ਚੰਡੀਗੜ੍ਹ – ਇਥੇ 19 ਜਨਵਰੀ ਦਿਨ ਵੀਰਵਾਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਆਜ਼ਾਦ ਤੇ ਨਿਰਪੱਖ ਕਰਵਾਉਣ ਦੇ ਲਈ ਇਸ ਵਾਰ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ‘ਚ ਪਹਿਲੀ ਵਾਰ 200 ਪੋਲਿੰਗ ਬੂਥਾਂ ‘ਤੇ ਚੱਲ ਰਹੀ ਚੋਣ ਪ੍ਰਕਿਰਿਆ ਦਾ ਵੈਬ ਕਾਸਟਿੰਗ ਰਾਹੀਂ ਸਿੱਧਾ ਪ੍ਰਸਾਰਣ ਕਰਾਉਣ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬੂਥਾਂ ‘ਤੇ ਵੈਬ ਕਾਸਟਿੰਗ ਰਾਹੀਂ ਸਵੇਰੇ 8 ਵਜੇ ਤੋਂ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੱਕ ਸਿੱਧਾ ਪ੍ਰਸਾਰਣ ਹੁੰਦਾ ਰਹੇਗਾ ਤੇ ਇਸ ਲਈ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਦੀ ਸਹਾਇਤਾ ਵੀ ਲਈ ਗਈ ਹੈ। ਇਸ ਕੰਮ ਲਈ 11 ਤਕਨੀਕੀ ਕਾਲਜਾਂ ਨੂੰ ਨਾਲ ਜੋੜਿਆ ਗਿਆ ਹੈ ਤੇ 20 ਵਿਦਿਆਰਥੀ ਹਰ ਬੂਥ ‘ਤੇ ਹਾਜ਼ਰ ਰਹਿਣਗੇ। ਇਨ੍ਹਾਂ ਵਿਦਿਆਰਥੀਆਂ ਨੂੰ ਇਕ ਲੈਪਟਾਪ ਤੇ ‘ਵੈਬ ਕੈਮ’ ਮੁਹੱਈਆ ਕਰਵਾਇਆ ਜਾਵੇਗਾ। ਇਸ ਸਿੱਧੇ ਪ੍ਰਸਾਰਣ ਨੂੰ ਕੇਵਲ ਚੋਣ ਕਮਿਸ਼ਨ ਦੇ ਅਧਿਕਾਰੀ ਹੀ ਵੇਖ ਸਕਣਗੇ। ‘ਪੇਡ ਨਿਊਜ਼’ ਬਾਰੇ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਟੀਮਾਂ ਇਨ੍ਹਾਂ ‘ਤੇ ਤਿੱਖੀ ਨਿਗ੍ਹਾ ਰੱਖ ਰਹੀਆਂ ਹਨ ਤੇ ਹਰ ਉਮੀਦਵਾਰ ਦੇ ਚੋਣ ਖਰਚੇ ਸਬੰਧੀ ‘ਸ਼ੈਡੋ ਰਜਿਸਟਰ’ ਤਿਆਰ ਕੀਤਾ ਜਾਵੇਗਾ। ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਸਿੱਧੂ ਦੇ ਨਾਲ ਹਾਜ਼ਰ ਸੰਯੁਕਤ ਮੁੱਖ ਚੋਣ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ‘ਚ ਪਹਿਲੀ ਵਾਰ ਆਪਣੀ ਤਰ੍ਹਾਂ ਦਾ ਇਕ ਸਰਵੇ ਕੀਤਾ ਗਿਆ ਹੈ, ਜਿਸ ਰਾਹੀਂ ਸੂਬੇ ਭਰ ‘ਚ 999 ਸੰਵੇਦਨਸ਼ੀਲ ਇਲਾਕਿਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ ਸਭ ਨਾਲੋਂ ਵੱਧ ਗੁਰਦਾਸਪੁਰ ਜ਼ਿਲ੍ਹੇ ‘ਚ 457, ਅੰਮ੍ਰਿਤਸਰ ‘ਚ 113, ਮੋਗਾ ‘ਚ 118 ਹਨ ਜਦੋਂ ਕਿ ਮੁਕਤਸਰ, ਫ਼ਰੀਦਕੋਟ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਤਰਨਤਾਰਨ, ਪਠਾਨਕੋਟ ਤੇ ਕਪੂਰਥਲਾ ‘ਚ ਕੋਈ ਅਜਿਹਾ ਇਲਾਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ‘ਚ ਕੇਂਦਰੀ ਨੀਮ ਸੁਰੱਖਿਆ ਬਲ/ਮਾਈਕ੍ਰੋ ਅਬਜ਼ਰਵਰ ਨਿਯੁਕਤ ਕੀਤੇ ਜਾਣਗੇ ਜਾਂ ਫਿਰ ਇਨ੍ਹਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ। ਇਨ੍ਹਾਂ ਇਲਾਕਿਆਂ ‘ਚ ਸੁਰੱਖਿਆ ਦਸਤਿਆਂ ਵਲੋਂ ਚੋਣਾਂ ਤੋਂ ਪਹਿਲਾਂ ਤੇ ਵੋਟਾਂ ਦੌਰਾਨ ਲਗਾਤਾਰ ਫਲੈਗ ਮਾਰਚ ਕੀਤਾ ਜਾਵੇਗਾ ਤੇ ਸ਼ਰਾਰਤੀ ਅਨਸਰਾਂ ‘ਤੇ ਸਖ਼ਤ ਨਜ਼ਰ ਰੱਖੀ ਜਾਵੇਗੀ।
Indian News ਪੰਜਾਬ ‘ਚ ਪਹਿਲੀ ਵਾਰ ਚੋਣ ਪ੍ਰਕਿਰਿਆ ਦਾ ਵੈਬ ਕਾਸਟਿੰਗ ਰਾਹੀਂ ਸਿੱਧਾ ਪ੍ਰਸਾਰਣ