ਚੰਡੀਗੜ੍ਹ (ਏਜੰਸੀ) – ਇੱਥੇ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਕਿਹਾ ਕਿ ਇਸੇ ਸਾਲ 15 ਸਤੰਬਰ ਤੋਂ 15 ਅਕਤੂਬਰ ਤੱਕ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਸੂਬੇ ਭਰ ‘ਚ ਸਮੁੱਚੇ ਪਸ਼ੂਆਂ ਦੀ ਗਣਨਾ ਕਰਵਾਈ ਜਾਵੇਗੀ ਅਤੇ ਇਸ ਕਾਰਜ ਲਈ 7.29 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।
ਸ. ਰਣੀਕੇ ਨੇ ਦੱਸਿਆ ਕਿ ਸੂਬੇ ਅੰਦਰ ਪਸ਼ੂਆਂ ਦੀ ੧੯ਵੀਂ ਗਣਨਾ ਦੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਕਾਰਜ ਨੂੰ 800 ਸੁਪਰਵਾਈਜਰਾਂ, ਵੈਟਨਰੀ ਇੰਸਪੈਕਟਰਾਂ, ਏ. ਆਈ. ਵਰਕਰਾਂ ਸਮੇਤ ਕੁੱਲ 5000 ਗਿਣਤੀਕਾਰ ਪੂਰਾ ਕਰਨਗੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਵਿਭਾਗ ਵਲੋਂ ਸ਼ੁਰੂ ਕੀਤੇ ਜਾ ਰਹੇ ਇਸ ਕਾਰਜ ‘ਚ ਸਾਥ ਦੇਣ ਤੇ ਸਹੀ ਜਾਣਕਾਰੀ ਦੇਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਲੋਂ ਸਮੇਂ-ਸਮੇਂ ‘ਤੇ ਪਸ਼ੂਆਂ ਦੀ ਭਲਾਈ ਅਤੇ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਉਤਸ਼ਾਹਤ ਕਰਨ ਲਈ ਸਕੀਮਾਂ ਬਣਾਈਆਂ ਜਾਂਦੀਆਂ ਹਨ।
ਸ. ਰਣੀਕੇ ਨੇ ਕਿਹਾ ਕਿ ਸੂਬੇ ਵਿੱਚ ਪਸ਼ੂਆਂ ਦੀ ਸਹੀ ਗਿਣਤੀ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵਲੋਂ ਬਣਾਈਆਂ ਜਾਂਦੀਆਂ ਸਕੀਮਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਹੋ ਸਕਣਗੀਆਂ। ਪਸ਼ੂ ਪਾਲਣ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਪਸ਼ੂਧਨ ਗਣਨਾ ਵਿੱਚ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੋਤਾਹੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Indian News ਪੰਜਾਬ ‘ਚ 15 ਸਤੰਬਰ ਤੋਂ ਪਸ਼ੂਆਂ ਦੀ ਗਣਨਾ – ਰਣੀਕੇ