ਚੰਡੀਗੜ੍ਹ – 14ਵੀਂ ਪੰਜਾਬ ਵਿਧਾਨ ਸਭਾ ਲਈ ਪਈਆਂ ਵੋਟਾਂ ਦੇ 6 ਮਾਰਚ ਨੂੰ ਨਤੀਜੇ ਆਉਣ ਤੋਂ ਬਾਅਦ ਜਾਰੀ ਵੋਟ ਪ੍ਰਤੀਸ਼ਤ ਦੇ ਆਂਕੜੇ ਦਰਸ਼ਾਉਂਦੇ ਹਨ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਮੁੜ ਸੂਬੇ ਦੀ ਹਕੂਮਤ ‘ਤੇ ਕਾਬਜ਼ ਹੋ ਗਿਆ ਹੈ ਪਰ ਉਨ੍ਹਾਂ ਦਾ ਵੋਟ ਪ੍ਰਤੀਸ਼ਤ ਘਟਿਆ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ 41.88% ਵੋਟਾਂ ਮਿਲੀਆਂ ਹਨ। ਅਕਾਲੀ ਦਲ ਅਤੇ ਭਾਜਪਾ ਗਠਜੋੜ ਨੇ 117 ਵਿਚੋਂ 68 ਸੀਟਾਂ ਹਾਸਲ ਕੀਤੀਆਂ ਹਨ ਜਦੋਂ ਕਿ ਕਾਂਗਰਸ ਪਾਰਟੀ ਨੂੰ 40.11% ਵੋਟ ਪਈਆਂ ਪਰ ਉਹ 46 ਸੀਟਾਂ ਹੀ ਜਿੱਤ ਸੱਕੀ। ਵੇਖਿਆ ਜਾਏ ਤਾਂ ਅਕਾਲੀ ਭਾਜਪਾ ਗਠਜੋੜ ਮਹਿਜ਼ 1.77% ਵੋਟਾਂ ਦੇ ਪਏ ਅੰਤਰ ਨਾਲ ਹੀ ਸੂਬੇ ਦੀ ਹਕੂਮਤ ‘ਤੇ ਕਾਬਜ਼ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਨੂੰ 48,28,603 ਵੋਟਾਂ ਮਿਲੀਆਂ, ਜੋ ਕਿ 34.75% ਬਣਦੀਆਂ ਹਨ। ਭਾਜਪਾ ਨੂੰ 9,91,098 ਵੋਟਾਂ ਮਿਲੀਆਂ ਜੋ 7.13% ਬਣਦਾ ਹੈ। ਕਾਂਗਰਸ ਨੂੰ 55,72,724 ਵੋਟਾਂ ਮਿਲੀਆਂ, ਜੋ ਕਿ 40.11% ਬਣਦੀਆਂ ਹਨ। ਸੂਬੇ ਵਿੱਚ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੋਟਾਂ ਵੱਧ ਮਿਲੀਆਂ ਪਰ ਸੀਟਾਂ ਘਟ ਪ੍ਰਾਪਤ ਹੋਈਆਂ। ਪਹਿਲੀ ਵਾਰ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਧਾਨ ਸਭਾ ਚੋਣਾਂ ਲੜਨ ਵਾਲੀ ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ 7,17,702 ਵੋਟਾਂ ਮਿਲੀਆਂ, ਜੋ 5.17% ਬਣਦੀਆਂ ਹਨ। ਜ਼ਿਕਰਯੋਗ ਹੈ ਕਿ ਪੀਪੀਪੀ ਦਾ ਕੋਈ ਵੀ ਉਮੀਦਵਾਰ ਜਿੱਤ ਨਹੀਂ ਸੱਲਿਆ ਇਥੋਂ ਤੱਕ ਕੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਆਪ ਦੋਵੇਂ ਥਾਂ ਤੋਂ ਹਾਰ ਗਏ। ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਨੂੰ 5,97,026 ਵੋਟਾਂ ਮਿਲੀਆਂ, ਜੋ ਕਿ 4.30% ਬਣਦੀਆਂ ਹਨ। ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਖੜ੍ਹੇ ਆਜ਼ਾਦ ਉਮੀਦਵਾਰਾਂ ਨੂੰ 9,38,771 ਵੋਟਾਂ ਮਿਲੀਆਂ, ਜੋ 6.76% ਬਣਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ .28%, ਸੀ.ਪੀ.ਆਈ. ਨੂੰ .82%, ਸੀ.ਪੀ.ਐਮ. ਨੂੰ .16% ਵੋਟਾਂ ਪ੍ਰਾਪਤ ਹੋਈਆਂ ਹਨ। ਗੌਰਤਲਬ ਹੈ ਕਿ ਸਾਲ 2007 ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ 46,89,018 ਵੋਟਾਂ ਮਿਲੀਆਂ ਸਨ ਜੋ 37.09% ਬਣਦੀਆਂ ਸਨ। ਕਾਂਗਰਸ ਨੂੰ 51,70,055 ਵੋਟਾਂ ਮਿਲੀਆਂ ਸਨ ਜੋ 38.81% ਬਣਦੀ ਸੀ। ਅਕਾਲੀ ਦਲ ਨੇ ਇਸ ਵਾਰੀ ਆਪਣਾ ਵੋਟ ਬੈਂਕ ਜ਼ਰੂਰ ਘਟਾ ਲਿਆ ਪਰ ਸੀਟਾਂ ਪੱਖੋ ਬਾਜ਼ੀ ਮਾਰ ਲਈ ਅਤੇ ਪੰਜਾਬ ਦੀ ਹਕੂਮਤ ‘ਤੇ ਮੁੜ ਕਬਜ਼ਾ ਕਰ ਲਿਆ।
Indian News ਪੰਜਾਬ ਵਿੱਚ ਪਾਰਟੀਆਂ ਦਾ ਵੋਟ ਤੇ ਪ੍ਰਤੀਸ਼ਤ