ ਫ਼ਿਲਮ ਵੇਖਣਾ ਉਨ੍ਹਾਂ ਨੂੰ ਅਰਾਮਦਾਇਕ ਲੱਗਦਾ ਹੈ, ਚੰਗਾ ਲੱਗਦਾ ਹੈ, ਵਧੇਰੇ ਖੁਸ਼ੀ ਦਿੰਦਾ ਹੈ। ਦਰਸ਼ਕ ਨੈਟਫਲਿਕਸ, ਓ ਟੀ ਟੀ ʼਤੇ ਫ਼ਿਲਮ ਦੇ ਉਪਲਬਧ ਹੋਣ ਦੀ ਇੰਤਜ਼ਾਰ ਕਰਦੇ ਹਨ। ਡਿਜ਼ੀਟਲ ਮੰਚਾਂ ʼਤੇ ਫ਼ਿਲਮ ਉਪਲਬਧ ਹੋਣ ਕਾਰਨ ਸਿਨੇਮਾ ਹਾਲ ਦੀਆਂ ਟਿਕਟਾਂ ਹੋਰ ਮਹਿੰਗੀਆਂ ਹੋ ਗਈਆਂ ਹਨ। ਮਹਿੰਗੀ ਟਿਕਟ ਕਾਰਨ ਵੀ ਦਰਸ਼ਕ ਨੇ ਪੰਜਾਬੀ ਫ਼ਿਲਮ ਤੋਂ ਮੂੰਹ ਮੋੜ ਲਿਆ ਹੈ। ਆਮ ਦਰਸ਼ਕ, ਆਮ ਫ਼ਿਲਮ ਵੇਖਣ ਲਈ 400 ਰੁਪਏ ਖਰਚਣ ਤੋਂ ਗੁਰੇਜ਼ ਕਰਨ ਲੱਗਾ ਹੈ। ਜੇ ਘਰ ਦੇ ਤਿੰਨ-ਚਾਰ ਮੈਂਬਰ ਜਾ ਰਹੇ ਹਨ ਤਾਂ ਇਹ ਇਕ ਰਕਮ ਬਣ ਜਾਂਦੀ ਹੈ। ਖਾਣ-ਪੀਣ ਦੇ ਖਰਚੇ ਵੱਖਰੇ।
ਹਿੰਦੀ ਫ਼ਿਲਮਾਂ ਨੂੰ ਵੀ ਦਰਸ਼ਕ ਨਹੀਂ ਮਿਲ ਰਹੇ। ਵੱਡੇ ਵੱਡੇ ਫ਼ਿਲਮਕਾਰ, ਅਦਾਕਾਰ ਘਬਰਾਏ ਹੋਏ ਹਨ। ਸਮਰੱਥ ਤੇ ਵੱਡੇ ਸਟਾਰ ਕਲਾਕਾਰਾਂ ਦੀਆਂ ਫ਼ਿਲਮਾਂ ਵੇਖਣ ਲਈ ਵੀ ਲੋਕ ਘਰਾਂ ਵਿਚੋਂ ਨਹੀਂ ਨਿਕਲ ਰਹੇ। ਸ਼ੋਅ ਰੱਦ ਹੋ ਰਹੇ ਹਨ।
ਫ਼ਿਲਮ ਦੀ ਲਾਗਤ ਬਹੁਤ ਵੱਧ ਗਈ ਹੈ। ਕਲਾਕਾਰ ਵੱਡੀਆਂ ਰਕਮਾਂ ਲੈਂਦੇ ਹਨ। ਪ੍ਰਮੋਸ਼ਨ ʼਤੇ ਬਹੁਤ ਪੈਸਾ ਖਰਚ ਹੋ ਰਿਹਾ ਹੈ। ਜਦ ਫ਼ਿਲਮ ਦਰਮਿਆਨੀ ਕਮਾਈ ਵੀ ਕਰਦੀ ਹੈ ਤਾਂ ਉਸਨੂੰ ਵੀ ਫੇਲ੍ਹ ਦੀ ਸ਼੍ਰੇਣੀ ਵਿਚ ਹੀ ਰੱਖਿਆ ਜਾਂਦਾ ਹੈ ਕਿਉਂਕਿ ਲਾਗਤ ਉਸਤੋਂ ਵਧੇਰੇ ਹੁੰਦੀ ਹੈ। ਫ਼ਿਲਮ ਬਨਾਉਣ ਦੇ, ਮੁਕੰਮਲ ਕਰਨ ਦੇ ਬੇਲੋੜੇ ਖਰਚੇ ਘਟਾਉਣੇ ਪੈਣਗੇ।
ਕੋਵਿਡ-19 ਕਾਰਨ ਲੀਹ ਤੋਂ ਲੱਥਾ ਪੰਜਾਬੀ ਫ਼ਿਲਮ ਉਦਯੋਗ ਮੁੜ ਪਟੜੀ ʼਤੇ ਨਹੀਂ ਚੜ੍ਹ ਸਕਿਆ। ਫ਼ਿਲਮਕਾਰਾਂ, ਅਦਾਕਾਰਾਂ, ਸਰਕਾਰਾਂ ਅਤੇ ਦਰਸ਼ਕਾਂ ਦੇ ਸਾਂਝੇ ਉੱਦਮ ਤੇ ਪ੍ਰਸਪਰ ਸਹਿਯੋਗ ਸਦਕਾ ਨੇੜ-ਭਵਿੱਖ ਵਿਚ ਪੰਜਾਬੀ ਸਿਨੇਮਾ ਦਾ ਮੂੰਹ-ਮੱਥਾ ਸੰਵਰ ਸਕਦਾ ਹੈ।
—— 0 ——
Entertainment ਪੰਜਾਬੀ ਫ਼ਿਲਮਾਂ ਨੂੰ ਕਿਉਂ ਨਹੀਂ ਮਿਲ ਰਹੇ ਦਰਸ਼ਕ ? – ਪ੍ਰੋ. ਕੁਲਬੀਰ...