ਪਰਵਾਸੀ ਪੰਜਾਬੀਆਂ ਦੀਆਂ ਆਸਾਂ ‘ਤੇ ਖਰੇ ਉੱਤਰਨ ਲਈ ਸੁਖਬੀਰ ਤੇ ਮਜੀਠੀਆ ਨੂੰ ਥਾਪੜਾ
ਸੁਖਬੀਰ ਵੱਲੋਂ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਤਰੱਕੀ ਵਿੱਚ ਭਾਈਵਾਲ ਬਣਨ ਦਾ ਸੱਦਾ
ਸ੍ਰੀ ਅਨੰਦਪੁਰ ਸਾਹਿਬ, ੧੦ ਜਨਵਰੀ – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਦੁਨੀਆਂ ਭਰ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ‘ਅਸੀਮ ਪੰਜਾਬੀ ਸ਼ਕਤੀ’ ਨੂੰ ਇਕੱਠਾ ਕਰਕੇ ਪੰਜਾਬ ਨੂੰ ਵਿਸ਼ਵ ਦਾ ਬਿਹਤਰੀਨ ਖ਼ਿੱਤਾ ਬਣਾਉਣ ਲਈ ਹੰਭਲਾ ਮਾਰਨ।
ਇੱਥੋਂ ਦੇ ਵਿਰਾਸਤ-ਏ-ਖਾਲਸਾ ਦੇ ਆਡੀਟੋਰੀਅਮ ਵਿੱਚ ਪਰਵਾਸੀ ਪੰਜਾਬੀ ਸੰਮੇਲਨ-੨੦੧੪ ਦੇ ਪਹਿਲੇ ਦਿਨ ਹੋਏ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਜੇ ਸਮੂਹ ਪੰਜਾਬ ਵਾਸੀ, ਸੂਬਾ ਸਰਕਾਰ ਅਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਸਾਂਝੇ ਤੌਰ ‘ਤੇ ਯਤਨ ਕਰਨ ਤਾਂ ਕੋਈ ਕਾਰਨ ਨਹੀਂ ਕਿ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ‘ਤੇ ਨਾ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਵਿਦੇਸ਼ਾਂ ਤੋਂ ਆਏ ਡੈਲੀਗੇਟਾਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਉਨ੍ਹਾਂ ਦਾ ਵੀ ਇਹ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਮਾਤ-ਭੂਮੀ ਦੀ ਤਰੱਕੀ ਅਤੇ ਇੱਥੋਂ ਦੇ ਲੋਕਾਂ ਖ਼ਾਸ ਕਰਕੇ ਪਛੜੇ ਵਰਗਾਂ ਦੀ ਬਿਹਤਰੀ ਲਈ ਆਪਣਾ ਬਣਦਾ ਯੋਗਦਾਨ ਪਾਉਣ। ਵਿਦੇਸ਼ੀ ਪੰਜਾਬੀਆਂ ਵੱਲੋਂ ਹੱਡ-ਭੰਨਵੀਂ ਮਿਹਨਤ ਰਾਹੀਂ ਕੀਤੀ ਲਾ ਮਿਸਾਲ ਤਰੱਕੀ ਦੀ ਸ਼ਲਾਘਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਿਰਫ਼ ਪੂੰਜੀਕਾਰੀ ਰਾਹੀਂ ਹੀ ਨਹੀਂ ਸਗੋਂ ਉਹ ਨਵੇਂ ਗਿਆਨ, ਤਕਨਾਲੋਜੀ ਅਤੇ ਤਜਰਬੇ ਰਾਹੀਂ ਵੀ ਪੰਜਾਬ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੇ ਹਨ।
ਡੈਲੀਗੇਟਾਂ ਵੱਲੋਂ ਆਏ ਸੁਝਾਵਾਂ ਪ੍ਰਤੀ ਹੁੰਗਾਰਾ ਭਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੰਟਰਨੈਸ਼ਨਲ ਪੰਜਾਬੀ ਚੈਂਬਰ ਆਫ਼ ਕਾਮਰਸ ਦੀ ਸਥਾਪਨਾ ਲਈ ਤੁਰੰਤ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਉਨ੍ਹਾਂ ਨੇ ਇਸ ਚੈਂਬਰ ਨੂੰ ਕਾਇਮ ਕਰਕੇ ਵੱਖ-ਵੱਖ ਮੁਲਕਾਂ ਵਿੱਚ ਇਸ ਦੇ ਦਫ਼ਤਰ ਖੋਲ੍ਹਣ ਲਈ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਢੁਕਵੀਂ ਕਾਰਵਾਈ ਸ਼ੁਰੂ ਕਰਨ ਲਈ ਆਖਿਆ ਤਾਂ ਕਿ ਪਰਵਾਸੀ ਪੰਜਾਬੀਆਂ ਦੀ ਲਿਆਕਤ, ਤਜਰਬੇ ਅਤੇ ਸਾਧਨਾਂ ਦਾ ਪੰਜਾਬ ਦੀ ਤਰੱਕੀ….. ਲਈ ਲਾਹਾ ਲਿਆ ਜਾ ਸਕੇ। ਸ. ਬਾਦਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਤੇ ਵੱਖ-ਵੱਖ ਖੇਤਰਾਂ ਦੇ ਮਾਹਿਰ ਪੰਜਾਬੀਆਂ ਦੀਆਂ ਕਮੇਟੀਆਂ ਕਾਇਮ ਕਰਕੇ ਵੀ ਉਨ੍ਹਾਂ ਦੀ ਮੁਹਾਰਤ ਦਾ ਫ਼ਾਇਦਾ ਪੰਜਾਬ ਦੀ ਬਿਹਤਰੀ ਲਈ ਲਿਆ ਜਾ ਸਕਦਾ ਹੈ।
ਸ. ਬਾਦਲ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਦਾ ਟੀਚਾ ਪੰਜਾਬ ਨੂੰ ਅਜਿਹਾ ਸੂਬਾ ਬਣਾਉਣ ਦਾ ਹੈ ਜਿੱਥੇ ਵਿਦੇਸ਼ਾਂ ਵਿਚੋਂ ਲੋਕ ਸਿੱਖਿਆ ਹਾਸਲ ਕਰਨ, ਇਲਾਜ ਕਰਵਾਉਣ ਅਤੇ ਇੱਥੋਂ ਦੀ ਤਰੱਕੀ ਤੋਂ ਪ੍ਰੇਰਨਾ ਲੈਣ ਲਈ ਆਇਆ ਕਰਨਗੇ। ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਉਹ ਅਜਿਹੇ ਵਿਸ਼ਵ ਪੱਧਰੀ ਸਕੂਲ ਸਥਾਪਤ ਕਰਨ ਵਿੱਚ ਸਹਿਯੋਗ ਦੇਣ ਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਦੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਲਈ ਆਇਆ ਕਰਨ ਤਾਂ ਜੋ ਉਹ ਮਿਆਰੀ ਸਿੱਖਿਆ ਹਾਸਲ ਕਰਨ ਦੇ ਨਾਲ-ਨਾਲ ਆਪਣੇ ਅਮੀਰ ਸਭਿਆਚਾਰਕ, ਇਤਿਹਾਸਕ ਅਤੇ ਧਾਰਮਿਕ ਵਿਰਸੇ ਨਾਲ ਵੀ ਜੁੜੇ ਰਹਿ ਸਕਣ।
ਪੰਜਾਬ ਨੂੰ ਵਿਕਾਸ ਦੇ ਅਗਲੇ ਪੜਾਅ ‘ਤੇ ਲਿਜਾਣ ਵਿੱਚ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਰੀਆਂ ਵਿੱਤੀ ਤੇ ਪ੍ਰਸ਼ਾਸਕੀ ਸ਼ਕਤੀਆਂ ਆਪਣੇ ਹੱਥ ਵਿੱਚ ਲੈ ਲੈਣ ਕਾਰਨ ਸੂਬਿਆਂ ਦੀ ਹਾਲਤ ਮਹਿਜ਼ ਨਗਰ ਕੌਂਸਲਾਂ ਵਾਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਜਿਨ੍ਹਾਂ ਚਿਰ ਹਕੀਕੀ ਫੈਡਰਲ ਢਾਂਚਾ ਕਾਇਮ ਨਹੀਂ ਹੋ ਜਾਂਦਾ, ਉਦੋਂ ਤੱਕ ਸੂਬੇ ਤਰੱਕੀ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਜਿੰਨੀ ਤਰੱਕੀ ਕਰ ਲਈ ਹੈ, ਉਹ ਸੀਮਿਤ ਸਾਧਨਾਂ ਦੇ ਬਾਵਜੂਦ ਆਪਣੇ ਬਲਬੂਤੇ, ਹਿੰਮਤ ਅਤੇ ਦ੍ਰਿੜ ਇਰਾਦੇ ਦੇ ਸਦਕਾ ਕੀਤੀ ਹੈ।
ਸੂਬੇ ਦੀ ਤਰੱਕੀ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਪੰਜਾਬ ਵਿੱਚ ਅਮਨ-ਸ਼ਾਂਤੀ, ਭਾਈਚਾਰਕ ਸਾਂਝ ਅਤੇ ਫ਼ਿਰਕੂ ਸਦਭਾਵਨਾ ਨੂੰ ਕਾਇਮ ਰੱਖਣਾ ਹੈ, ਜਿਸ ਤੋਂ ਬਿਨਾਂ ਤਰੱਕੀ ਜਾਂ ਵਿਕਾਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਨੇ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਵਿੱਚ ਪੰਜਾਬ ਵੱਲੋਂ ਮੁਲਕ ਭਰ ਵਿੱਚ ਹਾਸਲ ਕੀਤੇ ਮੋਹਰੀ ਸਥਾਨ ਦੀ ਚਰਚਾ ਕਰਦਿਆਂ ਆਖਿਆ ਕਿ ਇਹ ਸਭ ਕੁੱਝ ਤਾਂ ਹੀ ਸੰਭਵ ਹੋ ਸਕਿਆ ਹੈ ਜੇਕਰ ਪੰਜਾਬ ਵਿੱਚ ਅਮਨ-ਸ਼ਾਂਤੀ ਕਾਇਮ ਰਹੀ ਹੈ।
ਸ. ਬਾਦਲ ਨੇ ਪਰਵਾਸੀ ਡੈਲੀਗੇਟਾਂ ਨੂੰ ਭਰੋਸਾ ਦਿੱਤਾ ਕਿ ਪਿਛਲੇ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਨ੍ਹਾਂ ਵੱਲੋਂ ਆਏ ਸੁਝਾਵਾਂ ਅਤੇ ਦੱਸੀਆਂ ਗਈਆਂ ਮੁਸ਼ਕਲਾਂ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਨੇ ਮੌਕੇ ‘ਤੇ ਹਾਜ਼ਰ ਸਬੰਧਿਤ ਸਰਕਾਰੀ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਬਾਰੇ ਤੁਰੰਤ ਠੋਸ ਤਜਵੀਜ਼ਾਂ ਬਣਾ ਕੇ ਉਨ੍ਹਾਂ ਨੂੰ ਦੇਣ।
ਪੰਜਾਬ ਦੇ ਗੌਰਵਮਈ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਪੰਜਾਬ ਸਰਕਾਰ ਵੱਲੋਂ ਇਸ ਮੰਤਵ ਲਈ ਸਥਾਪਤ ਕੀਤੀਆਂ ਵਿਰਾਸਤ-ਏ-ਖਾਲਸਾ ਵਰਗੀਆਂ ਯਾਦਗਾਰਾਂ ਦਾ ਜ਼ਿਕਰ ਕਰਦਿਆਂ ਪਰਵਾਸੀ ਪੰਜਾਬੀਆਂ ਨੂੰ ਆਖਿਆ ਕਿ ਉਹ ਆਪਣੇ ਬੱਚਿਆਂ ਨੂੰ ਇਹ ਯਾਦਗਾਰਾਂ ਵਿਖਾਉਣ ਲਈ ਜ਼ਰੂਰ ਲੈ ਕੇ ਆਉਣ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਯਾਦਗਾਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਯਾਦਗਾਰ ਅਤੇ ਫ਼ਤਿਹਗੜ੍ਹ ਸਾਹਿਬ ਵਿਖੇ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਦੀ ਸਥਾਪਨਾ ਵੀ ਕੀਤੀ ਜਾ ਰਹੀ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਵਿਰਸੇ ਬਾਰੇ ਸੁਚੇਤ ਹੋ ਸਕੇ।
ਸ. ਬਾਦਲ ਨੇ ਇਸ ਮੌਕੇ ਪਰਵਾਸੀ ਪੰਜਾਬੀਆਂ ਨਾਲ ਪਿਛਲੇ ਸੰਮੇਲਨ ਦੌਰਾਨ ਕੀਤੇ ਵਾਅਦਿਆਂ ਦੀ ਪੂਰਤੀ, ਉਨ੍ਹਾਂ ਦੀਆਂ ਆਸਾਂ ਤੇ ਉਮੰਗਾਂ ‘ਤੇ ਪੂਰਾ ਉੱਤਰਨ ਅਤੇ ਉਨ੍ਹਾਂ ਦਾ ਵਿਸ਼ਵਾਸ ਜਿੱਤਣ ਲਈ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਭਰਵੀਂ ਸ਼ਲਾਘਾ ਕੀਤੀ।
ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਵਿਦੇਸ਼ਾਂ ਵਿਚ ਵੱਸਦੇ ਪੰਜਾਬੀ ਪੰਜਾਬ ਦੇ ਸੱਚੇ ਦੂਤ ਹਨ ਤੇ ਉਨ੍ਹਾਂ ਆਪਣੀ ਕਰੜੀ ਮਿਹਨਤ ਨਾਲ ਦੂਜੇ ਦੇਸ਼ਾਂ ਦੀ ਤਰੱਕੀ ਵਿਚ ਮੋਹਰੀ ਰੋਲ ਨਿਭਾਉਣ ਦੇ ਨਾਲ-ਨਾਲ ਪੰਜਾਬ ਦਾ ਨਾਂ ਦੁਨੀਆਂ ਭਰ ਵਿਚ ਚਮਕਾਇਆ ਹੈ।
ਪੰਜਾਬ ਦੀ ਤਰੱਕੀ ਤੇ ਮਾਲੀ ਸਥਿਤੀ ਬਾਰੇ ਇਕ ਵਿਸਥਾਰਤ ਪੇਸ਼ਕਾਰੀ ਰਾਹੀਂ ਪਰਵਾਸੀ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ, ‘ਅਸੀਂ ਸੂਬੇ ਦੀਆਂ ਕਮਜ਼ੋਰੀਆਂ ਤੇ ਤਾਕਤਾਂ ਨੂੰ ਧਿਆਨ ਵਿਚ ਰੱਖਦਿਆਂ ਜਿਹੜੇ ਨਿਸ਼ਾਨੇ ਮਿਥੇ ਸਨ, ਉਨ੍ਹਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ’। ਉਨ੍ਹਾਂ ਕਿਹਾ ਕਿ ਪਹਿਲਾ ਕੰਮ ਇਸ ਧਾਰਨਾ ਨੂੰ ਬਦਲਣਾ ਸੀ ਕਿ ਪੰਜਾਬ ਕੇਵਲ ਖੇਤੀ ਖੇਤਰ ਵਿਚ ਹੀ ਮੋਹਰੀ ਹੈ, ਜਿਸ ਨੂੰ ਕਿ ਅਸੀਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਨਾਲ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੌਰਾਨ ਵੱਡੇ ਉਦਯੋਗਿਕ ਘਰਾਣਿਆਂ ਵੱਲੋਂ ੬੫੦੦੦ ਕਰੋੜ ਰੁਪਏ ਦੇ ਨਿਵੇਸ਼ ਸਬੰਧੀ ਸਮਝੌਤੇ ਕਰਨ ਨਾਲ ਪੰਜਾਬ ਦੇ ਉਦਯੋਗੀਕਰਨ ਦਾ ਮੁੱਢ ਬੱਝ ਗਿਆ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦੇ ਅਗਲੇ ਆਈ.ਟੀ. ਹੱਬ ਵਜੋਂ ਉੱਭਰ ਰਿਹਾ ਹੈ ਤੇ ਅਗਲੇ ੩ ਸਾਲਾਂ ਦੌਰਾਨ ੨ ਤੋਂ ੩ ਲੱਖ ਨੌਜਵਾਨਾਂ ਨੂੰ ਆਈ.ਟੀ. ਖੇਤਰ ਵਿਚ ਰੋਜ਼ਗਾਰ ਮਿਲੇਗਾ।
ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਸੱਦਾ ਦੇਣ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਬੁਨਿਆਦੀ ਢਾਂਚੇ ਤੇ ਪ੍ਰਸ਼ਾਸ਼ਕੀ ਸੁਧਾਰਾਂ ਨੂੰ ਪਹਿਲ ਦਿੱਤੀ ਗਈ ਜਿਸ ਨਾਲ ਅਸੀਂ ਨਿਵੇਸ਼ਕਾਂ ਦੀ ਧਾਰਨਾ ਕਿ ਸਰਕਾਰੀ ਕੰਮ ਜਲਦੀ ਨਹੀਂ ਹੁੰਦੇ ਨੂੰ ਵੀ ਤੋੜਨ ਵਿਚ ਕਾਮਯਾਬ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਡੀ ਨੀਤੀ ਨਾਗਰਿਕਾਂ ਨਾਲ ਵਿਸ਼ਵਾਸ ‘ਤੇ ਰਿਆਇਤਾਂ ‘ਤੇ ਆਧਾਰਿਤ ਹੈ ਜਿਸ ਰਾਹੀਂ ਨਿਵੇਸ਼ਕਾਂ ਨੂੰ ਵੈਟ, ਕੇਂਦਰੀ ਸੇਲ ਟੈਕਸ, ਬਿਜਲੀ ਡਿਊਟੀ, ਸਟੈਂਪ ਡਿਊਟੀ ਅਤੇ ਜਾਇਦਾਦ ਕਰ ਵਿਚ ਵੱਡੀ ਛੋਟ ਦਿੱਤੀ ਗਈ ਹੈ।
‘ਮਿਸ਼ਨ ਪੰਜਾਬ’ ਬਾਰੇ ਬੋਲਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਸਾਲ ੨੦੧੪ ਦੌਰਾਨ ਸਾਰਾ ਸਰਕਾਰੀ ਕੰਮਕਾਜ ‘ਪੇਪਰ ਰਹਿਤ’ ਕਰਨ ਦੇ ਮਿਥੇ ਗਏ ਟੀਚੇ ਦੀ ਸ਼ੁਰੂਆਤ ਕਪੂਰਥਲਾ ਤੇ ਨਵਾਂਸ਼ਹਿਰ ਜ਼ਿਲ੍ਹਿਆਂ ਤੋਂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਤੇ ਪ੍ਰਸ਼ਾਸਕੀ ਸੁਧਾਰਾਂ ਦਾ ਕੰਮ ਵੀ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਗਲੇ ੩ ਸਾਲਾਂ ਦੌਰਾਨ ਪੰਜਾਬ ਦੇ ਸਾਰੇ ਸ਼ਹਿਰਾਂ ਨੂੰ ੪-੬ ਮਾਰਗੀ ਸੜਕਾਂ ਨਾਲ ਜੋੜਨ ਲਈ ੫੦,੦੦੦ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ ਤੇ ਨਾਲ ਹੀ ੧੦੦ ਫੀਸਦੀ ਪਾਣੀ ਤੇ ਸੀਵਰੇਜ ਸਹੂਲਤਾਂ ਦਿੱਤੀਆਂ ਜਾਣਗੀਆਂ।
ਸੂਬੇ ਦੀ ਵਿੱਤੀ ਸਿਹਤ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਕੇ ਪੰਜਾਬ ਨੂੰ ਬਦਨਾਮ ਕਰਨ ਲਈ ਕਾਂਗਰਸ ‘ਤੇ ਵਰ੍ਹਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਕੋਲ ਦੇਸ਼ ਦਾ ਕੇਵਲ ੨.੫ ਫੀਸਦਗੀ ਖੇਤਰ ਹੈ ਪਰ ਦੇਸ਼ ਦੇ ਕੁੱਲ ਘਰੇਲੂ ਉਤਪਾਦ ਵਿਚ ਪੰਜਾਬ ਦਾ ਹਿੱਸਾ ੩.੨੩ ਫੀਸਦੀ ਹੈ। ਉੁਨ੍ਹਾਂ ਕਿਹਾ ਕਿ ਜਿੱਥੇ ਸਾਰਾ ਵਿਸ਼ਵ ਮੰਦੇ ਦੀ ਮਾਰ ਹੇਠ ਹੈ, ਉੱਥੇ ਪੰਜਾਬ ਵਿੱਚ ਕਰਾਂ ਤੋਂ ਆਮਦਨ ਲਗਾਤਾਰ ਵਧ ਰਹੀ ਹੈ ਅਤੇ ਇਹ ਅਗਲੇ ੩ ਸਾਲਾਂ ਦੌਰਾਨ ੪੫ ਹਜ਼ਾਰ ਕਰੋੜ ਰੁਪਏ ਹੋ ਜਾਵੇਗੀ।
ਸੂਬੇ ਸਿਰ ਕਰਜ਼ੇ ਬਾਰੇ ਪਰਵਾਸੀ ਪੰਜਾਬੀਆਂ ਨੂੰ ਜਾਣਕਾਰੀ ਦਿੰਦਿਆਂ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਸਾਲ ੨੦੦੬ ਵਿਚ ਕਾਂਗਰਸ ਸਰਕਾਰ ਵੇਲੇ ਰਾਜ ਸਿਰ ਕਰਜ਼ਾ ਕੁੱਲ ਘਰੇਲੂ ਉਤਪਾਦ ਦਾ ੪੭ ਫੀਸਦੀ ਸੀ ਜੋ ਕਿ ੨੦੧੩-੧੪ ਦੌਰਾਨ ਘਟ ਕੇ ੩੨ ਫੀਸਦੀ ਰਹਿ ਗਿਆ ਹੈ, ਜਦਕਿ ਦੂਜੇ ਪਾਸੇ ਕੇਂਦਰ ਸਰਕਾਰ ਦੇ ਮਾਮਲੇ ਵਿਚ ਇਹ ੬੮ ਫੀਸਦੀ ਹੈ। ਉਨ੍ਹਾਂ ਕਿਹਾ ਕਿ ਅਗਲੇ ੩ ਸਾਲਾਂ ਦੌਰਾਨ ਇਹ ਹਿੱਸਾ ੨੦ ਫੀਸਦੀ ਤੋਂ ਹੇਠਾਂ ਲਿਆਂਦਾ ਜਾਵੇਗਾ।
ਉਪ ਮੁੱਖ ਮੰਤਰੀ ਨੇ ਨਾਲ ਹੀ ਐਲਾਨ ਕੀਤਾ ਕਿ ਸਿੱਖੀ ਦੇ ਧੁਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ੨੦੦੦ ਕਰੋੜ ਰੁਪਏ ਖ਼ਰਚ ਕਰਕੇ ਬਿਲਕੁਲ ਨਵੀਂ ਦਿੱਖ ਦਿੱਤੀ ਜਾਵੇਗੀ।
ਪਿਛਲੇ ਐਨ.ਆਰ.ਆਈ. ਸੰਮੇਲਨ ਦੌਰਾਨ ਪਰਵਾਸੀ ਪੰਜਾਬੀਆਂ ਵਲੋਂ ਉਠਾਈਆਂ ਗਈਆਂ ਸਮੱਸਿਆਵਾਂ ਬਾਰੇ ਸ. ਬਾਦਲ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਬਹੁਤੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀਆਂ ਲਈ ਨਵਾਂ ਵੈੱਬ ਪੋਰਟਲ ਸ਼ੁਰੂ ਕਰਨ ਦੇ ਨਾਲ-ਨਾਲ, ਧੋਖੇਬਾਜ਼ ਲਾੜਿਆਂ ਨੂੰ ਨੱਥ ਪਾਉਣ ਲਈ ਕੰਪਲਸਰੀ ਮੈਰਿਜ਼ ਰਜਿਸਟ੍ਰੇਸ਼ਨ ਐਕਟ ਤੇ ਮਾਲਟਾ ਕਾਂਡ ਜਿਹੇ ਹਾਦਸਿਆਂ ਨੂੰ ਰੋਕਣ ਲਈ ਮਨੁੱਖੀ ਤਸਕਰੀ ਵਿਰੋਧੀ ਕਾਨੂੰਨ ਪਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ‘ਚ ਰਾਖਵੇਂਕਰਨ, ਪੁੱਡਾ, ਗਲਾਡਾ ਆਦਿ ਦੀਆਂ ਕਾਲੋਨੀਆਂ ਵਿਚ ੧੦ ਫੀਸਦੀ ਪਲਾਟ ਰਾਖਵੇਂ ਕਰਨ ਆਦਿ ਜਿਹੇ ਕਦਮ ਵੀ ਚੁੱਕੇ ਗਏ ਹਨ। ਪਰਵਾਸੀ ਪੰਜਾਬੀਆਂ ਦੇ ਸਿਵਲ ਕੇਸਾਂ ਦੀ ਸੁਣਵਾਈ ਲਈ ਜਲੰਧਰ ਵਿਖੇ ਵਿਸ਼ੇਸ਼ ਐਨ.ਆਰ.ਆਈ. ਅਦਾਲਤ ਦੀ ਸਥਾਪਨਾ ਨੂੰ ਪੰਜਾਬ ਦੇ ਹਰਿਆਣਾ ਹਾਈਕੋਰਟ ਵਲੋਂ ਮਨਜ਼ੂਰੀ ਮਿਲਣ ਪਿੱਛੋਂ ਸ. ਬਾਦਲ ਨੇ ਐਲਾਨ ਕੀਤਾ ਕਿ ੩ ਹੋਰ ਅਜਿਹੀਆਂ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ।
ਪਰਵਾਸੀ ਪੰਜਾਬੀਆਂ ਨੂੰ ਪੰਜਾਬ ਦੀ ਤਰੱਕੀ ਵਿਚ ਵੱਡੇ ਭਾਈਵਾਲ ਬਣਨ ਦਾ ਸੱਦਾ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਸੂਬੇ ਵਿਚ ਨਿਵੇਸ਼ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਮੋਹਰੀ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਨਿਵੇਸ਼ ਲਈ ਦੇਸ਼ ਦਾ ਸਭ ਤੋਂ ਪਸੰਦੀਦਾ ਸੂਬਾ ਬਣ ਗਿਆ ਹੈ ਤੇ ਅਗਲੇ ੩ ਸਾਲਾਂ ਦੌਰਾਨ ਪੰਜਾਬ ਦਾ ਮੂੰਹ ਮੁਹਾਂਦਰਾ ਬਦਲ ਜਾਵੇਗਾ।
ਇਸ ਤੋਂ ਪਹਿਲਾਂ ਪੰਜਾਬ ਦੇ ਮਾਲ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ‘ਤੇ ਸਾਰੇ ਪਰਵਾਸੀਆਂ ਨੂੰ ਖੁਸ਼ਆਮਦੀਦ ਕਹਿੰਦਿਆਂ ਕਿਹਾ ਕਿ ਉਹ ਇਸ ਗੱਲੋਂ ਸੰਤੁਸ਼ਟ ਹਨ ਕਿ ਸਾਲ ੨੦੧੩ ਦੇ ਸੰਮੇਲਨ ਦੌਰਾਨ ਕੀਤੇ ਗਏ ਵਾਅਦਿਆਂ ਵਿਚੋਂ ਜ਼ਿਆਦਾਤਰ ਪੂਰੇ ਹੋ ਚੁੱਕੇ ਹਨ। ਵਿਦੇਸ਼ਾਂ ਵਿਚ ਪੰਜਾਬੀਆਂ ‘ਤੇ ਗਲਤ ਪਛਾਣ ਕਾਰਨ ਹੋ ਰਹੇ ਹਮਲਿਆਂ ਉੱਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਵਿਦੇਸ਼ੀ ਮੁਲਕਾਂ ਦੇ ਮੂਲ ਵਾਸੀਆਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਏ ਨਿਵੇਸ਼ਕ ਸੰਮੇਲਨ ਨਾਲ ਪੰਜਾਬ, ਨਿਵੇਸ਼ਕਾਂ ਦੇ ਏਜੰਡੇ ‘ਤੇ ਆ ਗਿਆ ਹੈ, ਜਿਸ ਦੇ ਨਤੀਜੇ ਜਲਦ ਸਾਹਮਣੇ ਆਉਣਗੇ। ਪਰਵਾਸੀ ਪੰਜਾਬੀਆਂ ਦੀ ਮਿਹਨਤ ਤੇ ਸਿਰੜ ਨੂੰ ਮਹਾਨ ਗੀਤਕਾਰ ਸ੍ਰੀ ਬਾਬੂ ਸਿੰਘ ਮਾਨ ਵੱਲੋਂ ਲਿਖੀਆਂ ਸਤਰਾਂ ਨਾਲ ਸਿਜਦਾ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਪਰਵਾਸੀ ਪੰਜਾਬੀਆਂ ਲਈ ਚੁੱਕੇ ਕਦਮਾਂ ਨਾਲ ਸਾਰੇ ਦੇਸ਼ ਲਈ ਰਾਹ ਦਸੇਰਾ ਬਣ ਗਿਆ ਹੈ।
ਇਸ ਮੌਕੇ ਕੈਨੇਡਾ ਦੇ ਬਹੁ-ਸੱਭਿਆਚਾਰ ਮਾਮਲਿਆਂ ਦੇ ਮੰਤਰੀ ਟਿੰਮ ਉੱਪਲ ਤੇ ਖੇਡ ਰਾਜ ਮੰਤਰੀ ਬੱਲ ਗੋਸਲ, ਨਿਊਜ਼ੀਲੈਂਡ ਦੇ ਸੰਸਦ ਮੈਂਬਰ ਕੰਵਲਜੀਤ ਸਿੰਘ ਬਖਸ਼ੀ, ਪਾਕਿਸਤਾਨੀ ਪੰਜਾਬ ਦੇ ਵਿਧਾਇਕ ਰਮੇਸ਼ ਸਿੰਘ ਅਰੋੜਾ, ਕੈਨੇਡਾ ਦੇ ਸਾਬਕਾ ਸੰਸਦ ਮੈਂਬਰ ਹਰਿੰਦਰ ਸਿੰਘ ਤੱਖਰ, ਮਲੇਸ਼ੀਅਨ ਰਾਸ਼ਟਰਪਤੀ ਦੇ ਸਲਾਹਕਾਰ ਦਲਜੀਤ ਸਿੰਘ ਧਾਲੀਵਾਲ, ਲਾਰਡ ਦਲਜੀਤ ਸਿੰਘ ਰਾਣਾ, ਰਜਨੀ ਪਟੇਲ ਯੂ.ਕੇ. , ਕੈਨੇਡਾ ਦੇ ਸਾਬਕਾ ਮੰਤਰੀ ਗੁਰਬਖਸ਼ ਸਿੰਘ ਮੱਲ੍ਹੀ ਨੇ ਵੀ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਤੇ ਵਿਸ਼ੇਸ਼ ਕਰਕੇ ਪਰਵਾਸੀ ਪੰਜਾਬੀਆਂ ਲਈ ਚੁੱਕੇ ਕਦਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ , ਰਾਜ ਸਭਾ ਮੈਂਬਰ ਸ., ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ, ਸੁਰਜੀਤ ਸਿੰਘ ਰੱਖੜਾ, ਸਰਵਣ ਸਿੰਘ ਫਿਲੌਰ, ਸ਼ਰਨਜੀਤ ਸਿੰਘ ਢਿੱਲੋਂ, ਪਰਮਿੰਦਰð ਢਿੰਡਸਾ ਤੇ ਵਿਧਾਇਕ ਵੀ ਹਾਜ਼ਰ ਸਨ।
Indian News ਪੰਜਾਬ ਨੂੰ ਦੁਨੀਆਂ ਦਾ ਬਿਹਤਰੀਨ ਸੂਬਾ ਬਣਾਉਣ ਲਈ ਪਰਵਾਸੀ ਪੰਜਾਬੀ ਸਰਗਰਮ ਸਹਿਯੋਗ...