ਪੰਜਾਬ ਦੇਸ਼ ਵਿੱਚ ਕਮਾਈ ‘ਚ ਪਿੱਛੇ ਪਰ ਖ਼ਰਚੇ ‘ਚ ਮੋਹਰੀ

 

ਚੰਡੀਗੜ੍ਹ – ਪੰਜਾਬੀਆਂ ਬਾਰੇ ਪਹਿਲਾਂ ਹੀ ਮਸ਼ਹੂਰ ਹੈ ਕਿ ਉਹ ਵੱਡੇ ਦਿੱਕ ਵਾਲੇ ਅਤੇ ਖ਼ਰਚਾ ਕਰਨ ਤੋਂ ਪਿੱਛੇ ਨਹੀਂ ਹੱਟ ਦੇ ਹਨ। ਇਸ ਗੱਲ ਦਾ ਖੁਲਾਸਾ ਪੰਜਾਬ ਸਰਕਾਰ ਦੇ ਆਰਥਿਕ ਅਤੇ ਅੰਕੜਾ ਵਿਭਾਗ ਦੀ ਸਾਲ 2011-12 ਦੀ ਆਰਥਿਕ ਸਰਵੇਖਣ ਰਿਪੋਰਟ ‘ਚ ਹੋਇਆ ਹੈ। 20 ਜੂਨ ਨੂੰ ਵਿਧਾਨ ਸਭਾ ‘ਚ ਪੇਸ਼ ਕੀਤੀ ਗਈ ਸਰਵੇਖਣ ਰਿਪੋਰਟ ਮੁਤਾਬਕ ਪੰਜਾਬ ਸੂਬਾ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਦੇਸ਼ ਭਰ ਵਿੱਚੋਂ 9ਵੇਂ ਸਥਾਨ ‘ਤੇ ਹੈ ਪਰ ਦਿਹਾਤੀ ਖੇਤਰਾਂ ਵਿੱਚ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ ਖਰਚ ਕਰਨ ਵਿੱਚ ਪੰਜਾਬ ਕੇਰਲ ਨੂੰ ਛੱਡ ਕੇ ਦੇਸ਼ ਭਰ ਵਿੱਚ ਦੂਜੇ ਸਥਾਨ ‘ਤੇ ਹੈ। ਸ਼ਹਿਰੀ ਖੇਤਰਾਂ ਦੇ ਮਾਮਲੇ ਵਿੱਚ ਇਹ ਦੇਸ਼ ਭਰ ਵਿੱਚੋਂ 5ਵੇਂ ਸਥਾਨ ‘ਤੇ ਹੈ। ਸੂਬੇ ਦੀ ਪ੍ਰਤੀ ਵਿਅਕਤੀ ਆਮਦਨ ਵਿੱਚ 2004-05 ਤੋਂ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਪਰ ਉਹ ਅਜੇ ਵੀ ਦਿੱਲੀ, ਗੋਆ, ਮਹਾਰਾਸ਼ਟਰ, ਹਰਿਆਣਾ, ਗੁਜਰਾਤ, ਤਾਮਿਲਨਾਡੂ, ਕੇਰਲ ਅਤੇ ਹਿਮਾਚਲ ਪ੍ਰਦੇਸ਼ ਤੋਂ ਬਾਅਦ 9ਵੇਂ ਸਥਾਨ ‘ਤੇ ਹੈ। ਇਸ ਤੋਂ ਇਲਾਵਾ ਖਰਚੇ ਦੇ ਲਿਹਾਜ਼ ਨਾਲ ਪੰਜਾਬੀ ਦੂਜੇ ਨੰਬਰ ‘ਤੇ ਹਨ। ਪੰਜਾਬ ‘ਚ ਬੇਰੁਜ਼ਗਾਰੀ ਜ਼ਿਆਦਾ ਹੈ। ਰਿਪੋਰਟ ਅਨੁਸਾਰ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਸੰਬੰਧੀ ਮੰਤਰਾਲੇ ਵਲੋਂ ਸਾਲ 2009-10 ਦੌਰਾਨ ਕੀਤੇ ਗਏ ਸੈਂਪਲ ਸਰਵੇਖਣ ਦੀ ਰਿਪੋਰਟ ਵਿੱਚ ਪੰਜਾਬ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਪ੍ਰਤੀ 1 ਹਜ਼ਾਰ ‘ਤੇ 42 ਜਦੋਂ ਕਿ ਰਾਸ਼ਟਰੀ ਪੱਧਰ ‘ਤੇ ਬੇਰੁਜ਼ਗਾਰਾਂ ਦੀ ਗਿਣਤੀ ਪ੍ਰਤੀ 1 ਹਜ਼ਾਰ ‘ਤੇ ਸਿਰਫ਼ 25 ਹੈ।