
‘ਖ਼ਬਰਸਾਰ-2018’ ਐਵਾਰਡ ਨਾਲ ਕੀਤਾ ਸਨਮਾਨਿਤ
ਕੈਲਗਰੀ, 14 ਅਗਸਤ (ਹਰਬੰਸ ਬੁੱਟਰ) – ਕਨੇਡਾ ਅਤੇ ਪੰਜਾਬ ਦਰਮਿਆਨ ਖ਼ਬਰਾਂ ਅਤੇ ਹੋਰ ਟੀ ਵੀ ਪ੍ਰੋਗਰਾਮਾਂ ਦੇ ਜ਼ਰੀਏ ਪੁਲ ਦਾ ਕੰਮ ਕਰਨ ਵਾਲੇ ਪੱਤਰਕਾਰ ਸਵਰਨ ਟਹਿਣਾ ਇੰਨੀ ਦਿਨੀਂ ਕਨੇਡਾ ਫੇਰੀ ਉੱਪਰ ਹਨ। ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦੀ ਲਿਖਣ ਅਤੇ ਬੋਲਣ ਸ਼ੈਲੀ ਦੀ ਬੇਬਾਕੀ, ਸ਼ੁੱਧਤਾ, ਉੱਪਰ ਪਕੜ ਉਪਰੰਤ ਪੇਸ਼ਕਾਰੀ ਦੇ ਸਨਮਾਨ ਵਜੋਂ ਕਨੇਡਾ ਤੋਂ ਛੱਪਦੇ ਪੰਜਾਬੀ ਅਖ਼ਬਾਰ ਵੱਲੋਂ ਮਾਨ ਸਨਮਾਨ ਅਤੇ ਕੈਲਗਰੀ ਵਾਸੀਆਂ ਨਾਲ ਖੁੱਲ੍ਹੀਆਂ ਗੱਲਾਂਬਾਤਾਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਪੰਜਾਬੀ ਸਾਹਿਤ ਸਭਾ ਵੱਲੋਂ ਮਾਣ ਪੱਤਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਪ੍ਰਧਾਨ ਸੁਰਿੰਦਰ ਗੀਤ ਵੱਲੋਂ ਪੜ੍ਹਿਆ ਅਤੇ ਭੇਂਟ ਕੀਤਾ ਗਿਆ। ਮਲਕੀਤ ਸਿੱਧੂ ਨੇ ਵਿਅੰਗਮਈ ਕਵਿਤਾ ਦੇ ਜ਼ਰੀਏ ਟਹਿਣਾ ਨੂੰ ਜੀ ਆਇਆਂ ਨੂੰ ਕਿਹਾ। ਲੋਕ ਗਾਇਕ ਜਰਨੈਲ ਐਲੋਂ ਨੇ ਮਾਂ ਬੋਲੀ ਪੰਜਾਬੀ ਬਾਰੇ ਬੁਲੰਦ ਆਵਾਜ਼ ਵਿੱਚ ਬੋਲ ਬੋਲੇ। ਜ਼ੀਰੇ ਵਾਲੇ ਕਵੀਸ਼ਰ ਮਾਸਟਰ ਬਚਿੱਤਰ ਗਿੱਲ ਨੇ ‘ਕਿਸ ਕਿਸ ਨੂੰ ਪੂਜੋਗੇ ਫਿਰਦੇ ਹਨ ਸਾਧਾਂ ਦੇ ਟੋਲੇ’ ਗਾਉਣ ਤੋਂ ਬਾਦ ਪੰਜਾਬੀ ਅਖ਼ਬਾਰ ਦੇ ਸੰਪਾਦਕ ਹਰਬੰਸ ਬੁੱਟਰ ਨੇ ਸਵਰਨ ਟਹਿਣਾ ਦੀ ਇਸ ਫੇਰੀ ਬਾਰੇ ਕੈਲਗਰੀ ਵਿੱਚ ਵੱਸਦੇ ਉਸ ਨੂੰ ਚਾਹੁਣ ਵਾਲਿਆਂ ਦੇ ਮਨ ਦੀ ਬਾਤ ਕਰਦਿਆਂ ਸ਼ਬਦੀ ਪਲੈਕ ਦੇ ਜ਼ਰੀਏ ਮਾਣ ਦਿੱਤਾ। ‘ਨੀ ਅੱਜ ਕੋਈ ਆਇਆ ਸਾਡੇ ਵਿਹੜੇ’ ਦੀ ਰੀਤ ਅਨੁਸਾਰ ਸ਼ਗਨਾਂ ਭਰੀ ਜੀ ਆਇਆਂ ਨੂੰ ਕਹਿੰਦੀ ਲਾਲ ਸੁਰਖ਼ ਪੋਟਲੀ, ਦਰਸ਼ਨ ਸਿੱਧੂ, ਗੁਰਪ੍ਰੀਤ ਸਿੱਧੂ ਰਾਣਾ, ਪਾਲ ਸੇਖੋਂ, ਜਗਰੂਪ ਕਾਹਲੋਂ, ਰਿੱਕੀ ਕਲੇਰ, ਲੋਕ ਗਾਇਕ ਦਰਸ਼ਨ ਖੇਲਾ, ਬਿੱਕਰ ਸੰਧੂ, ਰਾਜ ਚਾਹਲ ਅਤੇ ਰਿਸ਼ੀ ਨਾਗਰ ਨੇ ਭੇਂਟ ਕੀਤੀ। ਇਸ ਉਪਰੰਤ ਸਵਰਨ ਟਹਿਣਾ ਨੇ ਇੱਕ ਘੰਟੇ ਤੋਂ ਵੀ ਜ਼ਿਆਦਾ ਸਮਾਂ ਪੰਜਾਬੀਆ ਦੇ ਖਚਾਖਚ ਭਰੇ ਹੋਏ ਵੱਡ-ਆਕਾਰੀ ਹਾਲ ਅੰਦਰ ਪੰਜਾਬ ਅਤੇ ਪੰਜਾਬੀ ਦੀ ਮੌਜੂਦਾ ਪੱਤਰਕਾਰੀ ਬਾਰੇ ਗੱਲਾਂਬਾਤਾਂ ਕੀਤੀਆਂ। ਦਿਨੋਂ ਦਿਨ ਉੱਸਰਦੇ ਗੁੰਬਦਾਂ ਵਾਲੇ ਧਾਰਮਿਕ ਸਥਾਨ, ਤਾਂਤਰਿਕ ਜਗਤ ਦਾ ਮੀਡੀਆ ਜ਼ਰੀਏ ਕੂੜ ਪ੍ਰਚਾਰ, ਲੋਕਾਂ ਦੇ ਖ਼ਬਰ ਜਗਤ ਨਾਲ ਸਬੰਧਾਂ ਬਾਰੇ ਜੰਮ ਕੇ ਗੱਲਾਂ ਹੋਈਆਂ। ਬੁਲਾਰਿਆਂ ਅਤੇ ਹਾਲ ਅੰਦਰ ਪੁੱਜੇ ਦਰਸ਼ਕ ਰੂਪੀ ਸਰੋਤਿਆਂ ਨਾਲ ਜੋੜਨ ਦੀ ਜ਼ਿੰਮੇਵਾਰੀ ਰੇਡੀਓ ਰੈੱਡ ਐਫ ਐਮ ਕੈਲਗਰੀ ਦੇ ਨਿਊਜ਼ ਮੈਨੇਜਰ ਰਿਸ਼ੀ ਨਾਗਰ ਨੇ ਨਿਭਾਈ। ਵਰਨਣਯੋਗ ਹੈ ਕਿ ਸਵਰਨ ਟਹਿਣਾ ਲੰਮੇ ਅਰਸੇ ਤੋਂ ‘ਪੰਜਾਬੀ ਅਖ਼ਬਾਰ’ ਵਿੱਚ ਆਪਣਾ ਕਾਲਮ ‘ਟਹਿਣੇ ਦੇ ਕੀ ਕਹਿਣੇ’ ਰਾਹੀਂ ਪੰਜਾਬ ਦੀਆਂ ਰਾਜਨੀਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੋੜ ਕੇ ਰੱਖਦੇ ਹਨ।