ਆਪ 92, ਕਾਂਗਰਸ 18, ਅਕਾਲੀ-ਬਸਪਾ ਗੱਠਜੋੜ 4, ਭਾਜਪਾ ਗੱਠਜੋੜ 2 ਸੀਟਾਂ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ
ਚੰਡੀਗੜ੍ਹ, 10 ਮਾਰਚ – ਪੰਜਾਬ ਵਿੱਚ 16ਵੀਂ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਸੂਬੇ ਵਿੱਚ ਵੱਡੀ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਇਤਿਹਾਸਕ ਜਿੱਤ ਦਾ ਸਿਹਰਾ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੂਬੇ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਦੇ ਸਿਰ ਬੱਝਦਾ ਹੈ। ਹੁਣ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸੂੰਹ ਚੁੱਕਣਗੇ। ਸੂਬੇ ਭਰ ‘ਚੋਂ ਪਾਰਟੀ ਤੇ ਧੂਰੀ ਹਲਕੇ ਤੋਂ ਆਪਣੀ ਜਿੱਤ ਤੋਂ ਬਾਅਦ ਆਪਣੇ ਪਹਿਲੇ ਸੁਨੇਹੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਖਟਕੜ ਕਲਾਂ ਵਿੱਚ ਸੂੰਹ ਚੁੱਕੇਗੀ। ਉਨ੍ਹਾਂ ਕਿਹਾ ਕਿ ਸੂੰਹ ਚੁੱਕ ਸਮਾਗਮ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਸੂਬੇ ਵਿੱਚ 20 ਫਰਵਰੀ ਨੂੰ ਹੋਈ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਹੈ ਅਤੇ ਸੂਬੇ ਦੀਆਂ ਰਵਾਇਤੀ ਪਾਰਟੀਆਂ ਨੂੰ ਜਿੱਥੇ ਮਾਤ ਦਿੱਤੀ ਉੱਥੇ ਹੀ ਆਪ ਦੇ ਉਮੀਦਵਾਰਾਂ ਨੇ ਸੂਬੇ ਦੇ ਵੱਡੇ-ਵੱਡੇ ਸਿਆਸੀ ਆਗੂਆਂ ਨੂੰ ਹਰਾਇਆ ਹੈ। ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ ਚੋਣਾਂ ਦੇ ਨਤੀਜਿਆਂ ਵਿੱਚ ਆਪ 92, ਕਾਂਗਰਸ 18, ਅਕਾਲੀ-ਬਸਪਾ ਗੱਠਜੋੜ 4, ਭਾਜਪਾ ਗੱਠਜੋੜ 2 ਸੀਟਾਂ ਅਤੇ 1 ਸੀਟ ‘ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਸੂਬੇ ਦੀਆਂ ਰਵਾਇਤੀ ਪਾਰਟੀਆਂ ਦੇ ਹਾਰਨ ਵਾਲੇ ਪ੍ਰਮੁੱਖ ਸਿਆਸੀ ਆਗੂਆਂ ਵਿੱਚ ਪੰਜਾਬ ਦੇ ਦੋ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ (ਲੰਬੀ) ਤੇ ਕੈਪਟਨ ਅਮਰਿੰਦਰ ਸਿੰਘ (ਪਟਿਆਲਾ), ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (ਦੋਵੇਂ ਸੀਟਾਂ ਚਮਕੌਰ ਸਾਹਿਬ ਤੇ ਭਦੌੜ ਤੋਂ ਹਾਰੇ), ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (ਜਲਾਲਾਬਾਦ), ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (ਅੰਮ੍ਰਿਤਸਰ ਪੂਰਬੀ), ਬਿਕ੍ਰਮਜੀਤ ਸਿੰਘ ਮਜੀਠੀਆ (ਅੰਮ੍ਰਿਤਸਰ ਪੂਰਬੀ) ਆਦਿ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਨ੍ਹਾਂ ਤੋਂ ਇਲਾਵਾ ਹਾਰਨ ਵਾਲੀ ਹਰ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਵੱਡੇ ਚਿਹਰੇ ਹਨ, ਜਿਨ੍ਹਾਂ ਨੂੰ ਹਾਰ ਨਸੀਬ ਹੋਈ ਹੈ।
Home Page ਪੰਜਾਬ ਵਿਧਾਨ ਸਭਾ ਚੋਣਾਂ 2022: ਆਮ ਆਦਮੀ ਪਾਰਟੀ (ਆਪ) ਦੀ ਹਨੇਰੀ ਨੇ...